ਇੰਸ਼ੋਰੈਂਸ ਕੰਪਨੀ ਨੇ ਹਾਦਸਾਗ੍ਰਸਤ ਕਾਰ ਦਾ ਨਹੀਂ ਦਿੱਤਾ ਕਲੇਮ, ਹੁਣ ਦੇਵੇਗੀ 2,72,689 ਰੁਪਏ

Thursday, Mar 08, 2018 - 11:07 PM (IST)

ਇੰਸ਼ੋਰੈਂਸ ਕੰਪਨੀ ਨੇ ਹਾਦਸਾਗ੍ਰਸਤ ਕਾਰ ਦਾ ਨਹੀਂ ਦਿੱਤਾ ਕਲੇਮ, ਹੁਣ ਦੇਵੇਗੀ 2,72,689 ਰੁਪਏ

ਗੁਰਦਾਸਪੁਰ  (ਵਿਨੋਦ)-ਜ਼ਿਲਾ ਖਪਤਕਾਰ ਸੁਰੱਖਿਆ ਫੋਰਮ ਨੇ ਸ਼੍ਰੀ ਰਾਮ ਜਨਰਲ ਇੰਸ਼ੋਰੈਂਸ ਕੰਪਨੀ ਪਠਾਨਕੋਟ ਬ੍ਰਾਂਚ ਨੂੰ ਇਕ ਹਾਦਸਾਗ੍ਰਸਤ ਕਾਰ ਦਾ ਬਣਦਾ 2,64,689 ਰੁਪਏ ਦਾ ਮੁਆਵਜ਼ਾ ਸਮੇਤ 5 ਹਜ਼ਾਰ ਰੁਪਏ ਹਰਜਾਨਾ ਤੇ 3 ਹਜ਼ਾਰ ਰੁਪਏ ਅਦਾਲਤੀ ਖਰਚਾ ਪਟੀਸ਼ਨਕਰਤਾ ਨੂੰ 30 ਦਿਨਾਂ ਵਿਚ ਅਦਾ ਕਰਨ ਦਾ ਹੁਕਮ ਸੁਣਾਇਆ। 

