ਭਾਰਤ ਤੋਂ ਕਰਜ਼ਾ ਸਹੂਲਤ ਦੇ ਤਹਿਤ ਸ਼੍ਰੀਲੰਕਾ ਨੂੰ ਮਿਲੇਗੀ ਈਂਧਨ ਦੀ ਆਖਰੀ ਖੇਪ
Sunday, Jun 12, 2022 - 04:15 PM (IST)
ਕੋਲੰਬੋ (ਭਾਸ਼ਾ) – ਭਾਰਤ ਵਲੋਂ ਸ਼੍ਰੀਲੰਕਾ ਨੂੰ ਦਿੱਤੀ ਗਈ ਕਰਜ਼ਾ ਸਹੂਲਤ ਦੇ ਤਹਿਤ ਕੀਤੀ ਜਾਣ ਵਾਲੀ ਈਂਧਨ ਸਪਲਾਈ ਦੀ ਆਖਰੀ ਖੇਪ ਇਸ ਮਹੀਨੇ ਦੇ ਅਖੀਰ ’ਚ ਸ਼੍ਰੀਲੰਕਾ ਪਹੁੰਚ ਜਾਏਗੀ। ਭਵਿੱਖ ਦੀ ਤੇਲ ਸਪਲਾਈ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਸੰਕੇਤ ਨਹੀਂ ਦਿੱਤਾ ਗਿਆ ਹੈ। ਸ਼੍ਰੀਲੰਕਾ ਦੇ ਊਰਜਾ ਮੰਤਰੀ ਕੰਚਨ ਵਿਜੇਸ਼ੇਖਰ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਭਾਰਤ ਤੋਂ ਕਰਜ਼ਾ ਸਹੂਲਤ ਦੇ ਤਹਿਤ ਡੀਜ਼ਲ ਦੀ ਆਖਰੀ ਖੇਪ 16 ਜੂਨ ਨੂੰ ਆਵੇਗੀ ਜਦ ਕਿ ਪੈਟਰੋਲ ਦੀ ਆਖਰੀ ਖੇਪ 22 ਜੂਨ ਨੂੰ ਇੱਥੇ ਪਹੁੰਚੇਗੀ।
ਡੂੰਘੇ ਵਿੱਤੀ ਸੰਕਟ ਨਾਲ ਜੂਝ ਰਿਹਾ ਸ਼੍ਰੀਲੰਕਾ ਈਂਧਨ ਖਰੀਦ ਲਈ ਪੂਰੀ ਤਰ੍ਹਾਂ ਭਾਰਤ ਤੋਂ ਮਿਲਣ ਵਾਲੀ ਕਰਜ਼ਾ ਸਹੂਲਤ ’ਤੇ ਨਿਰਭਰ ਹੈ। ਭਾਰਤ ਨੇ ਉਸ ਨੂੰ ਸ਼ੁਰੂਆਤ ’ਚ 50 ਕਰੋੜ ਡਾਲਰ ਦੀ ਕਰਜ਼ਾ ਸਹੂਲਤ ਦਿੱਤੀ ਸੀ ਅਤੇ ਉਸ ਤੋਂ ਬਾਅਦ 20 ਕਰੋੜ ਡਾਲਰ ਦੀ ਵਾਧੂ ਮਦਦ ਵੀ ਦਿੱਤੀ ਸੀ। ਵਿਜੇਸ਼ੇਖਰ ਨੇ ਕਿਹਾ ਕਿ ਡੀਜ਼ਲ ਦੀ ਘੱਟੋ-ਘੱਟ ਰੋਜ਼ਾਨਾ ਲੋੜ 5,000 ਟਨ ਹੈ। ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਅਸੀਂ ਪਿਛਲੇ ਹਫਤੇ ਪਹਿਲ ਦੇ ਆਧਾਰ ’ਤੇ 2,800-3,000 ਟਨ ਡੀਜ਼ਲ ਹੀ ਵਿਕਰੀ ਲਈ ਜਾਰੀ ਕੀਤਾ।
ਉਨ੍ਹਾਂ ਨੇ ਦੱਸਿਆ ਕਿ ਪੈਟਰੋਲ ਦੀ ਰੋਜ਼ਾਨਾ ਲੋੜ 3,500 ਟਨ ਹੈ ਪਰ ਪਿਛਲੇ ਮੰਗਲਵਾਰ ਤੋਂ 3,000-3200 ਟਨ ਪੈਟਰੋਲ ਹੀ ਰੋਜ਼ਾਨਾ ਜਾਰੀ ਕੀਤਾ ਜਾ ਰਿਹਾ ਹੈ। ਵਿਦੇਸ਼ੀ ਮੁਦਰਾ ਦੀ ਕਿੱਲਤ ਹੋਣ ਕਾਰਨ ਸ਼੍ਰੀਲੰਕਾ ਆਪਣੀ ਲੋੜ ਦੀਆਂ ਚੀਜ਼ਾਂ ਵੀ ਨਹੀਂ ਖਰੀਦ ਪਾ ਰਿਹਾ ਹੈ। ਅਜਿਹੇ ’ਚ ਭਾਰਤ ਈਂਧਨ ਖਰੀਦ ਦੇ ਇਕ ਭਰੋਸੇਯੋਗ ਮਦਦਗਾਰ ਦੇ ਤੌਰ ’ਤੇ ਸਾਹਮਣੇ ਆਇਆ ਹੈ। ਪਰ ਭਾਰਤ ਵਲੋਂ ਸ਼੍ਰੀਲੰਕਾ ਨੂੰ ਦਿੱਤੀ ਲਈ ਮੌਜੂਦਾ ਕਰਜ਼ਾ ਸਹੂਲਤ ਵੀ ਹੁਣ ਖਤਮ ਹੋਣ ਵਾਲੀ ਹੈ ਅਤੇ ਭਵਿੱਖ ਦੀ ਤੇਲ ਸਪਲਾਈ ਨੂੰ ਲੈ ਕੇ ਕੋਈ ਸੰਕੇਤ ਨਹੀਂ ਦਿੱਤੇ ਗਏ ਹਨ। ਹਾਲਾਂਕਿ ਸ਼੍ਰੀਲੰਕਾ ਸਰਕਾਰ ਨੇ ਕਿਹਾ ਸੀ ਕਿ ਉਹ ਈਂਧਨ ਖਰੀਦ ਲਈ ਭਾਰਤ ਨਾਲ ਕਰਜ਼ਾ ਸਹੂਲਤ ਵਧਾਉਣ ਬਾਰੇ ਗੱਲ ਕਰ ਰਹੀ ਹੈ। ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਵੀ ਕਹਿ ਚੁੱਕੇ ਹਨ ਕਿ ਭਾਰਤ ਤੋਂ ਇਲਾਵਾ ਕਿਸੇ ਵੀ ਹੋਰ ਦੇਸ਼ ਨੇ ਈਂਧਨ ਖਰੀਦ ਲਈ ਸ਼੍ਰੀਲੰਕਾ ਦੀ ਮਦਦ ਨਹੀਂ ਕੀਤੀ ਹੈ।
ਇਹ ਵੀ ਪੜ੍ਹੋ : ਭਾਰਤ ਨੇ 24 ਹਵਾਈ ਅੱਡਿਆਂ ਦੇ ਰੇਡੀਓ ਉਪਕਰਨਾਂ ਦੀ ਸਪਲਾਈ ਲਈ ਰੂਸ ਨਾਲ ਕੀਤਾ ਵੱਡਾ ਸਮਝੌਤਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।