ਖ਼ੁਸ਼ਖ਼ਬਰੀ, ਤਿਉਹਾਰਾਂ ਮੌਕੇ SBI ਦਾ ਖ਼ਾਤਾਧਾਰਕਾਂ ਨੂੰ ਵੱਡਾ ਤੋਹਫ਼ਾ, ਸਸਤਾ ਕੀਤਾ ਹੋਮ ਲੋਨ

Thursday, Oct 22, 2020 - 09:51 AM (IST)

ਖ਼ੁਸ਼ਖ਼ਬਰੀ, ਤਿਉਹਾਰਾਂ ਮੌਕੇ SBI ਦਾ ਖ਼ਾਤਾਧਾਰਕਾਂ ਨੂੰ ਵੱਡਾ ਤੋਹਫ਼ਾ, ਸਸਤਾ ਕੀਤਾ ਹੋਮ ਲੋਨ

ਮੁੰਬਈ (ਭਾਸ਼ਾ) : ਘਰ ਖ਼ਰੀਦਣ ਵਾਲੇ ਲੋਕਾਂ ਨੂੰ ਤਿਉਹਾਰਾਂ ਦੇ ਮੌਕੇ 'ਤੇ ਹੋਰ ਜ਼ਿਆਦਾ ਖ਼ੁਸ਼ੀ ਦੇਣ ਦੇ ਮਕਸਦ ਨਾਲ ਦੇਸ਼ ਦੇ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਗਾਹਕਾਂ ਨੂੰ ਰਿਹਾਇਸ਼ੀ ਕਰਜ਼ੇ (ਹੋਮ ਲੋਨ) 'ਤੇ ਵਿਆਜ਼ ਦਰਾਂ 'ਚ 0.25 ਫ਼ੀਸਦੀ ਦੀ ਛੋਟ ਦੇਣ ਦਾ ਐਲਾਨ ਕੀਤਾ ਹੈ। ਦੇਸ਼ ਦੇ ਸਭ ਤੋਂ ਵੱਡੇ ਬੈਂਕ ਐੱਸ. ਬੀ. ਆਈ. ਦੇ ਗਾਹਕਾਂ ਨੂੰ ਉਨ੍ਹਾਂ ਦੇ ਸਿਬਿਲ ਸਕੋਰ ਦੇ ਹਿਸਾਬ ਨਾਲ 'ਯੋਨੋ' ਰਾਹੀਂ ਅਰਜ਼ੀ ਦਾਖਲ ਕਰਨ 'ਤੇ 75 ਲੱਖ ਰੁਪਏ ਤੋਂ ਵੱਧ ਦੇ ਰਿਹਾਇਸ਼ੀ ਕਰਜ਼ੇ 'ਤੇ ਵਿਆਜ਼ 'ਚ 0.25 ਫ਼ੀਸਦੀ ਦੀ ਛੋਟ ਦਿੱਤੀ ਜਾਏਗੀ।

