ਸਰਵਿਸ ਸੈਕਟਰ ਦੀਆਂ ਗਤੀਵਿਧੀਆਂ 10 ਮਹੀਨਿਆਂ ਦੇ ਹੇਠਲੇ ਪੱਧਰ

Saturday, Oct 05, 2024 - 11:34 AM (IST)

ਸਰਵਿਸ ਸੈਕਟਰ ਦੀਆਂ ਗਤੀਵਿਧੀਆਂ 10 ਮਹੀਨਿਆਂ ਦੇ ਹੇਠਲੇ ਪੱਧਰ

ਨਵੀਂ ਦਿੱਲੀ (ਭਾਸ਼ਾ) – ਦੇਸ਼ ’ਚ ਸੇਵਾ ਖੇਤਰ (ਸਰਵਿਸ ਸੈਕਟਰ) ਦੀਆਂ ਗਤੀਵਿਧੀਆਂ ਸਤੰਬਰ ’ਚ 10 ਮਹੀਨੇ ਦੇ ਹੇਠਲੇ ਪੱਧਰ ’ਤੇ ਆ ਗਈਆਂ। ਇਕ ਮਹੀਨਾਵਾਰ ਸਰਵੇਖਣ ’ਚ ਸ਼ੁੱਕਰਵਾਰ ਨੂੰ ਕਿਹਾ ਗਿਆ ਕਿ ਨਵੇਂ ਆਰਡਰ, ਕੌਮਾਂਤਰੀ ਵਿਕਰੀ ਅਤੇ ਉਤਪਾਦਨ ਵਾਧੇ ’ਚ ਕਮੀ ਦੇ ਕਾਰਨ ਅਜਿਹਾ ਹੋਇਆ।

ਮੌਸਮੀ ਰੂਪ ਨਾਲ ਐਡਜਸਟ ਐੱਚ. ਐੱਸ. ਬੀ. ਸੀ. ਇੰਡੀਆ ਸੇਵਾ ਕਾਰੋਬਾਰੀ ਗਤੀਵਿਧੀ ਸੂਚਕ ਅੰਕ ਅਗਸਤ ਦੇ 60.9 ਤੋਂ ਡਿੱਗ ਕੇ ਸਤੰਬਰ ’ਚ 57.7 ’ਤੇ ਆ ਗਿਆ। ਇਸ ਤੋਂ ਪਤਾ ਲੱਗਦਾ ਹੈ ਕਿ ਉਤਪਾਦਨ ’ਚ ਵਾਧਾ ਤਾਂ ਹੋਇਆ ਹੈ ਪਰ ਇਸ ਦੀ ਰਫਤਾਰ ਨਵੰਬਰ 2023 ਦੇ ਬਾਅਦ ਤੋਂ ਸਭ ਤੋਂ ਹੌਲੀ ਸੀ।

ਖਰੀਦ ਪ੍ਰਬੰਧਕਾਂ ਤੋਂ ਪ੍ਰਾਪਤ ਸੂਚਨਾ ਦੇ ਆਧਾਰ ’ਤੇ ਤਿਆਰ ਸੂਚਕ ਅੰਕ (ਪੀ. ਐੱਮ. ਆਈ.) ਦੀ ਭਾਸ਼ਾ ’ਚ 50 ਤੋਂ ਉੱਪਰ ਦੇ ਅੰਕ ਦਾ ਮਤਲਬ ਹੈ ਕਿ ਗਤੀਵਿਧੀਆਂ ’ਚ ਵਿਸਤਾਰ ਹੋ ਰਿਹਾ ਹੈ ਜਦਕਿ 50 ਤੋਂ ਹੇਠਾਂ ਦਾ ਅੰਕ ਕਮੀ ਨੂੰ ਦਰਸਾਉਂਦਾ ਹੈ।