ਕੀ ਹੈ ਮਾਮਲਾ
ਪਟੀਸ਼ਨਕਰਤਾ ਸੋਮ ਰਾਜ ਪੁੱਤਰ ਵਕੀਲਾ ਰਾਜ ਵਾਸੀ ਪਿੰਡ ਕੋਟਲਾ ਮੁਗਲਾਂ ਤਹਿਸੀਲ ਤੇ ਜ਼ਿਲਾ ਪਠਾਨਕੋਟ ਨੇ ਆਪਣੀ ਕਾਰ ਸ਼ੈਵਰਲੇ ਟਵੇਰਾ ਨੰਬਰ ਦੀ ਇੰਸ਼ੋਰੈਂਸ ਸ਼੍ਰੀ ਰਾਮ ਜਨਰਲ ਇੰਸ਼ੋਰੈਂਸ ਪਠਾਨਕੋਟ ਬ੍ਰਾਂਚ ਕੋਲ 17,154 ਰੁਪਏ ਪ੍ਰੀਮੀਅਮ ਅਦਾ ਕਰ ਕੇ ਕਰਵਾਈ ਸੀ। ਇੰਸ਼ੋਰੈਂਸ ਦੀ ਮਿਆਦ 22 ਸਤੰਬਰ 2015 ਤੋਂ 21 ਸਤੰਬਰ 2016 ਤੱਕ ਸੀ। ਉਸ ਦੇ ਕੋਲ ਯੋਗ ਡਰਾਈਵਿੰਗ ਲਾਇਸੈਂਸ ਵੀ ਸੀ, ਜੋ 20 ਮਾਰਚ 2017 ਤਕ ਲਈ ਵੈਲਿਡ ਸੀ ਪਰ ਪਟੀਸ਼ਨਕਰਤਾ ਦੀ ਕਾਰ 18 ਸਤੰਬਰ 2016 ਨੂੰ ਤਾਰਾਗੜ੍ਹ ਤੋਂ ਪਠਾਨਕੋਟ ਜਾਂਦੇ ਸਮੇਂ ਰਸਤੇ ਵਿਚ ਪਸ਼ੂਆਂ ਨੂੰ ਬਚਾਉਂਦਿਆਂ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਨਾਲ ਕਾਰ ਦਾ ਕਾਫੀ ਨੁਕਸਾਨ ਹੋਇਆ। ਇਸ ਸਬੰਧੀ ਇੰਸ਼ੋਰੈਂਸ ਕੰਪਨੀ ਨੂੰ ਕਾਰ ਦੇ ਹਾਦਸਾਗ੍ਰਸਤ ਹੋਣ ਦੀ ਵਿਧੀਪੂਰਵਕ ਜਾਣਕਾਰੀ ਵੀ ਦਿੱਤੀ ਗਈ। ਪੁਲਸ ਸਟੇਸ਼ਨ ਵਿਚ ਐੱਫ. ਆਈ. ਆਰ. ਵੀ ਦਰਜ ਕਰਵਾਈ ਗਈ, ਜਿਸ ਤੋਂ ਬਾਅਦ ਕਾਰ ਨੂੰ ਵਰਕਸ਼ਾਪ ਵਿਚ ਮੁਰੰਮਤ ਲਈ ਭੇਜਿਆ ਗਿਆ ਅਤੇ ਉਥੇ ਕੰਪਨੀ ਦੇ ਸਰਵੇਅਰ ਵੱਲੋਂ ਜਾਂਚ ਕਰਨ ਤੋਂ ਬਾਅਦ ਕਾਰ ਦੀ ਮੁਰੰਮਤ ਹੋਈ, ਜਿਸ 'ਤੇ 2,64,689 ਰੁਪਏ ਖਰਚ ਆਇਆ ਪਰ ਇੰਸ਼ੋਰੈਂਸ ਕੰਪਨੀ ਨੇ ਪਟੀਸ਼ਨਕਰਤਾ ਨੂੰ ਬਣਦਾ ਕਲੇਮ ਦੇਣ ਲਈ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਕਾਰ ਦਾ ਐਕਸੀਡੈਂਟ ਨਹੀਂ ਹੋਇਆ ਹੈ, ਸਗੋਂ ਕਾਰ ਦਾ ਹਿਮਾਚਲ ਪ੍ਰਦੇਸ਼ ਵਿਚ ਸਾਮਾਨ ਚੋਰੀ ਹੋਇਆ ਸੀ। ਪ੍ਰੇਸ਼ਾਨ ਹੋ ਕੇ ਸੋਮ ਰਾਜ ਨੇ ਫੋਰਮ ਦਾ ਦਰਵਾਜ਼ਾ ਖੜਕਾਇਆ।

ਇਹ ਕਿਹਾ ਫੋਰਮ ਨੇ
ਦੋਵਾਂ ਪੱਖਾਂ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਫੋਰਮ ਪ੍ਰਧਾਨ ਨਵੀਨ ਪੁਰੀ ਨੇ ਇੰਸ਼ੋਰੈਂਸ ਕੰਪਨੀ ਨੂੰ ਹੁਕਮ ਦਿੱਤਾ ਕਿ ਪਟੀਸ਼ਨਕਰਤਾ ਦੀ ਕਾਰ ਦੀ ਮੁਰੰਮਤ ਦਾ ਪੂਰਾ ਬਿੱਲ ਸਮੇਤ 5 ਹਜ਼ਾਰ ਰੁਪਏ ਹਰਜਾਨਾ ਤੇ 3 ਹਜ਼ਾਰ ਰੁਪਏ ਅਦਾਲਤੀ ਖਰਚਾ ਪਟੀਸ਼ਨਕਰਤਾ ਨੂੰ 30 ਦਿਨਾਂ ਵਿਚ ਅਦਾ ਕੀਤਾ ਜਾਵੇ। ਜੇ ਇੰਸ਼ੋਰੈਂਸ ਕੰਪਨੀ ਤੈਅ ਸਮੇਂ ਵਿਚ ਰਾਸ਼ੀ ਅਦਾ ਨਹੀਂ ਕਰਦੀ ਤਾਂ ਉਸ ਨੂੰ ਹੁਕਮ ਜਾਰੀ ਹੋਣ ਦੀ ਮਿਤੀ ਤੋਂ 9 ਫੀਸਦੀ ਵਿਆਜ ਸਮੇਤ ਰਾਸ਼ੀ ਅਦਾ ਕਰਨੀ ਹੋਵੇਗੀ।


Related News