ਯੋਨੋ ਬੈਂਕ ਦਾ ਡਿਜੀਟਲ ਕਰਜ਼ਾ ਪਲੇਟਫਾਰਮ ਹੈ। ਐੱਸ. ਬੀ. ਆਈ. ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਆਪਣੀ ਤਿਓਹਾਰੀ ਪੇਸ਼ਕਸ਼ ਦੇ ਤਹਿਤ ਉਹ ਗਾਹਕਾਂ ਨੂੰ 30 ਲੱਖ ਤੋਂ ਵੱਧ ਦੇ ਅਤੇ 2 ਕਰੋੜ ਰੁਪਏ ਤੱਕ ਦੇ ਰਿਹਾਇਸ਼ੀ ਕਰਜ਼ੇ 'ਤੇ ਕ੍ਰੈਡਿਟ ਸਕੋਰ ਦੇ ਅਧਾਰ 'ਤੇ ਵਿਆਜ਼ ਦਰ 'ਚ 0.20 ਫੀਸਦੀ ਦੀ ਛੋਟ ਦੇਵੇਗਾ। ਪਹਿਲਾਂ ਬੈਂਕ ਨੇ 0.10 ਫੀਸਦੀ ਦੀ ਛੋਟ ਦੇਣ ਦਾ ਐਲਾਨ ਕੀਤਾ ਸੀ। ਇਹ ਯੋਜਨਾ ਦੇਸ਼ ਭਰ ਲਈ ਹੋਵੇਗੀ। ਇਹੀ ਛੋਟ 8 ਮਹਾਨਗਰਾਂ 'ਚ 3 ਕਰੋੜ ਰੁਪਏ ਤੱਕ ਦੇ ਰਿਹਾਇਸ਼ੀ ਕਰਜ਼ੇ 'ਤੇ ਦਿੱਤੀ ਜਾਏਗੀ। ਜੇ ਗਾਹਕ ਯੋਨੋ ਮੰਚ ਲਈ ਅਰਜ਼ੀ ਦਾਖ਼ਲ ਕਰਦੇ ਹਨ ਤਾਂ 0.05 ਫ਼ੀਸਦੀ ਵੀ ਵਾਧੂ ਛੋਟ ਦਿੱਤੀ ਜਾਏਗੀ।

ਬੈਂਕ ਹਾਲੇ 30 ਲੱਖ ਰੁਪਏ ਤੱਕ ਦਾ ਰਿਹਾਇਸ਼ੀ ਕਰਜ਼ਾ 6.90 ਫੀਸਦੀ ਹੀ ਹੇਠਲੀ ਵਿਆਜ਼ ਦਰ 'ਤੇ ਦੇ ਰਿਹਾ ਹੈ। 30 ਲੱਖ ਰੁਪਏ ਤੋਂ ਵੱਧ ਦੇ ਰਿਹਾਇਸ਼ੀ ਕਰਜ਼ੇ 'ਤੇ ਵਿਆਜ਼ ਦਰ 7 ਫ਼ੀਸਦੀ ਹੈ। ਐੱਸ. ਬੀ. ਆਈ. ਦੇ ਮੈਨੇਜਿੰਗ ਡਾਇਰੈਕਟਰ (ਪ੍ਰਚੂਨ ਅਤੇ ਡਿਜੀਟਲ ਬੈਂਕਿੰਗ) ਸੀ. ਐੱਸ. ਸ਼ੈੱਟੀ ਨੇ ਕਿਹਾ ਕਿ ਐੱਸ. ਬੀ. ਆਈ. ਦੇ ਸਸਤੇ ਰਿਹਾਇਸ਼ੀ ਕਰਜ਼ੇ ਰਾਹੀਂ ਘਰ ਖਰੀਦਦਾਰ ਆਪਣੇ ਸੁਪਨਿਆਂ ਦਾ ਮਹੱਲ ਖ਼ਰੀਦ ਸਕਣਗੇ। ਹੁਣ ਦੇਸ਼ ਕੋਵਿਡ-19 ਤੋਂ ਬਾਅਦ ਦੇ ਦੌਰ ਲਈ ਤਿਆਰੀ ਕਰ ਰਿਹਾ ਹੈ। ਖਪਤਕਾਰ ਮੰਗ 'ਚ ਹੁਣ ਸੁਧਾਰ ਹੋ ਰਿਹਾ ਹੈ। ਐੱਸ. ਬੀ. ਆਈ. 'ਚ ਅਸੀਂ ਗਾਹਕਾਂ ਦੀਆਂ ਲੋੜਾਂ ਦੇ ਮੁਤਾਬਕ ਆਕਰਸ਼ਕ ਪੇਸ਼ਕਸ਼ ਲਿਆਉਂਦੇ  ਰਹਾਂਗੇ।


author

cherry

Content Editor

Related News