ਮਈ ਮਹੀਨੇ ’ਚ ਹੁਣ ਤੱਕ ਦੇਸ਼ ਦੀ ਬਰਾਮਦ ਤੇਜ਼ੀ ਨਾਲ ਵਧੀ

05/25/2022 2:20:24 PM

ਨਵੀਂ ਦਿੱਲੀ–ਦੇਸ਼ ਦੀ ਬਰਾਮਦ ’ਚ ਤੇਜ਼ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਅਪ੍ਰੈਲ ’ਚ ਬਰਾਮਦ ’ਚ 30 ਫੀਸਦੀ ਦੀ ਤੇਜ਼ੀ ਦੇਖਣ ਤੋਂ ਬਾਅਦ ਹੁਣ ਮਈ ’ਚ ਵੀ ਬਰਾਮਦ ਨੇ ਰਫਤਾਰ ਬਰਕਰਾਰ ਰੱਖੀ ਹੋਈ ਹੈ। ਵੱਖ-ਵੱਖ ਖੇਤਰਾਂ ’ਚ ਚੰਗਾ ਵਾਧਾ ਹੋਣ ਕਾਰਨ 1-21 ਮਈ ਦੌਰਾਨ ਦੇਸ਼ ਦੀ ਬਰਾਮਦ 21.1 ਫੀਸਦੀ ਵਧ ਕੇ 23.7 ਅਰਬ ਡਾਲਰ ਹੋ ਗਈ।
ਇਕ ਅਧਿਕਾਰੀ ਨੇ ਉਕਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਦੌਰਾਨ ਪੈਟਰੋਲੀਅਮ ਉਤਪਾਦ, ਇੰਜੀਨੀਅਰਿੰਗ ਅਤੇ ਇਲੈਕਟ੍ਰਾਨਿਕ ਸਮਾਨ ਵਰਗੇ ਸੈਗਮੈਂਟ ’ਚ ਖਾਸ ਤੌਰ ’ਤੇ ਚੰਗਾ ਵਾਧਾ ਦੇਖਿਆ ਗਿਆ। ਚਾਲੂ ਮਹੀਨੇ ਦੇ ਦੂਜੇ ਹਫਤੇ (15-21 ਮਈ) ਦੌਰਾਨ ਬਰਾਮਦ ਲਗਭਗ 24 ਫੀਸਦੀ ਵਧ ਕੇ 8.03 ਅਰਬ ਡਾਲਰ ਰਹੀ। ਪੈਟਰੋਲੀਅਮ ਉਤਪਾਦਾਂ, ਇੰਜੀਨੀਅਰਿੰਗ ਅਤੇ ਇਲੈਕਟ੍ਰਾਨਿਕ ਸਮਾਨ ਦੀ ਬਰਾਮਦ ’ਚ 1-21 ਮਈ ਦੌਰਾਨ ਕ੍ਰਮਵਾਰ : 81.1 ਫੀਸਦੀ, 17 ਫੀਸਦੀ ਅਤੇ 44 ਫੀਸਦੀ ਦਾ ਵਾਧਾ ਹੋਇਆ। ਉਮੀਦ ਹੈ ਕਿ ਮਈ ਮਹੀਨੇ ’ਚ ਬਰਾਮਦ ਦੇ ਅੰਕੜੇ ਵਪਾਰ ਮੰਤਰਾਲਾ ਜੂਨ ’ਚ ਜਾਰੀ ਕਰੇਗਾ। ਇਸ ਤੋਂ ਪਹਿਲਾਂ ਅਪ੍ਰੈਲ ’ਚ ਬਰਾਮਦ 30.7 ਫੀਸਦੀ ਵਧ ਕੇ 40.19 ਅਰਬ ਡਾਲਰ ’ਤੇ ਪਹੁੰਚ ਗਈ ਸੀ।
