ਕੋਰੋਨਾ ਦੇ ਡਰ ਕਾਰਨ ਸ਼ੇਅਰ ਬਾਜ਼ਾਰ ਡਿੱਗਿਆ, ਨਿਵੇਸ਼ਕਾਂ ਦੇ ਡੁੱਬੇ 5,64,594.68 ਕਰੋੜ ਰੁਪਏ
Wednesday, May 21, 2025 - 03:50 AM (IST)

ਮੁੰਬਈ - ਏਸ਼ੀਆਈ ਬਾਜ਼ਾਰਾਂ ਤੋਂ ਪਾਜ਼ੇਟਿਵ ਰੁਖ਼ ਦੇ ਬਾਵਜੂਦ ਭਾਰਤੀ ਸ਼ੇਅਰ ਬਾਜ਼ਾਰ ਅੱਜ ਭਾਵ ਮੰਗਲਵਾਰ ਨੂੰ ਹਰੇ ਨਿਸ਼ਾਨ ’ਚ ਖੁੱਲ੍ਹਣ ਤੋਂ ਬਾਅਦ ਵੱਡੀ ਗਿਰਾਵਟ ਲੈ ਕੇ ਲਾਲ ਨਿਸ਼ਾਨ ’ਚ ਬੰਦ ਹੋਇਆ। ਇਸ ਦੇ ਨਾਲ ਮਾਰਕੀਟ ’ਚ ਲਗਾਤਾਰ ਤੀਸਰੇ ਦਿਨ ਗਿਰਾਵਟ ਆਈ। ਆਟੋ ਅਤੇ ਫਾਈਨਾਂਸ਼ੀਅਲ ਸਰਵਿਸ ਸੈਕਟਰ ’ਚ ਬਿਕਵਾਲੀ ਨਾਲ ਨਿਫਟੀ-50 ਅਤੇ ਸੈਂਸੈਕਸ 1 ਫ਼ੀਸਦੀ ਤੋਂ ਜ਼ਿਆਦਾ ਫਿਸਲ ਗਏ। ਰਿਲਾਇੰਸ ਅਤੇ ਐੱਚ. ਡੀ. ਐੱਫ. ਸੀ. ਬੈਂਕ ਵਰਗੇ ਭਾਰੀ-ਭਰਕਮ ਵਾਲੇ ਸ਼ੇਅਰਾਂ ’ਚ ਬਿਕਵਾਲੀ ਨਾਲ ਵੀ ਬਾਜ਼ਾਰ ’ਚ ਗਿਰਾਵਟ ਡੂੰਘੀ ਹੋ ਗਈ।
30 ਸ਼ੇਅਰਾਂ ਵਾਲਾ ਬੰਬੇ ਸਟਾਕ ਐਕਸਚੇਂਜ (ਬੀ. ਐੱਸ. ਈ.) ਸੈਂਸੈਕਸ ਅੱਜ 57 ਅੰਕ ਦਾ ਵਾਧਾ ਲੈ ਕੇ 82,116.17 ’ਤੇ ਖੁੱਲ੍ਹਿਆ। ਸੋਮਵਾਰ ਨੂੰ ਇਹ 82,059.42 ’ਤੇ ਬੰਦ ਹੋਇਆ ਸੀ। ਕਾਰੋਬਾਰ ਦੇ ਅੰਤ ’ਚ ਇਹ 872.98 ਅੰਕ ਜਾਂ 1.06 ਫ਼ੀਸਦੀ ਦੀ ਗਿਰਾਵਟ ਨਾਲ 81,186.44 ’ਤੇ ਬੰਦ ਹੋਇਆ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਵੀ ਅੱਜ ਮਜ਼ਬੂਤੀ ਦੇ ਨਾਲ 24,996.20 ਅੰਕ ’ਤੇ ਖੁੱਲ੍ਹਿਆ। ਬਾਅਦ ’ਚ ਬਿਕਵਾਲੀ ਵਧਣ ਨਾਲ ਇਹ ਲਾਲ ਨਿਸ਼ਾਨ ’ਚ ਡਿੱਗ ਗਿਆ। ਅੰਤ ’ਚ ਇਹ 261.55 ਅੰਕ ਜਾਂ 1.05 ਫ਼ੀਸਦੀ ਡਿੱਗ ਕੇ 24,683.90 ਦੇ ਪੱਧਰ ’ਤੇ ਬੰਦ ਹੋਇਆ। ਇਸ ਗਿਰਾਵਟ ਨਾਲ ਬੀ.