ਟੀ. ਸੀ. ਐੱਸ. ਦੁਨੀਆ ਦੇ ਚੋਟੀ ਦੇ 50 ਬ੍ਰਾਂਡਾਂ ’ਚ ਸ਼ਾਮਲ
Friday, May 16, 2025 - 02:58 PM (IST)

ਮੁੰਬਈ (ਏਜੰਸੀ)- ਸੂਚਨਾ-ਤਕਨੀਕੀ ਖੇਤਰ ਦੀ ਪ੍ਰਮੁੱਖ ਕੰਪਨੀ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ. ਸੀ. ਐੱਸ.) ਨੂੰ ਵੱਕਾਰੀ ‘ਕਾਂਟਾਰ ਬ੍ਰਾਂਡਜ਼ ਮੋਸਟ ਵੈਲਿਊਏਬਲ ਗਲੋਬਲ ਬ੍ਰਾਂਡਜ਼ ਰਿਪੋਰਟ’ ’ਚ ਦੁਨੀਆ ਦੇ 100 ਸਭ ਤੋਂ ਮੁੱਲਵਾਨ ਬ੍ਰਾਂਡਾਂ ’ਚ ਸ਼ਾਮਲ ਕੀਤਾ ਗਿਆ ਹੈ। ਟੀ. ਸੀ. ਐੱਸ. ਨੂੰ ਗਲੋਬਲ ਬ੍ਰਾਂਡ ਮਾਨਤਾ ’ਚ ਇਕ ਹੋਰ ਵੱਡੀ ਪ੍ਰਾਪਤੀ ਹਾਸਲ ਹੋਈ ਹੈ। ਵੱਕਾਰੀ ਕਾਂਟਾਰ ਬ੍ਰਾਂਡਜ਼ ਮੋਸਟ ਵੈਲਿਊਏਬਲ ਗਲੋਬਲ ਬ੍ਰਾਂਡਜ਼ 2025 ਰਿਪੋਰਟ ’ਚ ਟੀ. ਸੀ. ਐੱਸ. ਨੂੰ ਦੁਨੀਆ ਦੇ 100 ਸਭ ਤੋਂ ਮੁੱਲਵਾਨ ਬ੍ਰਾਂਡਾਂ ’ਚ ਸ਼ਾਮਲ ਕੀਤਾ ਗਿਆ ਹੈ, ਜਿੱਥੇ ਉਹ 45ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਕੰਪਨੀ ਦਾ ਬ੍ਰਾਂਡ ਮੁੱਲ 28 ਫ਼ੀਸਦੀ ਦੇ ਸਾਲਾਨਾ ਵਾਧੇ ਨਾਲ 57.3 ਅਰਬ ਡਾਲਰ ਮਾਪਿਆ ਗਿਆ ਹੈ। ਇਹ ਪ੍ਰਾਪਤੀ ਟੀ. ਸੀ. ਐੱਸ. ਦੇ ਨਿਰੰਤਰ ਮਾਰਕੀਟਿੰਗ ਯਤਨਾਂ, ਗਲੋਬਲ ਖੇਡ ਹਿੱਸੇਦਾਰੀਆਂ, ਇਨੋਵੇਸ਼ਨ ਅਤੇ ਬ੍ਰਾਂਡ ਸੰਚਾਰ ’ਚ ਉੱਤਮਤਾ ਨੂੰ ਦਰਸਾਉਂਦੀ ਹੈ।
ਮੋਮੈਂਟਮ-ਆਈ. ਟੀ. ਐੱਸ. ਐੱਮ. ਏ. ਵੱਲੋਂ ਕੀਤੇ ਗਏ ਸੁਤੰਤਰ ਬ੍ਰਾਂਡ ਆਡਿਟ ’ਚ ਇਹ ਵੀ ਸਾਹਮਣੇ ਆਇਆ ਕਿ ਪੂਰੀ ਦੁਨੀਆ ਦੇ 95 ਫ਼ੀਸਦੀ ਕਾਰੋਬਾਰੀ ਅਧਿਕਾਰੀ ਟੀ. ਸੀ. ਐੱਸ. ਬ੍ਰਾਂਡ ਤੋਂ ਵਾਕਫ਼ ਹਨ, ਜੋ 