ਪਿਛਲੇ ਮਹੀਨੇ ਸਾਲ-ਦਰ-ਸਾਲ ਆਧਾਰ ’ਤੇ ਬਰਾਮਦ ਅਤੇ ਦਰਾਮਦ ’ਚ ਵਾਧਾ ਮਜ਼ਬੂਤ ਰਿਹਾ। ਜਿੱਥੇ ਪਿਛਲੇ ਸਾਲ ਦੀ ਤੁਲਨਾ ’ਚ ਅਪ੍ਰੈਲ ’ਚ ਬਰਾਮਦ 24.2 ਫੀਸਦੀ ਵਧੀ, ਉੱਥੇ ਹੀ ਦਰਾਮਦ 26.6 ਫੀਸਦੀ ਵੱਧ ਰਹੀ। ਵਪਾਰ ਘਾਟਾ ਅਪ੍ਰੈਲ 2021 ਦੀ ਤੁਲਨਾ ’ਚ 31.2 ਫੀਸਦੀ ਵੱਧ ਸੀ।
ਦਰਾਮਦ ’ਚ ਪੈਟਰੋਲੀਅਮ ਅਤੇ ਕੱਚੇ ਉਤਪਾਦਾਂ ਦਾ ਵੱਡਾ ਹਿੱਸਾ
ਭਾਰਤ ਦੀ ਕੁੱਲ ਦਰਾਮਦ ਯਾਨੀ ਕੁੱਲ ਖਰੀਦਦਾਰੀ ’ਚ ਸਭ ਤੋਂ ਵੱਡਾ ਹਿੱਸਾ ਪੈਟਰੋਲੀਅਮ ਅਤੇ ਕੱਚੇ ਉਤਪਾਦਾਂ ਦਾ ਰਿਹਾ। ਯਾਨੀ ਪੈਟਰੋਲੀਅਮ ਦਰਾਮਦ ਨੇ ਦਰਾਮਦ ਦੇ ਅੰਕੜੇ ਨੂੰ ਵਧਾਉਣਾ ਜਾਰੀ ਰੱਖਿਆ। ਅਪ੍ਰੈਲ ’ਚ ਪੈਟਰੋਲੀਅਮ ਅਤੇ ਕੱਚੇ ਉਤਪਾਦਾਂ ਦੀ ਦਰਾਮਦ 33.5 ਫੀਸਦੀ ਰਹੀ। ਮੁੱਲ ਦੇ ਲਿਹਾਜ ਨਾਲ ਇਨ੍ਹਾਂ ਉਤਪਾਦਾਂ ’ਚੋਂ 19.51 ਬਿਲੀਅਨ ਡਾਲਰ ਦੀ ਦਰਾਮਦ ਪਿਛਲੇ ਮਹੀਨੇ ਕੀਤੀ ਗਈ ਸੀ ਜੋ ਸਾਲ-ਦਰ-ਸਾਲ ਆਧਾਰ ’ਤੇ 81.2 ਫੀਸਦੀ ਦਾ ਵਾਧਾ ਹੈ।
ਅਪ੍ਰੈਲ ’ਚ ਬਰਾਮਦ ਦੇ ਮੋਰਚੇ ’ਚ 9.20 ਬਿਲੀਅਨ ਡਾਲਰ ਦਾ ਇੰਜੀਨੀਅਰਿੰਗ ਸਾਮਾਨ ਵਿਦੇਸ਼ਾਂ ’ਚ ਭੇਜਿਆ ਗਿਆ ਜੋ ਅਪ੍ਰੈਲ 2021 ਤੋਂ 15.4 ਫੀਸਦੀ ਵੱਧ ਹੈ। ਉੱਚ ਊਰਜਾ ਦੀਆਂ ਕੀਮਤਾਂ ਨੇ ਭਾਰਤ ਦੇ ਪੈਟਰੋਲੀਅਮ ਉਤਪਾਦਾਂ ਦੀ ਬਰਾਮਦ ’ਚ ਵੀ ਮਦਦ ਕੀਤੀ। ਮਈ ਲਈ ਅੰਤਿਮ ਵਪਾਰ ਡਾਟਾ ਜੂਨ ਦੇ ਅੱਧ ’ਚ ਜਾਰੀ ਕੀਤਾ ਜਾਏਗਾ।


Aarti dhillon

Content Editor

Related News