ਦੂਰਸੰਚਾਰ ਆਪ੍ਰੇਟਰਾਂ ਦੀ 5ਜੀ ਸਪੈਕਟਰਮ ਦੇ ਆਧਾਰ ਮੁੱਲ ਵਿਚ 50 ਫੀਸਦੀ ਕਟੌਤੀ ਦੀ ਮੰਗ
Monday, Nov 29, 2021 - 12:05 PM (IST)
ਨਵੀਂ ਦਿੱਲੀ (ਭਾਸ਼ਾ) - ਸੈਲੂਲਰ ਸੇਵਾਪ੍ਰਦਾਤਾਵਾਂ ਨੇ ਸਰਕਾਰ ਤੋਂ 5ਜੀ ਸਪੈਕਟਰਮ ਦੀ ਪ੍ਰਸਤਾਵਿਤ ਨੀਲਾਮੀ ਲਈ ਇਸ ਦੀ ਆਧਾਰ ਕੀਮਤਾਂ ਵਿਚ ਅੱਧੇ ਤੋਂ ਵੀ ਜ਼ਿਆਦਾ ਕਟੌਤੀ ਦੀ ਮੰਗ ਕੀਤੀ ਹੈ। ਉਦਯੋਗ ਜਗਤ ਦੇ ਸੂਤਰਾਂ ਮੁਤਾਬਕ ਸੈਲੂਲਰ ਆਪ੍ਰੇਟਰਾਂ ਦੇ ਸੰਗਠਨ ਸੀ. ਓ. ਏ. ਆਈ. ਨੇ 5ਜੀ ਸੇਵਾਵਾਂ ਦੇ ਵਿਸਤਾਰ ਅਤੇ ਡਿਜੀਟਲ ਕੁਨੈਕਟੀਵਿਟੀ ਵਧਾਉਣ ਲਈ ਸਪੈਕਟਰਮ ਕੀਮਤਾਂ ਵਿਚ ਵੱਡੀ ਕਟੌਤੀ ਦੀ ਮੰਗ ਕੀਤੀ ਹੈ। ਇਕ ਦੂਰਸੰਚਾਰ ਕੰਪਨੀ ਦੇ ਪ੍ਰਤੀਨਿੱਧੀ ਨੇ ਕਿਹਾ,‘‘ਸੈਲੂਲਰ ਆਪ੍ਰੇਟਰਸ ਐਸੋਸੀਏਸ਼ਨ ਆਫ ਇੰਡੀਆ (ਸੀ. ਓ. ਏ. ਆਈ.) ਨੇ ਸਰਕਾਰ ਤੋਂ 5ਜੀ ਸਪੈਕਟਰਮ ਨੀਲਾਮੀ ਦੇ ਆਧਾਰ ਮੁੱਲ ਵਿਚ ਅੱਧੇ ਤੋਂ ਵੀ ਜ਼ਿਆਦਾ ਕਟੌਤੀ ਕਰਨ ਦੀ ਅਪੀਲ ਕੀਤੀ ਹੈ। ਹਾਲਾਂਕਿ, ਸੀ. ਓ. ਏ. ਆਈ. ਨੇ ਇਸ ਬਾਰੇ ਕੋਈ ਟਿੱਪਣੀ ਕਰਨ ਤੋਂ ਮਨ੍ਹਾ ਕਰ ਦਿੱਤਾ। ਸਪੈਕਟਰਮ ਲਈ ਨੀਲਾਮੀ ਪ੍ਰਕਿਰਿਆ ਅਪ੍ਰੈਲ-ਜੂਨ 2022 ਦੀ ਤਿਮਾਹੀ ਵਿਚ ਸ਼ੁਰੂ ਹੋਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ਮਾਰਚ, 2021 ਵਿਚ ਹੋਈ ਪਿੱਛਲੀ ਸਪੈਕਟਰਮ ਨੀਲਾਮੀ ਦੇ ਸਮੇਂ ਸਰਕਾਰ ਨੇ 7 ਬੈਂਡ ਵਿਚ 2308.80 ਮੈਗਾਹਰਟਜ ਸਪੈਕਟਰਮ ਦੀ ਪੇਸ਼ਕਸ਼ ਕੀਤੀ ਸੀ, ਜਿਸ ਦਾ ਰਾਖਵਾਂ ਮੁੱਲ ਕਰੀਬ 4 ਲੱਖ ਕਰੋਡ਼ ਰੁਪਏ ਸੀ। ਇਹ ਵੱਖ ਗੱਲ ਹੈ ਕਿ ਪ੍ਰੀਮੀਅਮ ਸ਼੍ਰੇਣੀ ਦੇ 700 ਮੈਗਾਹਰਟਜ ਅਤੇ 2,500 ਮੈਗਾਹਰਟਜ ਬੈਂਡ ਦੇ ਸਪੈਕਟਰਮ ਵਿਕ ਹੀ ਨਹੀਂ ਸਕੇ।