ਐੱਚ. ਐੱਸ. ਬੀ. ਸੀ. ਦੇ ਭਾਰਤ ’ਚ ਮੁੱਖ ਅਰਥ ਸ਼ਾਸਤਰੀ ਪ੍ਰਾਂਜੁਲ ਭੰਡਾਰੀ ਨੇ ਕਿਹਾ,‘ਭਾਰਤ ਦੇ ਸੇਵਾ ਪੀ. ਐੱਮ. ਆਈ. ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਸਤੰਬਰ ’ਚ ਸੇਵਾ ਖੇਤਰ ’ਚ ਹੌਲੀ ਗਤੀ ਨਾਲ ਵਿਸਤਾਰ ਹੋਇਆ। ਮੁੱਖ ਕਾਰੋਬਾਰੀ ਗਤੀਵਿਧੀ ਸੂਚਕ ਅੰਕ 2024 ’ਚ ਪਹਿਲੀ ਵਾਰ 60 ਤੋਂ ਹੇਠਾਂ ਆ ਗਿਆ ਪਰ 57.7 ’ਤੇ ਇਹ ਅਜੇ ਵੀ ਲੰਬੇ ਸਮੇਂ ਦੀ ਔਸਤ ਤੋਂ ਬਹੁਤ ਉੱਪਰ ਹੈ।’

ਵਧਦੀ ਮੁਕਾਬਲੇਬਾਜ਼ੀ, ਲਾਗਤ ਦਬਾਅ ਅਤੇ ਖਪਤਕਾਰ ਤਰਜ਼ੀਹ ’ਚ ਬਦਲਾਅ (ਆਨਲਾਈਨ ਸੇਵਾਵਾਂ ਨੂੰ ਅਪਨਾਉਣਾ) ਅਤੇ ਨਵੇਂ ਐਕਸਪੋਰਟ ਆਰਡਰ ’ਚ ਹੌਲੇ ਵਾਧੇ ਦੇ ਕਾਰਨ ਸੂਚਕ ਅੰਕ ’ਚ ਕਮੀ ਆਈ।

ਸਰਵੇਖਣ ਅਨੁਸਾਰ ਕੰਪਨੀਆਂ ਨੇ 9 ਮਹੀਨਿਆਂ ’ਚ ਕੌਮਾਂਤਰੀ ਆਰਡਰ ’ਚ ਸਭ ਤੋਂ ਕਮਜ਼ੋਰ ਵਾਧੇ ਦੀ ਸੂਚਨਾ ਦਿੱਤੀ। ਹਾਲਾਂਕਿ ਕੁਝ ਕੰਪਨੀਆਂ ਨੇ ਏਸ਼ੀਆ, ਯੂਰਪ, ਉੱਤਰੀ ਅਮਰੀਕਾ, ਪੱਛਮੀ ਏਸ਼ੀਆ ਅਤੇ ਅਮਰੀਕਾ ’ਚ ਲਾਭ ਦੇਖਿਆ। ਭੰਡਾਰੀ ਨੇ ਕਿਹਾ,‘ਸੇਵਾ ਕੰਪਨੀਆਂ ਦੇ ਮਾਰਜਿਨ ’ਚ ਹੋਰ ਕਮੀ ਆਉਣ ਦਾ ਖਦਸ਼ਾ ਹੈ। ਨਵੇਂ ਕਾਰੋਬਾਰ ’ਚ ਲੰਬੇ ਸਮੇਂ ਤੱਕ ਮਜ਼ਬੂਤ ਵਾਧੇ ਦੇ ਕਾਰਨ ਮਜ਼ਬੂਤ ਕਿਰਤ ਮੰਗ ਪੈਦਾ ਹੋਈ ਹੈ।’ ਇਸ ਦੌਰਾਨ ਐੱਚ. ਐੱਸ. ਬੀ. ਸੀ. ਇੰਡੀਆ ਕੰਪੋਜ਼ਿਟ ਉਤਪਾਦਨ ਸੂਚਕ ਅੰਕ ਅਗਸਤ ’ਚ 60.7 ਤੋਂ ਡਿੱਗ ਕੇ ਸਤੰਬਰ ’ਚ 58.3 ’ਤੇ ਆ ਗਿਆ। ਕਾਰਖਾਨਾ ਉਤਪਾਦਨ ਅਤੇ ਸੇਵਾ ਗਤੀਵਿਧੀਆਂ ਦੋਵਾਂ ’ਚ ਹੌਲੀ ਦਰ ਨਾਲ ਵਾਧਾ ਹੋਣ ਦੇ ਕਾਰਨ ਇਸ ’ਚ ਗਿਰਾਵਟ ਆਈ।


author

Harinder Kaur

Content Editor

Related News