ਗਰਮੀ ਦਾ ਮੌਸਮ ਜੇਬ 'ਤੇ ਪਵੇਗਾ ਭਾਰੀ, ਦਿਨ ਵੇਲੇ ਵਧੇਗਾ ਪਾਰਾ!

Thursday, Mar 15, 2018 - 11:36 AM (IST)

ਗਰਮੀ ਦਾ ਮੌਸਮ ਜੇਬ 'ਤੇ ਪਵੇਗਾ ਭਾਰੀ, ਦਿਨ ਵੇਲੇ ਵਧੇਗਾ ਪਾਰਾ!

ਨਵੀਂ ਦਿੱਲੀ— ਦਿਨ ਦੇ ਤਾਪਮਾਨ ਦੇ ਮੱਦੇਨਜ਼ਰ ਇਸ ਸਾਲ ਜ਼ਿਆਦਾ ਗਰਮੀ ਪੈਣ ਦਾ ਖਦਸ਼ਾ ਹੈ। ਗਰਮੀ ਨਾਲ ਸਬਜ਼ੀਆਂ ਦੀ ਸਪਲਾਈ ਪ੍ਰਭਾਵਿਤ ਹੋਵੇਗੀ, ਜਿਸ ਨਾਲ ਇਨ੍ਹਾਂ ਦੀਆਂ ਕੀਮਤਾਂ 'ਚ ਉਛਾਲ ਆ ਸਕਦਾ ਹੈ, ਯਾਨੀ ਇਨ੍ਹਾਂ ਦੇ ਮਹਿੰਗੇ ਹੋਣ ਨਾਲ ਤੁਹਾਡੀ ਜੇਬ 'ਤੇ ਅਸਰ ਪਵੇਗਾ। ਮੌਸਮ ਸੰਬੰਧੀ ਅੰਕੜੇ ਦੱਸਦੇ ਹਨ ਕਿ ਦਿੱਲੀ ਅਤੇ ਦੇਸ਼ ਦੇ ਉੱਤਰੀ ਹਿੱਸੇ ਦੇ ਦੂਜੇ ਸ਼ਹਿਰਾਂ 'ਚ ਪਾਰਾ 30 ਡਿਗਰੀ ਦਾ ਪੱਧਰ ਪਾਰ ਕਰ ਗਿਆ ਹੈ। ਭਾਰਤੀ ਮੌਸਮ ਵਿਭਾਗ ਨੇ ਮਾਰਚ-ਮਈ ਵਿਚਕਾਰ ਆਮ ਤੋਂ ਜ਼ਿਆਦਾ ਤਾਪਮਾਨ ਰਹਿਣ ਦਾ ਅੰਦਾਜ਼ਾ ਪ੍ਰਗਟ ਕੀਤਾ ਹੈ। ਇਸ ਸਾਲ ਗਰਮ ਹਵਾਵਾਂ ਚੱਲਣ ਦਾ ਖਦਸ਼ਾ ਹੈ, ਖਾਸ ਕਰਕੇ ਦੇਸ਼ ਦੇ ਉੱਤਰੀ-ਪੱਛਮੀ ਅਤੇ ਮੱਧ ਭਾਗ 'ਚ ਅਜਿਹੇ ਹਾਲਾਤ ਜ਼ਿਆਦਾ ਦਿਸ ਸਕਦੇ ਹਨ।
ਅੰਦਾਜ਼ਿਆਂ ਮੁਤਾਬਕ ਇਸ ਸਾਲ ਭਾਰਤ 'ਚ ਮਾਨਸੂਨ ਤੋਂ ਪਹਿਲਾਂ ਮੀਂਹ ਘੱਟ ਰਹਿ ਸਕਦਾ ਹੈ। ਮੌਸਮ ਦਾ ਅੰਦਾਜ਼ਾ ਲਾਉਣ ਵਾਲੀ ਨਿੱਜੀ ਸੰਸਥਾ ਮੁਤਾਬਕ, ਅਪ੍ਰੈਲ 'ਚ ਤੇਲੰਗਾਨਾ, ਵਿਦਰਭ, ਰਾਜਸਥਾਨ, ਗੁਜਰਾਤ, ਕਰਨਾਟਕ ਦੇ ਸੁਦੂਰ ਉੱਤਰੀ ਹਿੱਸੇ 'ਚ ਗਰਮ ਹਵਾਵਾਂ ਚੱਲਣੀਆਂ ਸ਼ੁਰੂ ਹੋ ਸਕਦੀਆਂ ਹਨ। ਇਨ੍ਹਾਂ ਇਲਾਕਿਆਂ 'ਚ ਤਾਪਮਾਨ 40 ਡਿਗਰੀ ਤੋਂ ਵਧ ਹੋ ਸਕਦਾ ਹੈ। ਮੌਸਮ ਵਿਭਾਗ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਮਾਰਚ ਅਤੇ ਮਈ ਵਿਚਕਾਰ ਗਰਮ ਹਵਾਵਾਂ ਦੇ ਲਿਹਾਜ ਨਾਲ ਸੰਵੇਦਨਸ਼ੀਲ ਮੰਨੇ ਜਾਂਦੇ ਖੇਤਰਾਂ 'ਚ ਤਾਪਮਾਨ ਆਮ ਤੋਂ ਜ਼ਿਆਦਾ ਹੋ ਸਕਦਾ ਹੈ। ਜਿਨ੍ਹਾਂ ਖੇਤਰਾਂ 'ਚ ਗਰਮ ਹਵਾਵਾਂ ਦਾ ਸਭ ਤੋਂ ਵਧ ਅਸਰ ਰਹਿੰਦਾ ਹੈ, ਉਨ੍ਹਾਂ 'ਚ ਪੰਜਾਬ, ਹਿਮਾਚਲ ਪ੍ਰਦੇਸ਼, ਉਤਰਾਖੰਡ, ਦਿੱਲੀ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਗੁਜਰਾਤ, ਬਿਹਾਰ, ਛੱਤੀਸਗੜ੍ਹ, ਝਾਰਖੰਡ, ਪੱਛਮੀ ਬੰਗਾਲ, ਮਹਾਰਾਸ਼ਟਰ, ਤੇਲੰਗਾਨਾ ਸ਼ਾਮਲ ਹਨ। 
ਹਾਲਾਂਕਿ ਤਾਪਮਾਨ ਵਧਣ ਦੇ ਬਾਵਜੂਦ ਕਣਕ, ਸਰੋਂ ਅਤੇ ਛੋਲਿਆਂ ਦੀ ਫਸਲ 'ਤੇ ਖਾਸ ਅਸਰ ਨਹੀਂ ਹੋਵੇਗਾ। ਇਕ ਰਿਸਰਚ ਸੰਸਥਾਨ ਮੁਤਾਬਕ ਕੁਝ ਹਿੱਸਿਆਂ 'ਚ ਦਿਨ ਦਾ ਤਾਪਮਾਨ ਵਧ ਗਿਆ ਹੈ ਪਰ ਰਾਤ ਦਾ ਤਾਪਮਾਨ ਹੁਣ ਵੀ ਠੀਕ ਹੈ। ਇਸ ਦਾ ਮਤਲਬ ਹੈ ਕਿ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ 'ਚ ਖੇਤਾਂ 'ਚ ਖੜ੍ਹੀ ਕਣਕ ਦੀ ਫਸਲ 'ਤੇ ਖਾਸ ਅਸਰ ਨਹੀਂ ਹੋਵੇਗਾ। ਹਾਲਾਂਕਿ ਗਰਮੀ ਦੀ ਮਾਰ ਜ਼ਿਆਦਾ ਸਮੇਂ ਤਕ ਰਹਿਣ ਨਾਲ ਪਾਣੀ ਅਤੇ ਬਿਜਲੀ ਦੀ ਸਮੱਸਿਆ ਪੈਦਾ ਹੋ ਸਕਦੀ ਹੈ। ਖਾਸ ਕਰਕੇ ਉਨ੍ਹਾਂ ਖੇਤਰਾਂ 'ਚ ਹਾਲਾਤ ਖਰਾਬ ਹੋਣਗੇ, ਜਿੱਥੇ ਪਾਣੀ ਦਾ ਪੱਧਰ ਘੱਟ ਹੋ ਗਿਆ ਹੈ।


Related News