ਸਿੱਕਿਮ ਦੇ ਮਸਾਲਿਆਂ ਦਾ ਅਮਰੀਕਾ ''ਚ ਹੋਵੇਗਾ ਨਿਰਯਾਤ

11/09/2019 10:54:29 AM

ਨਵੀਂ ਦਿੱਲੀ  — ਸਿੱਕਿਮ ਇਫਕੋ ਨੇ ਆਪਣੇ ਜੈਵਿਕ ਉਤਪਾਦਾਂ ਨੂੰ ਉੱਤਰੀ ਅਮਰੀਕਾ ਅਤੇ ਯੂਰਪੀ ਯੂਨੀਅਨ ਦੇ ਬਾਜ਼ਾਰਾਂ ਤੱਕ ਪਹੁੰਚਾਉਣ ਲਈ ਅਮਰੀਕਾ ਅਤੇ ਕ੍ਰੋਏਸ਼ੀਆ ਨਾਲ ਦੋ ਸਹਿਮਤੀ ਪੱਤਰਾਂ ’ਤੇ ਅੱਜ ਦਸਤਖਤ ਕੀਤੇ। ਅਮਰੀਕਾ ਦੇ ਕੈਲੇਫੋਰਨੀਆ ਦੀ ਬਲਿਊਸੰਜ਼ ਬਾਇਓਡਾਇਨਾਮਿਕਸ ਅਤੇ ਕ੍ਰੋਏਸ਼ੀਆ ਦੀ ਸੈਂਟਰ ਡਾ ਰੁਡੋਲਫਾ ਸਟੇਨਿਰਾ ਸੰਗਠਨ ਨਾਲ ਸਹਿਮਤੀ ਪੱਤਰ ’ਤੇ ਦਸਤਖਤ ਕੀਤੇ ਗਏ। ਕ੍ਰੋਏਸ਼ੀਆ ਦੇ ਵਿਸ਼ੇਸ਼ ਰਾਜਦੂਤ ਪੀਟਰ ਜੁਬਿਸਿਸ ਦੀ ਹਾਜ਼ਰੀ ’ਚ ਸਹਿਮਤੀ ਪੱਤਰ ’ਤੇ ਦਸਤਖਤ ਹੋਏ। ਇਸ ਨਾਲ ਸਿੱਕਿਮ ’ਚ ਬਾਇਓਡਾਇਨਾਮਿਕ ਖੇਤੀਬਾੜੀ ਉਤਪਾਦਾਂ ਨੂੰ ਉਤਸ਼ਾਹ ਮਿਲੇਗਾ ਜੋ ਭਵਿੱਖ ਦੀ ਖੇਤੀ ਹੈ। ਸਿੱਕਿਮ ਇਫਕੋ ਮਸਾਲਿਆਂ-ਖਾਸ ਕਰ ਕੇ ਵੱਡੀ ਇਲਾਇਚੀ, ਅਦਰਕ, ਹਲਦੀ, ਕੁੱਟੂ ਆਦਿ ਦੇ ਖੇਤਰ ’ਚ ਕੰਮ ਕਰਦੀ ਹੈ।

ਇਸ ਸਮਝੌਤੇ ਨਾਲ ਬਾਇਓਡਾਇਨਾਮਿਕ ਖੇਤੀ ਲਈ ਕਿਸਾਨਾਂ ਨੂੰ ਸਿਖਲਾਈ ਵੀ ਦਿੱਤੀ ਜਾਵੇਗੀ। ਇਸ ਨਾਲ ਸਿੱਕਿਮ ਦੇ ਕਿਸਾਨਾਂ ਦੇ ਜੈਵਿਕ ਉਤਪਾਦਾਂ ਨੂੰ ਉੱਚਿਤ ਬਾਜ਼ਾਰ ਮਿਲੇਗਾ ਅਤੇ ਕਿਸਾਨਾਂ ਨੂੰ ਬਿਹਤਰ ਮੁੱਲ ਮਿਲ ਸਕੇਗਾ। ਸਿੱਕਿਮ ’ਚ ਵੱਡੇ ਪੱਧਰ ’ਤੇ ਜੈਵਿਕ ਖੇਤੀ ਕੀਤੀ ਜਾਂਦੀ ਹੈ ਅਤੇ ਕੌਮਾਂਤਰੀ ਮਿਆਰਾਂ ਨਾਲੋਂ ਵੀ ਬਿਹਤਰ ਜੈਵਿਕ ਮਸਾਲੇ ਅਤੇ ਹੋਰ ਖੁਰਾਕੀ ਵਸਤਾਂ ਦਾ ਉਤਪਾਦਨ ਕੀਤਾ ਜਾਂਦਾ ਹੈ।


Related News