ਸਰਕਾਰ ਦਾ ਸ਼ਿਕੰਜਾ, 35 ਵਿਦੇਸ਼ੀ ਬਰਾਂਚਾਂ ਹੋਣਗੀਆਂ ਬੰਦ
Saturday, Mar 03, 2018 - 08:09 AM (IST)
ਨਵੀਂ ਦਿੱਲੀ— ਪੰਜਾਬ ਨੈਸ਼ਨਲ ਬੈਂਕ ਸਮੇਤ ਹੋਰ ਬੈਂਕਾਂ 'ਚ ਹੋਏ ਮਹਾਘਪਲੇ ਤੋਂ ਬਾਅਦ ਕੇਂਦਰ ਸਰਕਾਰ ਨੇ ਆਪਣਾ ਸ਼ਿਕੰਜਾ ਕੱਸ ਦਿੱਤਾ ਹੈ। ਕੇਂਦਰ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਸਾਰੇ ਪ੍ਰਮੁੱਖ ਪੀ. ਐੱਸ. ਯੂ. (ਪਬਲਿਕ ਸੈਕਟਰ ਯੂਨਿਟ) ਬੈਂਕਾਂ ਦੀਆਂ ਵਿਦੇਸ਼ਾਂ 'ਚ ਸਥਿਤ ਕਰੀਬ 35 ਬ੍ਰਾਂਚਾਂ ਨੂੰ ਬੰਦ ਕਰਨ ਦਾ ਹੁਕਮ ਦੇ ਦਿੱਤਾ ਹੈ।
ਉੱਥੇ ਹੀ, 69 ਵਿਦੇਸ਼ੀ ਬਰਾਂਚਾਂ ਦੀ ਜਾਂਚ ਵੀ ਚੱਲ ਰਹੀ ਹੈ। ਇਸ ਦੇ ਇਲਾਵਾ ਘਾਟੇ 'ਚ ਚੱਲ ਰਹੀਆਂ ਬਰਾਂਚਾਂ ਨੂੰ ਵੀ ਬੰਦ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਬੈਂਕਿੰਗ ਸਕੱਤਰ ਰਾਜੀਵ ਕੁਮਾਰ ਨੇ ਟਵੀਟ ਕਰ ਕੇ ਦੱਸਿਆ ਕਿ ਸਾਰੇ ਪੀ. ਐੱਸ. ਯੂ. ਬੈਂਕਾਂ ਨੂੰ ਕਾਸਟ ਕਟਿੰਗ ਕਰਨ ਅਤੇ ਆਪ੍ਰੇਸ਼ਨ 'ਚ ਤਾਲਮੇਲ ਲਿਆਉਣ ਲਈ ਸਰਕਾਰ ਨੇ ਇਹ ਹੁਕਮ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਪੀ. ਐੱਨ. ਬੀ. ਘੋਟਾਲੇ ਦੇ ਬਾਅਦ ਇਕ-ਇਕ ਕਰਕੇ ਸਾਰੇ ਬੈਂਕਾਂ ਦੇ ਘਪਲੇ ਬਾਹਰ ਆ ਰਹੇ ਹਨ। ਸਰਕਾਰ ਇਸ ਗੱਲ ਤੋਂ ਚਿੰਤਤ ਹੈ ਕਿ ਸਾਲਾਂ ਤੋਂ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਹੋ ਰਹੇ ਘਪਲਿਆਂ ਨੂੰ ਬੈਂਕਾਂ ਦਾ ਅੰਦਰੂਨੀ ਸਿਸਟਮ ਪਛਾਣਨ 'ਚ ਅਸਫਲ ਰਿਹਾ। ਇਸ ਵਜ੍ਹਾ ਨਾਲ ਸਰਕਾਰ ਬੈਂਕਿੰਗ ਸਿਸਟਮ ਨੂੰ ਨਵੇਂ ਸਿਰੇ ਤੋਂ ਮਜ਼ਬੂਤ ਕਰਨਾ ਚਾਹੁੰਦੀ ਹੈ, ਜਿਸ ਨਾਲ ਭਵਿੱਖ 'ਚ ਬੈਂਕਾਂ 'ਚ ਵਧਦੇ ਘਪਲਿਆਂ ਅਤੇ ਐੱਨ. ਪੀ. ਏ. 'ਤੇ ਰੋਕ ਲਾਈ ਜਾ ਸਕੇ।
