ਟੈਕਸਦਾਤਾ ਇਕ ਮੁਲਾਂਕਣ ਸਾਲ ’ਚ ਸਿਰਫ ਇਕ ਵਾਰ ਹੀ ‘ਅਪਡੇਟ’ ਕਰ ਸਕਣਗੇ ITR
Thursday, Feb 10, 2022 - 11:39 AM (IST)
ਨਵੀਂ ਦਿੱਲੀ (ਭਾਸ਼ਾ) – ਕਿਸੇ ਟੈਕਸਦਾਤਾ ਨੂੰ ਇਕ ਮੁਲਾਂਕਣ ਸਾਲ ’ਚ ਸਿਰਫ ਇਕ ਵਾਰ ਆਪਣੇ ਆਮਦਨ ਕਰ ਰਿਟਰਨ (ਆਈ. ਟੀ. ਆਰ.) ਨੂੰ ਅਪਡੇਟ ਕਰਨ ਦੀ ਇਜਾਜ਼ਤ ਹੋਵੇਗੀ। ਕੇਂਦਰੀ ਡਾਇਰੈਕਟ ਟੈਕਸ ਬੋਰਡ (ਸੀ. ਬੀ. ਡੀ. ਟੀ.) ਦੇ ਚੇਅਰਮੈਨ ਜੇ. ਬੀ. ਮਹਾਪਾਤਰ ਨੇ ਇਹ ਜਾਣਕਾਰੀ ਦਿੱਤੀ। ਭਾਰਤੀ ਉਦਯੋਗ ਸੰਘ (ਸੀ. ਆਈ. ਆਈ.) ਵਲੋਂ ਆਯੋਜਿਤ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਮਹਾਪਾਤਰ ਨੇ ਕਿਹਾ ਕਿ ਇਸ ਵਿਵਸਥਾ ਦਾ ਮਕਸਦ ਉਨ੍ਹਾਂ ਲੋਕਾਂ ਨੂੰ ਰਿਟਰਨ ਦਾਖਲ ਕਰਨ ਦਾ ਮੌਕਾ ਦੇਣਾ ਹੈ ਜੋ ਕਿਸੇ ਉਚਿੱਤ ਕਾਰਨ ਕਰ ਕੇ ਅਜਿਹਾ ਨਹੀਂ ਕਰ ਸਕੇ ਹਨ।
ਮਹਾਪਾਤਰ ਨੇ ਕਿਹਾ ਕਿ ਅਜਿਹੇ ਟੈਕਸਦਾਤਾ ਇਕ ਮੁਲਾਂਕਣ ਸਾਲ ’ਚ ਸਿਰਫ ਇਕ ਵਾਰ ਅਪਡੇਟ ਕੀਤਾ ਹੋਇਆ ਰਿਟਰਨ ਦਾਖਲ ਕਰ ਸਕਣਗੇ। ਬਜਟ 2022-23 ’ਚ ਅਜਿਹੇ ਟੈਕਸਦਾਤਿਆਂ ਨੂੰ ਆਈ. ਟੀ. ਆਰ. ਦਾਖਲ ਕਰਨ ਦੇ ਦੋ ਸਾਲ ਦੇ ਅੰਦਰ ਉਸ ਨੂੰ ‘ਅਪਡੇਟ’ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ, ਜਿਨ੍ਹਾਂ ਤੋਂ ਰਿਟਰਨ ’ਚ ਕੁੱਝ ਗਲਤੀ ਹੋ ਗਈ ਹੈ ਜਾਂ ਕੋਈ ਵੇਰਵਾ ਖੁੰਝ ਗਿਆ ਹੈ।
ਆਈ. ਟੀ. ਸੀ. ਦੇ ਲਾਭ ਨਾਲ ਉੱਚ ਜੀ. ਐੱਸ. ਟੀ. ਦਰ ਦੀ ਰੈਸਟੋਰੈਂਟ ਉਦਯੋਗ ਦੀ ਮੰਗ ’ਤੇ ਵਿਚਾਰ ਕਰਾਂਗੇ
ਮਾਲੀਆ ਸਕੱਤਰ ਨੇ ਕਿਹਾ ਕਿ ਸਰਕਾਰ ਇਨਪੁੱਟ ਟੈਕਸ ਕ੍ਰੈਡਿਟ (ਆਈ. ਟੀ. ਸੀ.) ਦੇ ਲਾਭ ਨਾਲ ਵਸਤੂ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਦੀ ਉੱਚ ਦਰ ’ਤੇ ਵਾਪਸ ਜਾਣ ਦੀ ਰੈਸਟੋਰੈਂਟ ਉਦਯੋਗ ਦੀ ਮੰਗ ’ਤੇ ਵਿਚਾਰ ਕਰਨ ਨੂੰ ਤਿਆਰ ਹੈ। ਮੌਜੂਦਾ ਸਮੇਂ ’ਚ ਸੇਵਾਵਾਂ ’ਤੇ 5 ਫੀਸਦੀ ਦੀ ਦਰ ਨਾਲ ਟੈਕਸ ਲਗਾਇਆ ਜਾਂਦਾ ਹੈ। ਇਹ ਦਰ ਏ.ਸੀ. ਅਤੇ ਗੈਰ-ਏ. ਸੀ. ਦੋਹਾਂ ਤਰ੍ਹਾਂ ਦੇ ਰੈਸਟੋਰੈਂਟ ’ਤੇ ਬਰਾਬਰ ਹੈ। ਹਾਲਾਂਕਿ ਇਸ ਦਰ ਨਾਲ ਆਈ. ਟੀ. ਸੀ. ਦਾ ਲਾਭ ਨਹੀਂ ਮਿਲਦਾ ਹੈ। ਇਸ ਤੋਂ ਇਲਾਵਾ ਸਿਤਾਰਾ ਯਾਨੀ ਸਟਾਰ ਦਾ ਦਰਜਾ ਪ੍ਰਾਪਤ ਹੋਟਲਾਂ ਦੇ ਰੈਸਟੋਰੈਂਟ, ਜਿਨ੍ਹਾਂ ਦਾ ਰੋਜ਼ਾਨਾ ਦਾ ਕਿਰਾਇਆ 7,500 ਰੁਪਏ ਜਾਂ ਵੱਧ ਹੈ, ਉਨ੍ਹਾਂ ’ਤੇ 18 ਫੀਸੀਦ ਜੀ. ਐੱਸ. ਟੀ. ਲਗਦਾ ਹੈ ਅਤੇ ਉਨ੍ਹਾਂ ਨੂੰ ਆਈ. ਟੀ. ਸੀ. ਦਾ ਲਾਭ ਵੀ ਮਿਲਦਾ ਹੈ।