ਨਹੀਂ ਆਵੇਗਾ ਟਾਟਾ ਸੰਜ਼ ਦਾ IPO, ਚੁਕਾਇਆ 20,000 ਕਰੋੜ ਤੋਂ ਜ਼ਿਆਦਾ ਦਾ ਕਰਜ਼ਾ
Tuesday, Aug 27, 2024 - 12:13 PM (IST)
ਨਵੀਂ ਦਿੱਲੀ (ਇੰਟ.) - ਦੇਸ਼ ਦੇ ਸਭ ਤੋਂ ਵੱਡੇ ਬਿਜ਼ਨੈੱਸ ਘਰਾਣੇ ਟਾਟਾ ਗਰੁੱਪ ਦੀ ਹੋਲਡਿੰਗ ਕੰਪਨੀ ਟਾਟਾ ਸੰਜ਼ ਨੇ ਸ਼ੇਅਰ ਬਾਜ਼ਾਰ ’ਚ ਆਪਣੀ ਲਾਜ਼ਮੀ ਲਿਸਟਿੰਗ ਨੂੰ ਟਾਲਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ।
ਇਕ ਰਿਪੋਰਟ ਮੁਤਾਬਕ ਇਕ ਅਨਲਿਸਟਿਡ ਕੰਪਨੀ ਬਣੇ ਰਹਿਣ ਲਈ ਟਾਟਾ ਗਰੁੱਪ ਦੀ 410 ਅਰਬ ਡਾਲਰ ਦੀ ਹੋਲਡਿੰਗ ਕੰਪਨੀ ਟਾਟਾ ਸੰਜ਼ ਨੇ 20,000 ਕਰੋਡ਼ ਰੁਪਏ ਤੋਂ ਜ਼ਿਆਦਾ ਦੇ ਕਰਜ਼ੇ ਦਾ ਭੁਗਤਾਨ ਕਰਨ ਤੋਂ ਬਾਅਦ ਆਪਣੀ ਇੱਛਾ ਨਾਲ ਆਪਣਾ ਐੱਨ. ਬੀ. ਐੱਫ. ਸੀ. ਰਜਿਸਟਰੇਸ਼ਨ ਸਰਟੀਫਿਕੇਟ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੂੰ ਸੌਂਪ ਦਿੱਤਾ ਹੈ।
ਗਰੁੱਪ ਦੀਆਂ ਕੰਪਨੀਆਂ ’ਚ ਨਿਵੇਸ਼ ਕਰਨ ਲਈ ਟਾਟਾ ਸੰਜ਼ ਨੇ ਬਾਜ਼ਾਰ ਅਤੇ ਬੈਂਕਾਂ ਤੋਂ ਪੈਸਾ ਉਧਾਰ ਲਿਆ ਸੀ। ਇਸ ਕਾਰਨ ਸਤੰਬਰ 2022 ’ਚ ਆਰ. ਬੀ. ਆਈ. ਨੇ ਟਾਟਾ ਸੰਜ਼ ਨੂੰ ਅਪਰ ਲੇਅਰ ਐੱਨ. ਬੀ. ਐੱਫ. ਸੀ. ਦੇ ਤੌਰ ’ਤੇ ਵਰਗੀਕ੍ਰਿਤ ਕੀਤਾ ਸੀ। ਨਿਯਮਾਂ ਮੁਤਾਬਕ, ਇਸ ਵਰਗੀਕਰਨ ਤਹਿਤ ਕੰਪਨੀਆਂ ਨੂੰ 3 ਸਾਲ ਦੇ ਅੰਦਰ ਸਟਾਕ ਐਕਸਚੇਂਜਾਂ ’ਚ ਸੂਚੀਬੱਧ ਹੋਣਾ ਜ਼ਰੂਰੀ ਹੁੰਦਾ ਹੈ। ਹਾਲਾਂਕਿ, ਟਾਟਾ ਸੰਜ਼ ਵੱਲੋਂ ਕਰਜ਼ੇ ਦਾ ਭੁਗਤਾਨ ਕਰਨ ਤੋਂ ਬਾਅਦ ਹੁਣ ਪ੍ਰੋਮੋਟਰ ਜੋਖਮ ਪ੍ਰੋਫਾਈਲ ’ਚ ਕਾਫ਼ੀ ਕਮੀ ਆਈ ਹੈ, ਜਿਸ ਨਾਲ ਇਸ ਨੂੰ ਲਿਸਟਿੰਗ ਦੀ ਲੋੜ ਤੋਂ ਛੋਟ ਮਿਲ ਗਈ ਹੈ।
ਕੰਪਨੀ ਨੇ ਆਪਣਾ ਐੱਨ. ਬੀ. ਐੱਫ. ਸੀ. ਰਜਿਸਟਰੇਸ਼ਨ ਸਰਟੀਫਿਕੇਟ ਵੀ ਕੇਂਦਰੀ ਬੈਂਕ ਨੂੰ ਸੌਂਪ ਦਿੱਤਾ ਹੈ। ਦੱਸ ਦੇਈਏ ਕਿ ਸਟਾਕ ਐਕਸਚੇਂਜਾਂ ’ਚ ਸੂਚੀਬੱਧ ਹੋਣ ਲਈ ਟਾਟਾ ਸੰਜ਼ ਕੋਲ ਸਤੰਬਰ 2025 ਤੱਕ ਦਾ ਸਮਾਂ ਸੀ।