ਟਾਟਾ ਸਮੂਹ ਦੀ ਇੰਡੀਅਨ ਹੋਟਲਸ ਸਿਹਤ ਕਰਮੀਆਂ ਲਈ ਦੇ ਚੁੱਕੀ ਹੈ ਹੁਣ ਤੱਕ 3 ਲੱਖ ਥਾਲੀਆਂ ਭੋਜਨ
Sunday, May 23, 2021 - 06:38 PM (IST)
ਨਵੀਂ ਦਿੱਲੀ (ਭਾਸ਼ਾ) - ਟਾਟਾ ਸਮੂਹ ਦੀ ਤਾਜ ਹੋਟਲ ਸੰਚਾਲਨ ਵਾਲੀ ਕੰਪਨੀ ਇੰਡੀਅਨ ਹੋਟਲਸ ਕੰਪਨੀ ਲਿਮਟਿਡ (ਆਈ. ਐੱਚ. ਸੀ. ਐੱਲ.) ਨੇ ਐਤਵਾਰ ਨੂੰ ਕਿਹਾ ਕਿ ਕੋਵਿਡ ਦੇਖਭਾਲ ਪਹਿਲ ਤਹਿਤ ਉਹ 8 ਸ਼ਹਿਰਾਂ ਦੇ 32 ਹਸਪਤਾਲਾਂ ਅਤੇ ਕੋਵਿਡ ਕੇਂਦਰਾਂ ’ਚ ਸਿਹਤ ਕਰਮੀਆਂ ਲਈ ਭੋਜਨ ਪਹੁੰਚਾ ਰਹੀ ਹੈ। ਕੰਪਨੀ ਐਤਵਾਰ ਦਿਨ ਦੇ ਆਖਿਰ ਤੱਕ 3 ਲੱਖ ਥਾਲੀਆਂ ਤੋਂ ਜ਼ਿਆਦਾ ਭੋਜਨ ਵੰਡ ਚੁੱਕੀ ਹੋਵੇਗੀ। ਕੰਪਨੀ ਨੇ ਦੱਸਿਆ ਕਿ ਉਸ ਨੇ 2 ਮਈ ਨੂੰ ਫਿਰ ਆਪਣੀ ‘ਮਿਲਸਟੂਸਮਾਈਲ’ ਮੁਹਿੰਮ ਸ਼ੁਰੂ ਕੀਤੀ,ਜਿਸ ਤਹਿਤ ਮੁੰਬਈ, ਅਹਿਮਦਾਬਾਦ, ਬੈਂਗਲੁਰੂ, ਗੋਵਾ, ਹੈਦਰਾਬਾਦ, ਕੋਲਕਾਤਾ, ਨਵੀਂ ਦਿੱਲੀ ਅਤੇ ਵਾਰਾਣਸੀ ’ਚ ਸਿਹਤ ਕਰਮਚਾਰੀਆਂ ਨੂੰ ਖਾਣਾ ਵੰਡਿਆ ਜਾ ਰਿਹਾ ਹੈ। ਇਹ ਮੁਹਿੰਮ ਕੰਪਨੀ ਨੇ ਪਿਛਲੇ ਸਾਲ ਵੀ ਚਲਾਈ ਸੀ।
ਆਈ. ਐੱਚ. ਸੀ. ਐੱਲ. ਦੇ ਪ੍ਰਬੰਧ ਨਿਰਦੇਸ਼ਕ ਅਤੇ ਸੀ. ਈ. ਓ. ਪੁਨੀਤ ਛਟਵਾਲ ਨੇ ਕਿਹਾ,‘‘ਕਰਮਚਾਰੀਆਂ, ਮਹਿਮਾਨਾਂ, ਸਾਥੀਆਂ ਅਤੇ ਸਮਾਜ ਦੀ ਸਿਹਤ ਅਤੇ ਸੁਰੱਖਿਆ ਆਈ. ਐੱਚ. ਸੀ. ਐੱਲ. ਦੀ ਸੰਸਕ੍ਰਿਤੀ ਦਾ ਅਨਿੱਖੜਵਾਂ ਅੰਗ ਹਨ। ਉਨ੍ਹਾਂ ਕਿਹਾ,‘‘ਅਸੀਂ ਐਤਵਾਰ ਦਿਨ ਖਤਮ ਹੋਣ ਤੱਕ 8 ਸ਼ਹਿਰਾਂ ਦੇ 32 ਹਸਪਤਾਲਾਂ ਅਤੇ ਵੱਖ-ਵੱਖ ਕੋਵਿਡ ਕੇਂਦਰਾਂ ’ਚ ਕੰਮ ਕਰ ਰਹੇ ਸਿਹਤ ਕਰਮਚਾਰੀਆਂ ਨੂੰ 3 ਲੱਖ ਥਾਲੀਆਂ ਤੋਂ ਜ਼ਿਆਦਾ ਭੋਜਨ ਵੰਡ ਚੁੱਕੇ ਹੋਵਾਂਗੇ। ਉਨ੍ਹਾਂ ਨੇ ਕੰਪਨੀ ਦੀ ‘ਕੋਵਿਡ-19’ ਸਬੰਧੀ ਪਹਿਲ ਦਾ ਜ਼ਿਕਰ ਕਰਦੇ ਹੋਏ ਕਿਹਾ, ਅਸੀਂ ਆਪਣੇ ਕੁੱਝ ਹੋਟਲਾਂ ਨੂੰ ਹਲਕੇ ਲੱਛਣ ਵਾਲੇ ਕੋਵਿਡ ਮਰੀਜ਼ਾਂ ਲਈ ਕੁਆਰੰਟਾਈਨ ਸਹੂਲਤਾਂ ਦੇ ਰੂਪ ’ਚ ਬਣਾਉਣ ਲਈ ਕਈ ਸਥਾਨਕ ਹਸਪਤਾਲਾਂ ਦੇ ਨਾਲ ਸਹਿਯੋਗ ਕਰਨਾ ਜਾਰੀ ਰੱਖਿਆ ਹੈ। ਇਹ ਸਹੂਲਤ ਸਾਡੇ ਕਰਮਚਾਰੀਆਂ ਲਈ ਵੀ ਹੈ। ਇਹ ਪਹਿਲ 10 ਸ਼ਹਿਰਾਂ ਦੇ 13 ਹੋਟਲਾਂ ’ਚ ਚਲਾਈ ਜਾ ਰਹੀ ਹੈ।