TCS ਨੇ ਬ੍ਰਿਟੇਨ ''ਚ 7,000 ਤੋਂ ਜ਼ਿਆਦਾ ਨਵੇਂ ਮੁਲਾਜ਼ਮਾਂ ਦੀ ਨਿਯੁਕਤੀ ਕੀਤੀ
Wednesday, Jul 14, 2021 - 05:29 PM (IST)
ਨਵੀਂ ਦਿੱਲੀ- ਦੇਸ਼ ਦੀ ਸਭ ਤੋਂ ਵੱਡੀ ਆਈ. ਟੀ. ਕੰਪਨੀ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ. ਸੀ. ਐੱਸ.) ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਬ੍ਰਿਟੇਨ ਵਿਚ ਪਿਛਲੇ ਪੰਜ ਸਾਲਾਂ ਵਿਚ 7,000 ਤੋਂ ਜ਼ਿਆਦਾ ਨਵੇਂ ਕਰਮਚਾਰੀਆਂ ਦੀ ਨਿਯੁਕਤੀ ਕੀਤੀ ਹੈ ਅਤੇ ਉਨ੍ਹਾਂ ਵਿਚ 1,800 ਸਿਖਿਆਰਥੀ ਸ਼ਾਮਲ ਹਨ। ਮੁੰਬਈ ਦੀ ਕੰਪਨੀ ਲਈ ਬ੍ਰਿਟੇਨ ਵਿਚ ਇਸ ਸਮੇਂ 18,000 ਤੋਂ ਜ਼ਿਆਦਾ ਲੋਕ ਕੰਮ ਕਰ ਰਹੇ ਹਨ।
ਕੰਪਨੀ ਨੇ ਇਕ ਰੈਗੂਲੇਟਰੀ ਸੂਚਨਾ ਵਿਚ ਕਿਹਾ, ''ਆਪਣੇ ਵਿਕਾਸ ਵਿਚ ਮਦਦ ਲਈ ਕੰਪਨੀ ਨੇ ਪਿਛਲੇ ਪੰਜ ਸਾਲਾਂ ਵਿਚ 1,800 ਸਿਖਿਆਰਥੀਆਂ ਸਣੇ 7,000 ਤੋਂ ਜ਼ਿਆਦਾ ਨਵੇਂ ਕਰਮਚਾਰੀ ਨਿਯੁਕਤ ਕੀਤੇ ਹਨ। ਇਸ ਨਾਲ ਉਹ ਬ੍ਰਿਟੇਨ ਵਿਚ ਸੂਚਨਾ ਤਕਨਾਲੋਜੀ (ਆਈ. ਟੀ.) ਸੇਵਾਵਾਂ ਵਿਚ ਭਰਤੀ ਕਰਨ ਦੇ ਲਿਹਾਜ ਸਿਖਰਲੀਆਂ ਕੰਪਨੀਆਂ ਵਿਚ ਸ਼ਾਮਲ ਹੋ ਗਈ ਹੈ।"
ਉਸ ਨੇ ਕਿਹਾ, ''ਬ੍ਰਿਟੇਨ ਵਿਚ ਇਸ ਸਮੇਂ 30 ਜਗ੍ਹਾ ਕੰਪਨੀ ਨੇ 18,000 ਤੋਂ ਜ਼ਿਆਦਾ ਲੋਕਾਂ ਨੂੰ ਰੁਜ਼ਗਾਰ ਦਿੱਤਾ ਹੈ ਅਤੇ ਉਸ ਦੀ 2021 ਵਿਚ 1,500 ਹੋਰ ਕਰਮਚਾਰੀਆਂ ਦੀ ਨਿਯੁਕਤੀ ਦੀ ਯੋਜਨਾ ਹੈ।" ਕੰਪਨੀ ਨੇ ਕਿਹਾ ਕਿ ਬ੍ਰਿਟੇਨ ਵਿਚ ਉਸ ਦੇ ਕੁੱਲ ਕਰਮਚਾਰੀਆਂ ਵਿਚ ਮਹਿਲਾਵਾਂ ਦੀ 28 ਫ਼ੀਸਦੀ ਹਿੱਸੇਦਾਰੀ ਹੈ ਅਤੇ ਇਹ ਬ੍ਰਿਟੇਨ ਦੇ ਆਈ. ਟੀ. ਖੇਤਰ ਦੇ 17 ਫ਼ੀਸਦ ਔਸਤ ਤੋਂ ਕਿਤੇ ਜ਼ਿਆਦਾ ਹੈ। ਰੈਗੂਲੇਟਰੀ ਸੂਚਨਾ ਮੁਤਾਬਕ, ਟੀ. ਸੀ. ਐੱਸ. ਨੂੰ ਟਾਪ ਇਮਪਲਾਇਰ ਇੰਸਟੀਚਿਊਟ ਨੇ ਬ੍ਰਿਟੇਨ ਵਿਚ ਸਿਖਰਲੀ ਨੌਕਰੀਦਾਤਾ ਕਰਾਰ ਦਿੱਤਾ ਹੈ, ਨਾਲ ਹੀ ਉਸ ਨੂੰ ਕੰਮ ਦੇ ਲਿਹਾਜ ਨਾਲ ਬ੍ਰਿਟੇਨ ਵਿਚ ਚੋਟੀਆਂ ਦੀਆਂ 25 ਕੰਪਨੀਆਂ ਵਿਚੋਂ ਇਕ ਦੱਸਿਆ ਗਿਆ ਹੈ।