ਜ਼ਿਆਦਾ ਆਧਾਰ ਮੁੱਲ ਹੋਣ ਨਾਲ ਦੂਰਸੰਚਾਰ ਆਪ੍ਰੇਟਰ ਇਸ ਤੋਂ ਦੂਰ ਹੀ ਰਹੇ। ਸਰਕਾਰ ਪਿੱਛਲੀ ਵਾਰ 3.3-3.6 ਗੀਗਾਹਰਟਜ ਫ੍ਰੀਕੁਐਂਸੀ ਦੇ ਸਪੈਕਟਰਮ ਦੀ ਨੀਲਾਮੀ ਵੀ ਨਹੀਂ ਕਰ ਸਕੀ ਸੀ ਕਿਉਂਕਿ ਇਸ ਨੂੰ ਸਮੇਂ ’ਤੇ ਖਾਲੀ ਨਹੀਂ ਕਰਵਾਇਆ ਜਾ ਸਕਿਆ ਸੀ। ਇਸ ਤੋਂ ਇਲਾਵਾ ਇਸ ਬੈਂਡ ਦਾ ਆਧਾਰ ਮੁੱਲ ਵੀ 5ਜੀ ਸੇਵਾਵਾਂ ਲਈ ਖਾਸਾ ਮਹਿੰਗਾ ਦੱਸਿਆ ਗਿਆ ਸੀ। ਇਕ ਦੂਰਸੰਚਾਰ ਆਪ੍ਰੇਟਰ ਦੇ ਪ੍ਰਤੀਨਿੱਧੀ ਨੇ ਆਧਾਰ ਮੁੱਲ ਵਿਚ 50-60 ਫੀਸਦੀ ਕਟੌਤੀ ਦੀ ਮੰਗ ਰੱਖਣ ਦਾ ਦਾਅਵਾ ਕੀਤਾ ਹੈ ਤਾਂ ਦੂਜੇ ਆਪ੍ਰੇਟਰ ਦੇ ਪ੍ਰਤੀਨਿੱਧੀ ਨੇ ਇਸ ਵਿਚ 60-70 ਫੀਸਦੀ ਕਟੌਤੀ ਤੱਕ ਦੀ ਮੰਗ ਕੀਤੇ ਜਾਣ ਦੀ ਗੱਲ ਕਹੀ ਹੈ। ਦੂਰਸੰਚਾਰ ਰੈਗੂਲੇਟਰੀ ਟਰਾਈ ਨੇ 3.3-3.6 ਗੀਗਾਹਰਟਜ ਸਪੈਕਟਰਮ ਵਿਚ ਪ੍ਰਤੀ ਮੈਗਾਹਰਟਜ 492 ਕਰੋਡ਼ ਰੁਪਏ ਦਾ ਆਧਾਰ ਮੁੱਲ ਤੈਅ ਕੀਤਾ ਸੀ। ਇਸ ਦਰ ਉੱਤੇ ਆਪ੍ਰੇਟਰਾਂ ਨੂੰ 3,300-3,600 ਮੈਗਾਹਰਟਜ ਬੈਂਡ ਵਿਚ ਸਪੈਕਟਰਮ ਖਰੀਦਣ ਲਈ ਸੰਪੂਰਨ ਭਾਰਤੀ ਪੱਧਰ ਉੱਤੇ 9,840 ਕਰੋਡ਼ ਰੁਪਏ ਚੁਕਾਉਣੇ ਪੈਣਗੇ। ਦੇਸ਼ ਭਰ ਵਿਚ ਫਿਲਹਾਲ 5ਜੀ ਸੇਵਾਵਾਂ ਦਾ ਪ੍ਰੀਖਣ ਚੱਲ ਰਿਹਾ ਹੈ। ਇਸ ਲਈ ਸਰਕਾਰ ਨੇ ਪਿਛਲੇ ਮਈ ਵਿਚ ਦੂਰਸੰਚਾਰ ਕੰਪਨੀਆਂ ਨੂੰ 6 ਮਹੀਨਿਆਂ ਲਈ ਸਪੈਕਟਰਮ ਵੰਡ ਕੀਤਾ ਸੀ।