Sona Comstar 'ਚ ਤੇਜ਼ੀ, ਸੁਸਤ ਲਿਸਟਿੰਗ ਪਿੱਛੋਂ ਲੱਗਾ Upper ਸਰਕਟ
Thursday, Jun 24, 2021 - 02:44 PM (IST)

ਨਵੀਂ ਦਿੱਲੀ- ਬਲੈਕਸਟੋਨ ਦੇ ਨਿਵੇਸ਼ ਵਾਲੀ ਆਟੋਮੈਟਿਵ ਟੈਕਨਾਲੋਜੀ ਕੰਪਨੀ ਸੋਨਾ ਬੀ. ਐੱਲ. ਡਬਲਿਊ. ਪ੍ਰੀਸੀਜ਼ਨ ਫੋਰਜਿੰਗਸ (ਸੋਨਾ ਕਾਮਸਟਾਰ) ਦੇ ਸ਼ੇਅਰਾਂ ਦੀ ਅੱਜ ਸੁਸਤ ਲਿਸਟਿੰਗ ਦੇਖਣ ਨੂੰ ਮਿਲੀ। ਬੀ. ਐੱਸ. ਈ. 'ਤੇ ਅੱਜ ਇਹ ਸ਼ੇਅਰ 3.9 ਫ਼ੀਸਦੀ ਦੇ ਮਾਮੂਲੀ ਪ੍ਰੀਮੀਅਮ ਨਾਲ 302.4 ਰੁਪਏ 'ਤੇ ਲਿਸਟ ਹੋਇਆ, ਜਦੋਂ ਕਿ ਇਸ ਦਾ ਇਸ਼ੂ ਪ੍ਰਾਈਸ 291 ਰੁਪਏ ਪ੍ਰਤੀ ਸ਼ੇਅਰ ਸੀ।
ਉੱਥੇ ਹੀ, ਐੱਨ. ਐੱਸ. ਈ. 'ਤੇ ਇਹ ਸ਼ੇਅਰ 3.4 ਫ਼ੀਸਦੀ ਦੇ ਪ੍ਰੀਮੀਅਮ ਨਾਲ 301 ਰੁਪਏ 'ਤੇ ਲਿਸਟ ਹੋਇਆ। ਇਸ ਆਈ. ਪੀ. ਓ. ਦੇ ਨਿਵੇਸ਼ਕਾਂ ਨੂੰ ਕਮਜ਼ੋਰ ਪ੍ਰਤੀਕਿਰਿਆ ਮਿਲੀ ਕਿਉਂਕਿ ਕੁੱਲ ਆਫ਼ਰ ਸਾਈਜ਼ ਵਿਚ ਆਫਰ ਫਾਰ ਸੇਲ ਦਾ ਹਿੱਸਾ ਜ਼ਿਆਦਾ ਸੀ।
ਹਾਲਾਂਕਿ, ਬਾਅਦ ਵਿਚ ਸੋਨਾ ਕਾਮਸਟਾਰ ਦਾ ਸ਼ੇਅਰ ਜਲਦ ਹੀ ਉਛਲ ਗਿਆ ਅਤੇ 20 ਫ਼ੀਸਦੀ ਦੀ ਤੇਜ਼ੀ ਨਾਲ 362.85 ਦੇ ਪੱਧਰ 'ਤੇ ਅਪਰ ਸਰਕਟ ਲੱਗ ਗਿਆ। ਗੌਰਤਲਬ ਹੈ ਕਿ ਸੋਨਾ ਕਾਮਸਟਾਰ ਦਾ 5500 ਕਰੋੜ ਰੁਪਏ ਦਾ ਆਈ. ਪੀ. ਓ. 2.28 ਗੁਣਾ ਸਬਸਕ੍ਰਾਈਬ ਹੋਇਆ ਸੀ। ਇਹ ਆਈ. ਪੀ. ਓ. ਜੂਨ 14 ਤੋਂ 16 ਜੂਨ ਤੱਕ ਨਿਵੇਸ਼ ਲਈ ਖੁੱਲ੍ਹਿਆ ਸੀ। ਕੰਪਨੀ ਇਸ ਆਈ. ਪੀ. ਓ. ਤੋਂ ਮਿਲੇ ਪੈਸੇ ਦਾ ਇਸਤੇਮਾਲ 241.12 ਕਰੋੜ ਰੁਪਏ ਦੇ ਕਰਜ਼ ਨੂੰ ਚੁਕਾਉਣ ਵਿਚ ਕਰੇਗੀ। ਤੁਹਾਨੂੰ ਦੱਸਦੇ ਹਾਂ ਕਿ ਸੋਨਾ ਕਾਮਸਟਾਰ ਆਟੋਮੋਟਿਵ ਸਿਸਟਮਜ਼ ਅਤੇ ਕੰਪੋਨੈਂਟਸ ਨੂੰ ਡਿਜ਼ਾਈਨ, ਨਿਰਮਾਣ ਅਤੇ ਸਪਲਾਈ ਕਰਦੀ ਹੈ। ਕੰਪਨੀ ਦੀਆਂ ਭਾਰਤ, ਚੀਨ, ਅਮਰੀਕਾ ਅਤੇ ਮੈਕਸੀਕੋ ਵਿਚ ਨਿਰਮਾਣ ਇਕਾਈਆਂ ਹਨ।