ਪੰਜ ਸਾਲਾਂ ''ਚ ਸਮਾਰਟ ਫੋਨ ਨਿਰਮਾਣ ਹੱਬ ਬਣੇਗਾ ਭਾਰਤ : ਪ੍ਰਸਾਦ

Saturday, Aug 01, 2020 - 09:02 PM (IST)

ਪੰਜ ਸਾਲਾਂ ''ਚ ਸਮਾਰਟ ਫੋਨ ਨਿਰਮਾਣ ਹੱਬ ਬਣੇਗਾ ਭਾਰਤ : ਪ੍ਰਸਾਦ

ਨਵੀਂ ਦਿੱਲੀ— ਭਾਰਤ ਅਗਲੇ ਪੰਜ ਸਾਲਾਂ 'ਚ ਸਮਾਰਟ ਫੋਨ ਨਿਰਮਾਣ ਦਾ ਹੱਬ ਬਣ ਜਾਵੇਗਾ। ਇਹ ਦਾਅਵਾ ਸੰਚਾਰ, ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਸ਼ਨੀਵਾਰ ਨੂੰ ਕੀਤਾ।

ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਪ੍ਰੋਡਕਸ਼ਨ ਲਿੰਕਡ ਇੰਨਸੈਂਟਿਵ ਸਕੀਮ (ਪੀ. ਐੱਲ. ਆਈ. ਸਕੀਮ) ਤਹਿਤ ਵਿਸ਼ਵ ਦੀਆਂ 22 ਪ੍ਰਮੁੱਖ ਇਲੈਕਟ੍ਰਾਨਿਕ ਨਿਰਮਾਣ ਕੰਪਨੀਆਂ ਅਗਲੇ ਪੰਜ ਸਾਲਾਂ 'ਚ 11.5 ਲੱਖ ਕਰੋੜ ਰੁਪਏ ਦੇ ਮੋਬਾਈਲ ਫੋਨ ਅਤੇ ਉਨ੍ਹਾਂ ਦੇ ਸਾਜੋ-ਸਾਮਾਨ ਦਾ ਉਤਪਾਦਨ ਕਰਨਗੀਆਂ।

ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਇਨ੍ਹਾਂ 'ਚੋਂ 07 ਲੱਖ ਕਰੋੜ ਰੁਪਏ ਦੇ ਸਮਾਰਟ ਫੋਨ ਦੂਜੇ ਦੇਸ਼ਾਂ ਨੂੰ ਬਰਾਮਦ ਕੀਤੇ ਜਾਣਗੇ। ਇਸ ਨਾਲ ਦੇਸ਼ 'ਚ ਇਲੈਕਟ੍ਰਾਨਿਕਸ ਨਿਰਮਾਣ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਸੈਮਸੰਗ, ਪੇਗਾਟਰੋਨ, ਫਾਕਸਕੌਨ, ਰਾਈਜਿੰਗ ਸਟਾਰ ਅਤੇ ਡਿਕਸਨ ਵਰਗੀਆਂ ਕਈ ਕੰਪਨੀਆਂ ਨੇ ਭਾਰਤ 'ਚ ਮੋਬਾਈਲ ਅਤੇ ਉਨ੍ਹਾਂ ਦੇ ਸਾਜੋ-ਸਾਮਾਨ ਬਣਾਉਣ ਦਾ ਪ੍ਰਸਤਾਵ ਕੀਤਾ ਹੈ। ਹੁਣ ਤੱਕ ਪੀ. ਐੱਲ. ਆਈ. ਸਕੀਮ ਤਹਿਤ ਕੁੱਲ 22 ਕੰਪਨੀਆਂ ਨੇ ਅਪਲਾਈ ਕੀਤਾ ਹੈ।
 

12 ਲੱਖ ਲੋਕਾਂ ਨੂੰ ਮਿਲੇਗਾ ਰੋਜ਼ਗਾਰ
ਇਸ ਯੋਜਨਾ ਤਹਿਤ 15 ਹਜ਼ਾਰ ਤੋਂ ਵੱਧ ਕੀਮਤ ਦੇ ਲਗਭਗ 9 ਲੱਖ ਕਰੋੜ ਰੁਪਏ ਦੇ ਸਮਾਰਟ ਫੋਨ ਅਤੇ 15 ਲੱਖ ਤੋਂ ਘੱਟ ਦੇ 2 ਲੱਖ ਕਰੋੜ ਰੁਪਏ ਦੇ ਮੋਬਾਈਲ ਫੋਨ ਬਣਾਏ ਜਾਣਗੇ। ਇਨ੍ਹਾਂ 'ਚੋਂ ਤਿੰਨ ਕੰਪਨੀਆਂ ਐਪਲ ਆਈਫੋਨ ਦੇ ਇਕਰਾਰਨਾਮਾ ਨਿਰਮਾਤਾ ਹਨ। ਉਨ੍ਹਾਂ ਦੇ ਨਾਮ ਫਾਕਸਕੌਨ, ਵਿਸਟ੍ਰੋਨ ਅਤੇ ਪੇਗਾਟਰੋਨ ਹਨ। ਪੀ. ਐੱਲ. ਆਈ. ਸਕੀਮ ਤਹਿਤ ਸਰਕਾਰ ਨੂੰ ਉਮੀਦ ਹੈ ਕਿ ਇਨ੍ਹਾਂ ਕੰਪਨੀਆਂ ਦਾ ਨਿਰਮਾਣ ਆਧਾਰ ਕਈ ਗੁਣਾ ਤੱਕ ਵੱਧ ਜਾਏਗਾ ਅਤੇ ਆਉਣ ਵਾਲੇ ਸਾਲਾਂ 'ਚ 11 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਆਵੇਗਾ। ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਇਸ ਨਾਲ ਦੇਸ਼ 'ਚ 12 ਲੱਖ ਨਵੇਂ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ, ਜਿਨ੍ਹਾਂ 'ਚੋਂ 3 ਲੱਖ ਪ੍ਰਤੱਖ ਅਤੇ 9 ਲੱਖ ਅਪ੍ਰਤੱਖ ਹੋਣਗੇ।


author

Sanjeev

Content Editor

Related News