ਕਿਸਾਨਾਂ ਨੂੰ ਵੱਡਾ ਝਟਕਾ! ਕੇਂਦਰ ਸਰਕਾਰ ਨੇ ਚੁੱਪਚਾਪ DAP ਖਾਦ ਦੀਆਂ ਕੀਮਤਾਂ 'ਚ ਕੀਤਾ ਵਾਧਾ

Monday, Apr 25, 2022 - 04:57 PM (IST)

ਨਵੀਂ ਦਿੱਲੀ - ਕੇਂਦਰ ਸਰਕਾਰ ਵਲੋਂ ਕਿਸਾਨਾਂ ਨੂੰ ਵੱਡਾ ਝਟਕਾ ਦਿੰਦੇ ਹੋਏ ਡੀਏਪੀ ਦੀਆਂ ਕੀਮਤਾਂ ਵਿਚ ਪ੍ਰਤੀ ਗੱਟਾ 150 ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ। ਹੁਣ ਕਿਸਾਨਾਂ ਨੂੰ ਅਗਲੇ ਫਸਲੀ ਸੀਜ਼ਨ ਲਈ ਪ੍ਰਤੀ ਗੱਟਾ 150 ਰੁਪਏ ਵਾਧੂ ਦੇਣੇ ਪੈਣਗੇ। ਹੁਣ ਪੰਜਾਬ ਡੀਏਪੀ ਖਾਦ ਦੀ ਕੀਮਤ ਪ੍ਰਤੀ ਗੱਟਾ 1200 ਰੁਪਏ ਤੋਂ ਵਧ ਕੇ 1350 ਰੁਪਏ ਹੋ ਗਈ ਹੈ। 

ਇਹ ਵੀ ਪੜ੍ਹੋ : ਟਾਟਾ ਦੇ ਖ਼ਰੀਦਦਾਰਾਂ ਨੂੰ ਝਟਕਾ, 4 ਮਹੀਨਿਆਂ 'ਚ ਦੂਸਰੀ ਵਾਰ ਮਹਿੰਗੀਆਂ ਹੋਈਆਂ ਕਾਰਾਂ ਅਤੇ SUV

ਪਿਛਲੇ ਸਾਲ ਵੀ ਕੀਤਾ ਸੀ ਕੀਮਤਾਂ ਵਿਚ ਵਾਧਾ

ਪਿਛਲੇ ਸਾਲ ਵੀ ਕੇਂਦਰ ਸਰਕਾਰ ਨੇ ਪ੍ਰਤੀ ਬੋਰੀ ਦੀ ਕੀਮਤ ਵਧਾ ਕੇ 1200 ਰੁਪਏ ਤੋਂ 1900 ਰੁਪਏ ਕਰ ਦਿੱਤੀ ਸੀ। ਉਸ ਸਮੇਂ ਕਿਸਾਨਾਂ ਵਲੋਂ ਇਤਰਾਜ਼ ਕਰਨ ਜ਼ਾਹਰ ਕਰਨ ਤੋਂ ਬਾਅਦ ਕੇਂਦਰ ਸਰਕਾਰ ਵਲੋਂ ਸਬਸਿਡੀ ਵਿਚ ਵਾਧਾ ਕਰ ਦਿੱਤਾ ਸੀ। ਇਸ ਫ਼ੈਸਲੇ ਤੋਂ ਬਾਅਦ ਕਿਸਾਨਾਂ ਨੂੰ ਖਾਦ ਮੁੜ ਪੁਰਾਣੇ ਭਾਅ ਮਿਲਣ ਲੱਗ ਗਈ ਸੀ।

