ਭਾਰਤ ''ਚ ਮੋਟਰਸਾਈਕਲ ਕਾਰੋਬਾਰ ਵਧਾਉਣ ਦਾ ਟੀਚਾ: ਸੁਜ਼ੂਕੀ ਮੋਟਰਸਾਈਕਲ
Monday, Feb 24, 2020 - 10:35 AM (IST)

ਨਵੀਂ ਦਿੱਲੀ—ਸੁਜ਼ੂਕੀ ਮੋਟਰਸਾਈਕਲ ਇੰਡੀਆ ਦੀ ਯੋਜਨਾ ਦੇਸ਼ 'ਚ ਆਪਣਾ ਮੋਟਰਸਾਈਕਲ ਕਾਰੋਬਾਰ ਵਧਾਉਣ ਦੀ ਹੈ। ਕੰਪਨੀ ਦਾ ਟੀਚਾ ਘਰੇਲੂ ਬਾਜ਼ਾਰ 'ਚ ਆਪਣੀ ਕੁੱਲ ਵਿਕਰੀ ਦਾ 20 ਫੀਸਦੀ ਮੋਟਰਸਾਈਕਲ ਦੀ ਵਿਕਰੀ ਹਾਸਲ ਕਰਨ ਦਾ ਹੈ। ਸੁਜ਼ੂਕੀ ਅਜੇ ਦੇਸ਼ 'ਚ ਮੋਟਰਸਾਈਕਲ ਦੇ ਪੰਜ ਮਾਡਲ ਵੇਚਦੀ ਹੈ। ਕੰਪਨੀ ਦੀ ਕੁੱਲ ਘਰੇਲੂ ਵਿਕਰੀ ਦਾ 10 ਫੀਸਦੀ ਇਸ ਨੂੰ ਮੋਟਰਸਾਈਕਲ ਤੋਂ ਮਿਲਦਾ ਹੈ ਜਦੋਂਕਿ ਇਸ 'ਚ ਸਕੂਟਰ ਦੀ ਵਿਕਰੀ ਦੀ ਹਿੱਸੇਦਾਰੀ 90 ਫੀਸਦੀ ਹੈ। ਸੁਜ਼ੂਕੀ ਮੋਟਰਸਾਈਕਲ ਇੰਡੀਆ, ਸੁਜ਼ੂਕੀ ਮੋਟਰ ਕਾਰਪ ਦੀ ਦੋਪਹੀਆ ਵਾਹਨ ਇਕਾਈ ਹੈ। ਸੁਜ਼ੂਕੀ ਮੋਟਰਸਾਈਕਲ ਇੰਡੀਆ ਦੇ ਪ੍ਰਬੰਧ ਨਿਰਦੇਸ਼ਕ ਕੋਈਚਿਰੀ ਹਿਰਾਓ ਨੇ ਕਿਹਾ ਕਿ ਇਥੇ (ਮੋਟਰਸਾਈਕਲ ਸ਼੍ਰੇਣੀ) ਸਾਡੇ ਲਈ ਚੁਣੌਤੀ ਹੈ। ਇਸ ਸ਼੍ਰੇਣੀ ਦੀ ਵਿਕਰੀ ਨੂੰ ਵਧਾਉਣ ਲਈ ਅਸੀਂ ਪਹਿਲਾਂ ਹੀ ਨਵੇਂ ਮਾਡਲ ਪੇਸ਼ ਕੀਤੇ ਹਨ ਅਤੇ ਸ਼ੋਅਰੂਮ ਦੇ ਅੰਦਰ ਬਾਈਕ ਜੋਨ ਬਣਾਏ ਹਨ। ਕੰਪਨੀ ਦੀ ਵਿਕਰੀ, ਮਾਰਕਟਿੰਗ ਅਤੇ ਸਰਵਿਸ ਉਪ ਪ੍ਰਧਾਨ ਦੇਵਾਸ਼ੀਸ਼ ਹਾਂਡਾ ਨੇ ਕਿਹਾ ਕਿ ਕੰਪਨੀ ਨੇ ਜਿਕਸਰ 150 ਅਤੇ ਜਿਕਸਰ 250 ਦੇ ਨਵੇਂ ਮਾਡਲ ਪੇਸ਼ ਕੀਤੇ ਹਨ। ਇਸ ਨੂੰ ਭਾਰਤੀ ਬਾਜ਼ਾਰ ਨੂੰ ਧਿਆਨ 'ਚ ਰੱਖ ਕੇ ਹੀ ਵਿਕਸਿਤ ਕੀਤਾ ਗਿਆ ਹੈ। ਇਹ ਪੁੱਛੇ ਜਾਣ 'ਤੇ ਕੰਪਨੀ ਆਪਣੀ ਕੁੱਲ ਘਰੇਲੂ ਵਿਕਰੀ 'ਚ ਮੋਟਰਸਾਈਕਲ ਸ਼੍ਰੇਣੀ ਦੀ ਕਿੰਨੀ ਹਿੱਸੇਦਾਰੀ ਦਾ ਟੀਚਾ ਲੈ ਕੇ ਚੱਲ ਰਿਹਾ ਹੈ ਤਾਂ ਹਾਂਡਾ ਨੇ ਕਿਹਾ ਕਿ ਜੇਕਰ ਅਸੀਂ ਕਿਸਮਤ ਵਾਲੇ ਰਹੇ ਤਾਂ ਕੁਝ ਸਾਲਾਂ 'ਚ ਸਾਡੀ ਯੋਜਨਾ ਇਸ ਨੂੰ ਘੱਟ ਤੋਂ ਘੱਟ 20 ਫੀਸਦੀ 'ਤੇ ਪਹੁੰਚਾਉਣ ਦੀ ਹੈ। ਉਨ੍ਹਾਂ ਨੇ ਕਿਹਾ ਕਿ ਕੰਪਨੀ ਭਵਿੱਖ 'ਚ ਨਵੇਂ ਮਾਡਲ ਵੀ ਲਿਆਵੇਗੀ ਪਰ ਅਜੇ ਉਸ ਦੀ ਪੂਰੀ ਕੋਸ਼ਿਸ਼ ਵਿਕਰੀ ਵਧਾਉਣ 'ਤੇ ਹੈ।