ਘਟਣਗੇ ਇਨ੍ਹਾਂ ਦਾਲਾਂ ਦੇ ਰੇਟ , ਸਰਕਾਰ ਨੇ ਦਰਾਮਦ ਨੂੰ ‘ਫ੍ਰੀ ਰੇਂਜ’ ਵਿਚ ਰੱਖਣ ਦਾ ਕੀਤਾ ਫੈਸਲਾ
Thursday, Mar 31, 2022 - 10:55 AM (IST)
ਨਵੀਂ ਦਿੱਲੀ (ਇੰਟ.) – ਘਰੇਲੂ ਸਪਲਾਈ ਵਧਾਉਣ ਅਤੇ ਕੀਮਤਾਂ ਨੂੰ ਕੰਟਰੋਲ ’ਚ ਰੱਖਣ ਲਈ ਕੇਂਦਰ ਸਰਕਾਰ ਨੇ ਮਾਰਚ 2023 ਤੱਕ ਅਰਹਰ ਅਤੇ ਮਾਂਹ ਦੀ ਦਾਲ ਦੀ ਦਰਾਮਦ ਨੂੰ ‘ਫ੍ਰੀ ਰੇਂਜ’ ਵਿਚ ਰੱਖਣ ਦਾ ਫੈਸਲਾ ਕੀਤਾ ਹੈ। ‘ਫ੍ਰੀ ਰੇਂਜ’ ਵਿਚ ਪਾਏ ਜਾਣ ਦਾ ਮਤਲਬ ਹੈ ਕਿ ਇਨ੍ਹਾਂ ਦਾਲਾਂ ਦੀ ਦਰਾਮਦ ’ਤੇ ਕੋਈ ਪਾਬੰਦੀ ਨਹੀਂ ਹੋਵੇਗੀ। ਯਾਨੀ ਦਾਲਾਂ ਦੇ ਰੇਟ ਘਟਣ ਦੇ ਆਸਾਰ ਹਨ।
ਇਹ ਵੀ ਪੜ੍ਹੋ : ਏਲੋਨ ਮਸਕ ਖ਼ੁਦ ਨੂੰ ਨਹੀਂ ਸਗੋਂ ਪੁਤਿਨ ਨੂੰ ਮੰਨਦੇ ਹਨ ਦੁਨੀਆ ਦਾ ਨੰਬਰ-1 ਵਿਅਕਤੀ, ਜਾਣੋ ਵਜ੍ਹਾ
ਸਰਕਾਰ ਨੇ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਘਰੇਲੂ ਉਪਲਬਧਤਾ ਵਧਾਉਣ ਅਤੇ ਜ਼ਰੂਰੀ ਖੁਰਾਕੀ ਵਸਤਾਂ ਦੀਆਂ ਕੀਮਤਾਂ ਨੂੰ ਕੰਟਰੋਲ ’ਚ ਰੱਖਣ ਦੇ ਸਰਗਰਮ ਕਦਮ ਤਹਿਤ ਕੇਂਦਰ ਨੇ 31 ਮਾਰਚ 2023 ਤੱਕ ਅਰਹਰ ਅਤੇ ਮਾਂਹ ਦੀ ਦਾਲ ਦੀ ਦਰਾਮਦ ਨੂੰ ‘ਫ੍ਰੀ ਰੇਂਜ’ ਦੇ ਤਹਿਤ ਰੱਖਣ ਦੇ ਫੈਸਲੇ ਨੂੰ ਨੋਟੀਫਾਈਡ ਕੀਤਾ। ਸਰਕਾਰ ਮੁਤਾਬਕ ਇਸ ਨੀਤੀਗਤ ਉਪਾਅ ਨੂੰ ਸਬੰਧਤ ਵਿਭਾਗਾਂ ਅਤੇ ਸੰਗਠਨਾਂ ਵਲੋਂ ਸਹੂਲਤ ਭਰਪੂਰ ਉਪਾਅ ਅਤੇ ਇਸ ਨੂੰ ਲਾਗੂ ਕਰਨ ਦੀ ਬਾਰੀਕੀ ਨਾਲ ਨਿਗਰਾਨੀ ਨਾਲ ਸਹਿਯੋਗ ਦਿੱਤਾ ਗਿਆ ਹੈ।
ਦਰਾਮਦ ਨੀਤੀ ਵਿਵਸਥਾ ਸਬੰਧੀ ਅਟਕਲਾਂ ’ਤੇ ਰੋਕ
ਇਸ ਫੈਸਲੇ ਨੇ ਅਗਲੇ ਵਿੱਤੀ ਸਾਲ ’ਚ (ਅਰਹਰ) ਅਤੇ ਮਾਂਹ ਲਈ ਦਰਾਮਦ ਨੀਤੀ ਵਿਵਸਥਾ ਨਾਲ ਜੁੜੀਆਂ ਅਟਕਲਾਂ ’ਤੇ ਰੋਕ ਲਗਾ ਦਿੱਤੀ ਹੈ। ਇਹ ਨੀਤੀ ਇਕ ਸਥਿਰ ਵਿਵਸਥਾ ਦਾ ਵੀ ਸੰਕੇਤ ਦਿੰਦੀ ਹੈ। ਇਸ ਨੀਤੀ ਨਾਲ ਸਾਰੇ ਸ਼ੇਅਰਧਾਰਕਾਂ ਨੂੰ ਫਾਇਦਾ ਪਹੁੰਚਣ ਦੀ ਉਮੀਦ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਉਪਾਅ ਨਾਲ ਦੇਸ਼ ’ਚ ਦਾਲਾਂ ਦੀ ਉਪਲਬਧਤਾ ਵਧਾਉਣ ਲਈ ਇਨ੍ਹਾਂ ਦੀ ਨਿਰਵਿਘਨ ਦਰਾਮਦ ਯਕੀਨੀ ਕੀਤੀ ਜਾ ਸਕੇਗੀ। ਜ਼ਿਕਰਯੋਗ ਹੈ ਕਿ ਦਾਲਾਂ ਦੀ ਉਪਲਬਧਤਾ ’ਚ ਵਾਧੇ ਨਾਲ ਇਨ੍ਹਾਂ ਦੇ ਰੇਟ ਘਟਣਗੇ ਅਤੇ ਇਸ ਦਾ ਸਿੱਧਾ ਫਾਇਦਾ ਖਪਤਕਾਰਾਂ ਨੂੰ ਪਹੁੰਚੇਗਾ।
ਇਹ ਵੀ ਪੜ੍ਹੋ : ਤਿੰਨ ਸਾਲਾਂ 'ਚ 10 ਪਰਮਾਣੂ ਰਿਐਕਟਰ ਦਾ ਨਿਰਮਾਣ ਕਰੇਗਾ ਭਾਰਤ, 1.05 ਲੱਖ ਕਰੋੜ ਰੁਪਏ ਦੀ ਆਵੇਗੀ ਲਾਗਤ
ਪਿਛਲੇ ਸਾਲ ਵੀ ‘ਮੁਕਤ ਸ਼੍ਰੇਣੀ’ ਵਿਚ ਸਨ ਇਹ ਦਾਲਾਂ
ਦਰਅਸਲ ਕੇਂਦਰ ਸਰਕਾਰ ਨੇ 15 ਮਈ 2021 ਤੋਂ ਅਰਹਰ, ਮਾਂਹ ਅਤੇ ਮੂੰਗ ਦੀ ਦਰਾਮਦ ਨੂੰ ‘ਮੁਕਤ ਸ਼੍ਰੇਣੀ’ ਵਿਚ ਪਾ ਦਿੱਤਾ ਸੀ ਜੋ 31 ਅਕਤੂਬਰ 2021 ਤੱਕ ਵੈਲਿਡ ਸੀ। ਬਾਅਦ ’ਚ ਮੂੰਗ ਦਾਲ ਨੂੰ ਇਸ ਸ਼੍ਰੇਣੀ ਤੋਂ ਕੱਢ ਦਿੱਤਾ ਗਿਆ ਅਤੇ ਅਰਹਰ ਅਤੇ ਮਾਂਹ ਦੀ ਦਾਲ ਦੀ ਦਰਾਮਦ ਦੇ ਸਬੰਧ ’ਚ ਮੁਕਤ ਵਿਵਸਥਾ ਨੂੰ 31 ਮਾਰਚ 2022 ਤੱਕ ਵਧਾ ਦਿੱਤਾ ਗਿਆ।
ਮੌਜੂਦਾ ਰੇਟ
ਖਪਤਕਾਰ ਮਾਮਲਿਆਂ ਦੇ ਵਿਭਾਗ ਮੁਤਾਬਕ 28 ਮਾਰਚ ਨੂੰ 1 ਕਿਲੋਗ੍ਰਾਮ ਅਰਹਰ ਦਾਲ ਦਾ ਅਖਿਲ ਭਾਰਤੀ ਔਸਤ ਪ੍ਰਚੂਨ ਮੁੱਲ 102.99 ਰੁਪਏ ਸੀ ਜੋ ਪਿਛਲੇ ਸਾਲ ਦੇ 105.46 ਰੁਪਏ ਪ੍ਰਤੀ ਕਿਲੋ ਤੋਂ 2.4 ਫੀਸਦੀ ਘੱਟ ਹੈ। ਉੱਥੇ ਹੀ 1 ਕਿਲੋਗ੍ਰਾਮ ਮਾਂਹ ਦੀ ਦਾਲ ਦਾ ਅਖਿਲ ਭਾਰਤੀ ਔਸਤ ਪ੍ਰਚੂਨ ਮੁੱਲ 28 ਮਾਰਚ ਨੂੰ 104.30 ਰੁਪਏ ਪ੍ਰਤੀ ਕਿਲੋ ਸੀ ਜੋ ਪਿਛਲੇ ਸਾਲ ਦੀ ਇਸ ਦੀ ਕੀਮਤ 108.22 ਰੁਪਏ ਪ੍ਰਤੀ ਕਿਲੋ ਤੋਂ 3.62 ਫੀਸਦੀ ਘੱਟ ਹੈ।
ਇਹ ਵੀ ਪੜ੍ਹੋ : ਮਹਿੰਗਾਈ ਦਾ ਇੱਕ ਹੋਰ ਝਟਕਾ : ਪੈਰਾਸੀਟਾਮੋਲ ਸਮੇਤ 800 ਦਵਾਈਆਂ ਦੀਆਂ ਕੀਮਤਾਂ 'ਚ ਹੋਇਆ ਵੱਡਾ ਵਾਧਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।