ਮਹਿੰਗਾ ਹੋਵੇਗਾ ਸਟੀਲ, ਅਪ੍ਰੈਲ ਤੋਂ 4,000 ਰੁਪਏ ਪ੍ਰਤੀ ਟਨ ਵੱਧ ਸਕਦੇ ਨੇ ਮੁੱਲ
Sunday, Mar 28, 2021 - 09:31 AM (IST)
ਨਵੀਂ ਦਿੱਲੀ– ਸਟੀਲ ਮਹਿੰਗਾ ਹੋਣ ਜਾ ਰਿਹਾ ਹੈ ਕਿਉਂਕਿ ਸਟੀਲ ਬਣਾਉਣ ਵਾਲੀਆਂ ਵੱਡੀਆਂ ਕੰਪਨੀਆਂ ਅਪ੍ਰੈਲ ਤੋਂ ਇਸ ਦੀਆਂ ਕੀਮਤਾਂ ਵਧਾਉਣ ਦੀ ਤਿਆਰੀ ’ਚ ਹਨ। ਇਨ੍ਹਾਂ ’ਚ ਜੇ. ਐੱਸ. ਡਬਲਯੂ. ਸਟੀਲ, ਜੇ. ਐੱਸ. ਪੀ. ਐੱਲ., ਏ. ਐੱਮ./ਐੱਨ. ਐੱਸ. ਅਤੇ ਟਾਟਾ ਸਟੀਲ ਸ਼ਾਮਲ ਹਨ। ਇਹ ਅਪ੍ਰੈਲ ਤੋਂ ਬੈਂਚਮਾਰਕ ਹੌਟ-ਰੋਲਡ ਕਾਇਲ ਦੀ ਕੀਮਤ 4,000 ਰੁਪਏ ਪ੍ਰਤੀ ਟਨ ਵਧਾ ਸਕਦੀਆਂ ਹਨ।
ਇਕ ਵੱਡੀ ਸਟੀਲ ਕੰਪਨੀ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ ਬਾਰੇ ਫੈਸਲਾ ਹਾਲੇ ਬਾਕੀ ਹਨ ਪਰ ਅਸੀਂ ਪਹਿਲੀ ਅਪ੍ਰੈਲ ਤੋਂ ਕੌਮਾਂਤਰੀ ਬਾਜ਼ਾਰਾਂ ਦੀਆਂ ਕੀਮਤਾਂ ਅਤੇ ਆਇਰਨ ਓਰ ਦੀ ਵਧਦੀ ਲਾਗਤ ਨੂੰ ਦੇਖਦੇ ਹੋਏ ਕੀਮਤ ’ਚ ਲਗਭਗ 4,000 ਰੁਪਏ ਪ੍ਰਤੀ ਟਨ ਵਾਧੇ ਦੀ ਯੋਜਨਾ ਬਣਾ ਰਹੇ ਹਨ। ਇਕ ਵਿਸ਼ਲੇਸ਼ਕ ਨੇ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵਲੋਂ ਕਸਟਮ ਡਿਊਟੀ ਨੂੰ 12.5 ਤੋਂ 7.5 ਫੀਸਦੀ ਕਰਨ ਤੋਂ ਬਾਅਦ ਸਟੀਲ ਮਿੱਲਾਂ ਨੇ ਮਾਰਚ ਦੀ ਸ਼ੁਰੂਆਤ ’ਚ ਕੀਮਤਾਂ ’ਚ 1,000 ਰੁਪਏ ਪ੍ਰਤੀ ਟਨ ਦੀ ਕਮੀ ਕੀਤੀ ਸੀ। ਇਹ ਕਟੌਤੀ ਅਰਧ, ਫਲੈਟ ਅਤੇ ਲਾਂਗ ਪ੍ਰੋਡਕਟਸ ਅਤੇ ਸਟੇਨਲੈੱਸ ਸਟੀਲ ਉਤਪਾਦਾਂ ’ਤੇ ਹੋਈ ਸੀ।
ਲਾਕਡਾਊਨ ਤੋਂ ਬਾਅਦ 13ਵੀਂ ਵਾਰ ਹੋਵੇਗਾ ਵਾਧਾ
ਚੀਨ ਅਤੇ ਹੋਰ ਕੌਮਾਂਤਰੀ ਬਾਜ਼ਾਰਾਂ ’ਚ ਵਧਦੀਆਂ ਕੀਮਤਾਂ ਨੂੰ ਦੇਖਦੇ ਹੋਏ ਭਾਰਤੀ ਸਟੀਲ ਕੰਪਨੀਆਂ ਰੇਟ ਵਧਾਉਣਗੀਆਂ। ਪਿਛਲੇ ਸਾਲ ਲਾਕਡਾਊਨ ਤੋਂ ਬਾਅਦ ਕੰਪਨੀਆਂ ਵਲੋਂ ਇਹ 13ਵੀਂ ਵਾਰ ਕੀਤਾ ਗਿਆ ਵਾਧਾ ਹੋਵੇਗਾ। ਮੌਜੂਦਾ ਐੱਚ. ਆਰ. ਸੀ. ਮੁੱਲ ਪੱਧਰ ’ਤੇ 56,000 ਰੁਪਏ ਪ੍ਰਤੀ ਟਨ ਦੇ ਘੇਰੇ ’ਚ ਹੈ। ਵਾਧੇ ਤੋਂ ਬਾਅਦ ਇਹ 58,000-60,000 ਰੁਪਏ ਤੱਕ ਪਹੁੰਚ ਜਾਏਗਾ। ਪਿਛਲੇ ਸਾਲ ਦੀ ਇਸ ਮਿਆਦ ’ਚ ਕੀਮਤਾਂ ਲਗਭਗ 35,000-36,000 ਰੁਪਏ ਪ੍ਰਤੀ ਟਨ ਸਨ।