ਸ਼ੇਅਰ ਬਾਜ਼ਾਰ ''ਚ ਸ਼ਾਨਦਾਰ ਵਾਧਾ : ਸੈਂਸੈਕਸ 1,800 ਅੰਕਾਂ ਦੇ ਉਛਾਲ ਨਾਲ ਵਧਿਆ, ਜਾਣੋ ਬਾਜ਼ਾਰ ''ਚ ਤੇਜ਼ੀ ਦੇ 5 ਵੱਡੇ ਕਾਰਨ
Wednesday, Apr 01, 2026 - 10:04 AM (IST)
ਬਿਜ਼ਨੈੱਸ ਡੈਸਕ : ਬੁੱਧਵਾਰ ਦਾ ਦਿਨ ਭਾਰਤੀ ਸ਼ੇਅਰ ਬਾਜ਼ਾਰ ਲਈ ਖੁਸ਼ੀਆਂ ਭਰਿਆ ਰਿਹਾ। ਪਿਛਲੇ ਕੁਝ ਦਿਨਾਂ ਤੋਂ ਜਾਰੀ ਗਿਰਾਵਟ ਤੋਂ ਬਾਅਦ ਅੱਜ ਦਲਾਲ ਸਟ੍ਰੀਟ ਨੇ ਜ਼ਬਰਦਸਤ ਵਾਪਸੀ ਕੀਤੀ ਹੈ। ਵਿਸ਼ਵ ਪੱਧਰੀ ਤਣਾਅ ਘਟਣ ਦੇ ਸੰਕੇਤਾਂ ਅਤੇ ਸਸਤੇ ਭਾਅ 'ਤੇ ਮਿਲ ਰਹੇ ਸ਼ੇਅਰਾਂ ਨੇ ਨਿਵੇਸ਼ਕਾਂ ਵਿੱਚ ਨਵੀਂ ਰੂਹ ਫੂਕ ਦਿੱਤੀ ਹੈ।
ਬਾਜ਼ਾਰ ਦੀ ਤੂਫਾਨੀ ਸ਼ੁਰੂਆਤ
ਕਾਰੋਬਾਰ ਦੀ ਸ਼ੁਰੂਆਤ ਵਿੱਚ ਹੀ BSE ਸੈਂਸੈਕਸ 1,823.74 ਅੰਕਾਂ ਦੀ ਭਾਰੀ ਬੜ੍ਹਤ ਨਾਲ 73,771.29 ਦੇ ਪੱਧਰ 'ਤੇ ਪਹੁੰਚ ਗਿਆ। ਦੂਜੇ ਪਾਸੇ, ਨਿਫਟੀ 50 ਵੀ 548.60 ਅੰਕਾਂ ਦੀ ਤੇਜ਼ੀ ਦਿਖਾਉਂਦੇ ਹੋਏ 22,880 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਖਾਸ ਗੱਲ ਇਹ ਰਹੀ ਕਿ ਅੱਜ ਦੀ ਇਹ ਤੇਜ਼ੀ ਸਿਰਫ਼ ਇੱਕ ਸੈਕਟਰ ਤੱਕ ਸੀਮਤ ਨਹੀਂ ਸੀ, ਸਗੋਂ ਬੈਂਕਿੰਗ, ਆਈ.ਟੀ., ਆਟੋ ਅਤੇ ਫਾਈਨੈਂਸ ਵਰਗੇ ਸਾਰੇ ਪ੍ਰਮੁੱਖ ਖੇਤਰਾਂ ਵਿੱਚ ਜੰਮ ਕੇ ਖਰੀਦਦਾਰੀ ਹੋਈ।
ਬਾਜ਼ਾਰ 'ਚ ਤੇਜ਼ੀ ਦੇ ਮੁੱਖ ਕਾਰਨ:
1. ਜੰਗ ਟਲਣ ਦੀ ਉਮੀਦ: ਮਾਹਿਰਾਂ ਅਨੁਸਾਰ ਬਾਜ਼ਾਰ ਵਿੱਚ ਇਸ ਉਛਾਲ ਦਾ ਸਭ ਤੋਂ ਵੱਡਾ ਕਾਰਨ ਅੰਤਰਰਾਸ਼ਟਰੀ ਪੱਧਰ 'ਤੇ ਤਣਾਅ ਦਾ ਘੱਟ ਹੋਣਾ ਹੈ। ਈਰਾਨ ਦੇ ਰਾਸ਼ਟਰਪਤੀ ਅਤੇ ਵਿਦੇਸ਼ ਮੰਤਰੀ ਦੇ ਹਾਲੀਆ ਬਿਆਨਾਂ ਨੇ ਨਿਵੇਸ਼ਕਾਂ ਨੂੰ ਰਾਹਤ ਦਿੱਤੀ ਹੈ, ਜਿਸ ਨਾਲ ਸੰਕੇਤ ਮਿਲੇ ਹਨ ਕਿ ਜੰਗ ਜਲਦੀ ਖ਼ਤਮ ਹੋ ਸਕਦੀ ਹੈ ਅਤੇ ਅਮਰੀਕਾ ਨਾਲ ਗੱਲਬਾਤ ਦੇ ਰਸਤੇ ਖੁੱਲ੍ਹ ਸਕਦੇ ਹਨ।
2. ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ: ਜਿਓਜੀਤ ਇਨਵੈਸਟਮੈਂਟਸ ਦੇ ਰਣਨੀਤੀਕਾਰ ਡਾ. ਵੀ.ਕੇ. ਵਿਜੇਕੁਮਾਰ ਅਨੁਸਾਰ, ਜੰਗ ਦੀ ਸੰਭਾਵਨਾ ਘਟਣ ਨਾਲ ਕੱਚੇ ਤੇਲ ਦੀਆਂ ਕੀਮਤਾਂ ਅਤੇ ਅਮਰੀਕੀ ਬਾਂਡ ਯੀਲਡ ਵਿੱਚ ਗਿਰਾਵਟ ਆਈ ਹੈ, ਜਿਸਦਾ ਸਿੱਧਾ ਸਕਾਰਾਤਮਕ ਅਸਰ ਭਾਰਤੀ ਬਾਜ਼ਾਰ 'ਤੇ ਪਿਆ ਹੈ।
3. ਬੈਂਕ ਸ਼ੇਅਰਾਂ ਵਿੱਚ ਸ਼ਾਨਦਾਰ ਰਿਕਵਰੀ: ਮਾਰਚ ਦਾ ਮਹੀਨਾ ਬੈਂਕਿੰਗ ਸੈਕਟਰ ਲਈ ਕਾਫੀ ਮੁਸ਼ਕਲ ਰਿਹਾ ਸੀ, ਪਰ ਅੱਜ HDFC ਬੈਂਕ, ICICI ਬੈਂਕ, SBI ਅਤੇ ਐਕਸਿਸ ਬੈਂਕ ਵਰਗੇ ਵੱਡੇ ਸ਼ੇਅਰਾਂ ਵਿੱਚ ਸ਼ਾਨਦਾਰ ਵਾਪਸੀ ਦੇਖਣ ਨੂੰ ਮਿਲੀ। ਜਾਣਕਾਰਾਂ ਦਾ ਮੰਨਣਾ ਹੈ ਕਿ ਚੰਗੇ ਬੈਂਕ ਸ਼ੇਅਰ ਹੁਣ ਲੰਬੀ ਮਿਆਦ ਦੇ ਨਿਵੇਸ਼ਕਾਂ ਲਈ ਬਿਹਤਰ ਮੌਕਾ ਬਣ ਗਏ ਹਨ।
4. ਟੈਕਸ ਹਾਰਵੈਸਟਿੰਗ ਤੋਂ ਬਾਅਦ ਖਰੀਦਦਾਰੀ: ਮਾਰਚ ਦੇ ਅੰਤ ਵਿੱਚ ਟੈਕਸ ਬਚਾਉਣ (ਟੈਕਸ ਹਾਰਵੈਸਟਿੰਗ) ਦੇ ਚੱਕਰ ਵਿੱਚ ਨਿਵੇਸ਼ਕਾਂ ਨੇ ਕਾਫੀ ਵਿਕਰੀ ਕੀਤੀ ਸੀ, ਜਿਸ ਨਾਲ ਕਈ ਮਜ਼ਬੂਤ ਕੰਪਨੀਆਂ ਦੇ ਸ਼ੇਅਰ ਸਸਤੇ ਹੋ ਗਏ ਸਨ। ਹੁਣ ਉਹ ਦਬਾਅ ਖ਼ਤਮ ਹੁੰਦੇ ਹੀ ਸ਼ੇਅਰਾਂ ਵਿੱਚ 'ਸ਼ਾਰਟ ਕਵਰਿੰਗ' ਸ਼ੁਰੂ ਹੋ ਗਈ ਹੈ, ਜੋ ਬਾਜ਼ਾਰ ਨੂੰ ਉੱਪਰ ਲੈ ਜਾ ਰਹੀ ਹੈ।
ਨਿਵੇਸ਼ਕਾਂ ਦਾ ਮੁੜਿਆ ਭਰੋਸਾ
ਕੁੱਲ ਮਿਲਾ ਕੇ, ਨਿਵੇਸ਼ਕਾਂ ਦਾ ਭਰੋਸਾ ਇੱਕ ਵਾਰ ਫਿਰ ਪਰਤ ਆਇਆ ਹੈ ਅਤੇ ਬਾਜ਼ਾਰ ਮਜ਼ਬੂਤੀ ਦੀ ਰਾਹ 'ਤੇ ਹੈ। ਸਸਤੇ ਭਾਅ 'ਤੇ ਚੰਗੇ ਸ਼ੇਅਰਾਂ ਦੀ ਉਪਲਬਧਤਾ ਨੇ ਖਰੀਦਦਾਰਾਂ ਨੂੰ ਖਿੱਚਿਆ ਹੈ, ਜਿਸ ਨਾਲ ਅੱਜ ਬਾਜ਼ਾਰ ਵਿੱਚ ਚਾਰੇ ਪਾਸੇ ਹਰਿਆਲੀ ਦੇਖਣ ਨੂੰ ਮਿਲੀ।