ਵੱਡੇ ਪੱਧਰ ਤੇ ਹੁੰਦੀ ਹੈ ਪੰਜਾਬ ਵਿਚ ਖਾਦ ਦੀ ਵਰਤੋਂ

ਪੰਜਾਬ ਵਿਚ ਸਾਲਾਨਾ ਆਧਾਰ 'ਤੇ ਲਗਭਗ 8.50 ਲੱਖ ਮੀਟਰਿਕ ਟਨ ਦੀ ਖਪਤ ਹੁੰਦੀ ਹੈ ਜਿਸ ਵਿਚੋਂ ਲਗਭਗ 6.00 ਲੱਖ ਮੀਟਰਿਕ ਟਨ ਹਾੜ੍ਹੀ ਦੀ ਫ਼ਸਲ ’ਤੇ ਅਤੇ 2.50 ਲੱਖ ਮੀਟਰਿਕ ਟਨ ਡੀਏਪੀ ਦੀ ਖਪਤ ਸਾਉਣੀ ਦੀ ਫਸਲ ’ਤੇ ਹੁੰਦੀ ਹੈ।

ਇਹ ਵੀ ਪੜ੍ਹੋ : ਭਾਰਤ ਇਕ ਵਾਰ ਫਿਰ ਸ਼੍ਰੀਲੰਕਾ ਦੀ ਮਦਦ ਲਈ ਆਇਆ ਅੱਗੇ, ਈਂਧਨ ਖਰੀਦਣ ਲਈ ਦਿੱਤੀ ਵਾਧੂ ਸਹਾਇਤਾ

ਇਸ ਕਾਰਨ ਹੋਇਆ ਵਾਧਾ

ਅੰਤਰਰਾਸ਼ਟਰੀ ਬਾਜ਼ਾਰ ਵਿਚ ਰੂਸ-ਯੂਕਰੇਨ ਜੰਗ ਕਾਰਨ ਕੱਚੇ ਮਾਲ ਦੀਆਂ ਕੀਮਤਾਂ ਵਧਣ ਕਾਰਨ ਦੇਸ਼ ਵਿਚ ਡੀਏਪੀ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ। ਇਫਕੋ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਬਾਜ਼ਾਰ ਵਿਚ ਡੀਏਪੀ ਵਿਚ ਵਰਤੇ ਜਾਂਦੇ ਫਾਸਫੋਰਿਕ ਐਸਿਡ ਅਤੇ ਰਾਕ ਫਾਸਫੇਟ ਦੀ ਕੀਮਤ ਵਿਚ ਵਾਧੇ ਕਾਰਨ ਇਹ ਸਥਿਤੀ ਪੈਦਾ ਹੋਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਇਸਦੀ ਉਪਲਬਧਤਾ ਕਾਫ਼ੀ ਘੱਟ ਹੈ। ਇਸ ਲਈ ਇਹ ਦੋਵੇਂ ਉਤਪਾਦਾਂ ਦੀ ਦਰਾਮਦ ਕੀਤੀ ਜਾਂਦੀ ਹੈ।

ਕੇਂਦਰ ਸਰਕਾਰ ਵੱਲੋਂ ਹਰ ਸਾਲ ਪਹਿਲੀ ਅਪਰੈਲ ਨੂੰ ਖਾਦ ਬਾਰੇ ਪਾਲਿਸੀ ਜਾਰੀ ਕੀਤੀ ਜਾਂਦੀ ਹੈ, ਜਿਹੜੀ ਕਿ ਅਜੇ ਤੱਕ ਜਾਰੀ ਨਹੀਂ ਕੀਤੀ ਗਈ ਹੈ।  ਇਸ ਦੇ ਨਾਲ ਹੀ ਇਹ ਵੀ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਖਾਦਾਂ ਦੀਆਂ ਕੀਮਤਾਂ ਵਿਚ ਆਉਣ ਵਾਲੇ ਸਮੇਂ ਵਿਚ ਵੀ ਵਾਧਾ ਕੀਤੇ ਜਾਣ ਦੀ ਸੰਭਾਵਨਾ ਹੈ। 

ਇਹ ਵੀ ਪੜ੍ਹੋ : ਹੋਰ ਮਹਿੰਗਾ ਹੋਵੇਗਾ ਖਾਣ ਵਾਲਾ ਤੇਲ, ਇੰਡੋਨੇਸ਼ੀਆ ਨੇ ਪਾਮ ਆਇਲ ਦੇ ਨਿਰਯਾਤ 'ਤੇ ਲਗਾਈ ਪਾਬੰਦੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


Harinder Kaur

Content Editor

Related News