ਜੇ. ਪੀ. ਦੇ 32 ਹਜ਼ਾਰ ਫਲੈਟ ਖਰੀਦਦਾਰ ''ਤੇ ਗੰਭੀਰ ਸੰਕਟ
Friday, Aug 11, 2017 - 01:28 PM (IST)

ਨਵੀਂ ਦਿੱਲੀ— ਰਾਸ਼ਟਰੀ ਕੰਪਨੀ ਲਾ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਦੀ ਇਲਾਹਾਬਾਦ ਬੈਂਚ ਨੇ ਆਈ. ਡੀ. ਬੀ. ਆਈ. ਬੈਂਕ ਦੀ ਪਟੀਸ਼ਨ ਨੂੰ ਸਵੀਕਾਰ ਕਰਦੇ ਹੋਏ ਜੇ. ਪੀ. ਇਨਫਰਾਟੈੱਕ ਨੂੰ ਦਿਵਾਲਿਆ ਕੰਪਨੀਆਂ ਦੀ ਸ਼੍ਰੇਣੀ 'ਚ ਪਾ ਦਿੱਤਾ ਹੈ। 8,365 ਕਰੋੜ ਰੁਪਏ ਦੇ ਕਰਜ਼ੇ 'ਚ ਫਸੀ ਕੰਪਨੀ ਨੂੰ ਆਪਣੀ ਵਿੱਤੀ ਹਾਲਤ ਸੁਧਾਰਣ ਲਈ ਹੁਣ 270 ਦਿਨਾਂ ਦਾ ਸਮਾਂ ਦਿੱਤਾ ਜਾਵੇਗਾ। ਜੇਕਰ ਇਸ ਵਿਚਕਾਰ ਕੰਪਨੀ ਦੀ ਵਿੱਤੀ ਹਾਲਤ ਨਾ ਬਦਲੀ ਤਾਂ ਉਸ ਦੀ ਜਾਇਦਾਦ ਜ਼ਬਤ ਹੋ ਜਾਵੇਗੀ। ਇਹ ਉਨ੍ਹਾਂ ਹਜ਼ਾਰਾਂ ਲੋਕਾਂ ਲਈ ਵੱਡਾ ਝਟਕਾ ਹੈ, ਜਿਨ੍ਹਾਂ ਨੇ ਜੇ. ਪੀ. ਸਮੂਹ 'ਚ ਨਿਵੇਸ਼ ਕੀਤਾ ਹੈ। ਨੋਇਡਾ ਅਤੇ ਗ੍ਰੇਟਰ ਨੋਇਡਾ 'ਚ ਕੰਪਨੀ ਦੇ ਤਕਰੀਬਨ 32 ਹਜ਼ਾਰ ਫਲੈਟਸ ਨਿਰਮਾਣ ਅਧੀਨ ਹਨ।
ਕੰਪਨੀ 'ਤੇ ਇੱਕਲੇ ਆਈ. ਡੀ. ਬੀ. ਆਈ. ਬੈਂਕ ਦਾ 4,000 ਕਰੋੜ ਰੁਪਏ ਬਕਾਇਆ ਹੈ। ਦਿਵਾਲਿਆ ਕਾਨੂੰਨ ਮੁਤਾਬਕ, ਕਿਸੇ ਕੰਪਨੀ ਨੂੰ ਇਸ ਸ਼੍ਰੇਣੀ 'ਚ ਪਾਉਂਦੇ ਹੀ ਬੋਰਡ ਦੇ ਡਾਇਰੈਕਟਰਜ਼ ਸਸਪੈਂਡ ਹੋ ਜਾਂਦੇ ਹਨ। 270 ਦਿਨਾਂ ਅੰਦਰ ਜੇਕਰ ਕੰਪਨੀ ਦੀ ਵਿੱਤੀ ਹਾਲਤ 'ਚ ਕੋਈ ਸੁਧਾਰ ਨਹੀਂ ਹੁੰਦਾ ਤਾਂ ਜਾਇਦਾਦ ਦੀ ਨਿਲਾਮੀ ਕੀਤੀ ਜਾ ਸਕਦੀ ਹੈ। ਜੈ ਪ੍ਰਕਾਸ਼ ਐਸੋਸੀਏਟਸ ਦੀ ਜੇ. ਪੀ. ਇਨਫਰਾਟੈੱਕ 'ਚ 71.64 ਫੀਸਦੀ ਦੀ ਹਿੱਸੇਦਾਰੀ ਹੈ।