ਐੱਸ.ਈ. ’ਚ ਲਿਸਟਿਡ ਕੰਪਨੀਆਂ ਦਾ ਕੁੱਲ ਮਾਰਕੀਟ ਕੈਪ ਘਟ ਕੇ 4,38,03,259.51 ਕਰੋੜ ਰੁਪਏ ਹੋ ਗਿਆ ਭਾਵ ਨਿਵੇਸ਼ਕਾਂ ਦੇ 5,64,594.68 ਕਰੋੜ ਰੁਪਏ ਡੁੱਬ ਗਏ।
ਸ਼ੇਅਰ ਬਾਜ਼ਾਰ ’ਚ ਗਿਰਾਵਟ ਦੇ ਕਾਰਨ
1. ਭਾਰਤ ਵਿਚ ਪਿਛਲੇ ਕੁਝ ਦਿਨਾਂ ਵਿਚ ਕੋਰੋਨਾ ਵਾਇਰਸ (ਕੋਵਿਡ-19) ਦੇ ਮਾਮਲਿਆਂ ਵਿਚ ਅਚਾਨਕ ਵਾਧਾ ਦੇਖਿਆ ਗਿਆ ਹੈ, ਜਿਸ ਨੇ ਨਿਵੇਸ਼ਕਾਂ ਨੂੰ ਹੈਰਾਨ ਕਰ ਦਿੱਤਾ ਹੈ।
2. ਚੀਨ ਨੇ ਅਰਥ ਵਿਵਸਥਾ ਨੂੰ ਮਦਦ ਦੇਣ ਲਈ 1 ਸਾਲਾ ਕਰਜ਼ਾ ਪ੍ਰਾਈਮ ਦਰ ਨੂੰ 3.1 ਫੀਸਦੀ ਤੋਂ ਘਟਾ ਕੇ 3 ਫੀਸਦੀ ਕਰ ਦਿੱਤਾ ਹੈ। ਨਾਲ ਹੀ 5 ਸਾਲਾ ਕਰਜ਼ਾ ਪ੍ਰਾਈਮ ਦਰ ਨੂੰ 3.6 ਫੀਸਦੀ ਤੋਂ ਘਟਾ ਕੇ 3.5 ਫੀਸਦੀ ਕਰ ਦਿੱਤਾ ਹੈ। ਇਹ ਅਜਿਹੇ ਸਮੇਂ ਹੋਇਆ ਹੈ ਜਦੋਂ ਅਮਰੀਕਾ ਨਾਲ ਵਪਾਰ ਤਣਾਅ ਕਾਰਨ ਪਹਿਲਾਂ ਤੋਂ ਹੀ ਸੁਸਤ ਪਈ ਚੀਨੀ ਵਿਕਾਸ ਦਰ ਦੇ ਲੀਹ ਤੋਂ ਲੱਥਣ ਦਾ ਖਤਰਾ ਹੈ।
3. ਏਸ਼ੀਆਈ ਬਾਜ਼ਾਰ ਲਾਲ ਨਿਸ਼ਾਨ ਵਿਚ ਰਹੇ। ਸਾਊਥ ਕੋਰੀਆ ਦਾ ਕੋਸਪੀ ਡਿੱਗਿਆ ਅਤੇ ਅਮਰੀਕੀ ਫਿਊਚਰਜ਼ ਵੀ ਕਮਜ਼ੋਰ ਖੁੱਲ੍ਹੇ। ਫੈਡ ਦੇ ਰਾਫੇਲ ਬੋਸਟਿਕ ਨੇ 2025 ਵਿਚ ਸਿਰਫ ਇਕ ਵਿਆਜ ਦਰ ਕਟੌਤੀ ਦੀ ਗੱਲ ਕਹੀ, ਜਿਸ ਨਾਲ ਮਹਿੰਗਾਈ ਦੀ ਚਿੰਤਾ ਵਧੀ।