ਕਿਸਾਨਾਂ ਦੀ ਫਿੱਕੀ ਦੀਵਾਲੀ, NOV ਤੋਂ ਖੁੱਲ੍ਹੇਗਾ ਮਿੱਲਾਂ ਦਾ ਪੀੜ

10/12/2019 3:26:36 PM

ਮੁੰਬਈ— ਮਿੱਲਾਂ 'ਚ ਗੰਨਾ ਪਿੜਾਈ ਦੇਰੀ ਨਾਲ ਸ਼ੁਰੂ ਹੋਣ ਕਾਰਨ ਕਿਸਾਨਾਂ ਦੀ ਦੀਵਾਲੀ ਫਿੱਕੀ ਰਹਿਣ ਵਾਲੀ ਹੈ। ਉੱਥੇ ਹੀ, ਮਹਾਰਾਸ਼ਟਰ ਦੀਆਂ ਖੰਡ ਮਿੱਲਾਂ 'ਚ ਵਿਧਾਨ ਸਭਾ ਚੋਣਾਂ ਤੇ ਦੀਵਾਲੀ ਮਗਰੋਂ ਹੀ ਪਿੜਾਈ ਦਾ ਕੰਮ ਸ਼ੁਰੂ ਹੋ ਸਕੇਗਾ। ਸੂਤਰਾਂ ਮੁਤਾਬਕ, ਸ਼ੂਗਰ ਮਿੱਲਾਂ ਨਵੰਬਰ ਦੇ ਪਹਿਲੇ ਹਫਤੇ ਤੋਂ ਕੰਮ ਕਰਨਾ ਸ਼ੁਰੂ ਕਰ ਦੇਣਗੀਆਂ। ਹਾਲਾਂਕਿ, ਇਸ ਸਾਲ ਮਰਾਠਾਵਾੜਾ ਖੇਤਰ 'ਚ ਜਿੱਥੇ ਭਾਰੀ ਸੋਕੇ ਨੇ ਗੰਨੇ ਦੀ ਕਾਸ਼ਤ ਨੂੰ ਪ੍ਰਭਾਵਿਤ ਕੀਤਾ ਉੱਥੇ ਹੀ ਪੱਛਮੀ ਮਹਾਰਾਸ਼ਟਰ 'ਚ ਹਾਲ ਹੀ 'ਚ ਆਏ ਹੜ੍ਹਾਂ ਕਾਰਨ ਸਾਂਗਲੀ, ਸਤਾਰਾ ਤੇ ਕੋਲਾਪੁਰ 'ਚ ਗੰਨੇ ਦੀ ਕਾਫੀ ਫਸਲ ਤਬਾਹ ਹੋਈ ਹੈ।

 


ਇੰਡਸਟਰੀ ਮਾਹਰਾਂ ਦਾ ਕਹਿਣਾ ਹੈ ਕਿ ਗੰਨੇ ਦੀ ਘਾਟ ਕਾਰਨ ਇਸ ਵਾਰ ਮਹਾਰਾਸ਼ਟਰ 'ਚ ਪਿੜਾਈ ਸੀਜ਼ਨ ਦੌਰਾਨ ਕਈ ਮਿੱਲਾਂ ਦਾ ਕੰਮ ਠੱਪ ਹੀ ਰਹਿ ਸਕਦਾ ਹੈ। ਪਿਛਲੇ ਸੀਜ਼ਨ 'ਚ ਮਹਾਰਾਸ਼ਟਰ ਦੀਆਂ 195 ਖੰਡ ਮਿੱਲਾਂ ਨੇ 952 ਲੱਖ ਟਨ ਗੰਨੇ ਦੀ ਪਿੜਾਈ ਕੀਤੀ ਸੀ ਤੇ 107 ਲੱਖ ਟਨ ਖੰਡ ਦਾ ਉਤਪਾਦਨ ਕੀਤਾ ਸੀ। ਹਾਲਾਂਕਿ, ਬਰਾਬਰ ਗਿਣਤੀ 'ਚ ਖੰਡ ਮਿੱਲਾਂ ਪਿੜਾਈ ਸ਼ੁਰੂ ਕਰਨ 'ਚ ਅਸਫਲ ਰਹੀਆਂ ਸਨ।

ਮਹਾਰਾਸ਼ਟਰ 'ਚ ਪਿੜਾਈ ਦਾ ਸੀਜ਼ਨ ਦੇਰੀ ਨਾਲ ਸ਼ੁਰੂ ਹੋਣ ਕਾਰਨ ਕਰਨਾਟਕ ਦੀ ਸਰਹੱਦ ਨਾਲ ਲੱਗਦੀਆਂ ਖੰਡ ਮਿੱਲਾਂ ਨੂੰ ਡਰ ਹੈ ਕਿ ਸੂਬੇ ਦਾ ਗੰਨਾ ਕਰਨਾਟਕ ਮਿੱਲਾਂ 'ਚ ਜਾ ਸਕਦਾ ਹੈ। ਉੱਥੇ ਹੀ, ਛੋਟੇ ਪਿੜਾਈ ਸੀਜ਼ਨ ਦਾ ਸਿੱਧਾ ਅਸਰ ਕਿਸਾਨਾਂ, ਗੰਨਾ ਕਾਸ਼ਤਕਾਰਾਂ ਤੇ ਖੰਡ ਵਪਾਰੀਆਂ 'ਤੇ ਪਵੇਗਾ। ਦਿਹਾਤੀ ਮਹਾਰਾਸ਼ਟਰ 'ਚ ਤਕਰੀਬਨ ਢਾਈ ਕਰੋੜ ਲੋਕ ਆਪਣੀ ਰੋਜ਼ੀ-ਰੋਟੀ ਲਈ ਖੰਡ ਸੀਜ਼ਨ 'ਤੇ ਨਿਰਭਰ ਹਨ। ਗੰਨਾ ਇੰਡਸਟਰੀ ਲਗਭਗ 1,65,000 ਲੋਕਾਂ ਨੂੰ ਸਿੱਧਾ ਰੋਜ਼ਗਾਰ ਦਿੰਦੀ ਹੈ। ਇਸ ਸੀਜ਼ਨ ਦੌਰਾਨ ਕਟਾਈ ਤੇ ਮਿੱਲਾਂ ਤਕ ਗੰਨਾ ਪਹੁੰਚਾਉਣ ਨਾਲ ਵੀ ਕਈ ਲੋਕਾਂ ਦੀ ਰੋਜ਼ੀ-ਰੋਟੀ ਨਿਕਲਦੀ ਹੈ।


Related News