2010 ’ਚ ਸਿਰਫ 29 ਫ਼ੀਸਦੀ ਸੀ। ਟੀ. ਸੀ. ਐੱਸ. ਦੇ ਬ੍ਰਾਂਡ ਨਿਰਮਾਣ ’ਚ ਇਸ ਦੇ 14 ਗਲੋਬਲ ਮੈਰਾਥਨ ਆਯੋਜਨਾਂ ਦੀ ਸਪਾਂਸਰਸ਼ਿਪ ਭੂਮਿਕਾ ਵਿਸ਼ੇਸ਼ ਤੌਰ ’ਤੇ ਅਹਿਮ ਰਹੀ ਹੈ। ਇਨ੍ਹਾਂ ’ਚ ਟੀ. ਸੀ. ਐੱਸ. ਨਿਊਯਾਰਕ ਸਿਟੀ ਮੈਰਾਥਨ, ਲੰਡਨ ਮੈਰਾਥਨ ਅਤੇ ਸਿਡਨੀ ਮੈਰਾਥਨ ਸ਼ਾਮਲ ਹਨ। ਇਨ੍ਹਾਂ ਆਯੋਜਨਾਂ ’ਚ ਪ੍ਰਤੀ ਸਾਲ 6 ਲੱਖ ਤੋਂ ਜ਼ਿਆਦਾ ਦੌੜਾਕ ਭਾਗ ਲੈਂਦੇ ਹਨ ਅਤੇ 2024 ’ਚ ਉਨ੍ਹਾਂ ਨੇ ਸਥਾਨਕ ਅਰਥਵਿਵਸਥਾਵਾਂ ’ਚ 2.25 ਅਰਬ ਡਾਲਰ ਦਾ ਯੋਗਦਾਨ ਦਿੱਤਾ। ਨਾਲ ਹੀ, 27.9 ਕਰੋਡ਼ ਡਾਲਰ ਦੀ ਰਾਸ਼ੀ ਚੈਰਿਟੀ ਕੰਮਾਂ ਲਈ ਜੁਟਾਈ ਗਈ।
ਕਾਂਟਾਰ ਬ੍ਰਾਂਡਜ਼ ਦੇ ਪ੍ਰਮੁੱਖ ਮਾਟਿਰਨ ਗੁਏਰਿਏਰੀਆ ਨੇ ਕਿਹਾ, ‘‘ਟੀ. ਸੀ. ਐੱਸ. ਦਾ ਪ੍ਰਦਰਸ਼ਨ ਇਸ ਦੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਸਮਰੱਥਾਵਾਂ ਅਤੇ ਇਨੋਵੇਸ਼ਨ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਸ ਨਾਲ ਬ੍ਰਾਂਡ ਦਾ ਗਲੋਬਲ ਪ੍ਰਭਾਵ ਲਗਾਤਾਰ ਵਧ ਰਿਹਾ ਹੈ। ਟੀ. ਸੀ. ਐੱਸ. ਦੇ ਮੁੱਖ ਮਾਰਕੀਟਿੰਗ ਅਧਿਕਾਰੀ ਅਭਿਨਵ ਕੁਮਾਰ ਨੇ ਕਿਹਾ, ‘‘ਇਕ ਬ੍ਰਾਂਡ ਦਾ ਨਿਰਮਾਣ ਇਕ ਮੈਰਾਥਨ ਹੈ ਅਤੇ ਸਾਨੂੰ ਖੁਸ਼ੀ ਹੈ ਕਿ ਟੀ. ਸੀ. ਐੱਸ. ਨੇ ਇਸ ਦੌੜ ’ਚ ਜ਼ਿਕਰਯੋਗ ਰਫ਼ਤਾਰ ਪ੍ਰਾਪਤ ਕੀਤੀ ਹੈ। ਬ੍ਰਾਂਡ ਮੁੱਲ, ਜਾਗਰੂਕਤਾ ਅਤੇ ਇਕੁਇਟੀ ’ਚ ਇਹ ਉਛਾਲ ਸਾਡੀਆਂ ਲੰਮੇ ਸਮੇਂ ਦੀਆਂ ਰਣਨੀਤੀਆਂ ਅਤੇ ਟੀਮ ਦੇ ਸਮੂਹਿਕ ਕੋਸ਼ਿਸ਼ ਦਾ ਨਤੀਜਾ ਹੈ।’’