ਬਜਟ ਤੋਂ ਪਹਿਲਾਂ ਬਾਜ਼ਾਰ 'ਚ ਸ਼ਾਨਦਾਰ ਉਛਾਲ, ਸੈਂਸੈਕਸ 700 ਅੰਕਾਂ ਤੋਂ ਵੱਧ ਮਜ਼ਬੂਤ
Monday, Jan 31, 2022 - 10:20 AM (IST)
ਮੁੰਬਈ - ਬਜਟ ਤੋਂ ਇਕ ਦਿਨ ਪਹਿਲਾਂ ਘਰੇਲੂ ਸ਼ੇਅਰ ਬਾਜ਼ਾਰ ਨੇ ਸ਼ਾਨਦਾਰ ਵਾਧਾ ਦਰਜ ਕੀਤਾ ਹੈ। ਗਲੋਬਲ ਬਾਜ਼ਾਰ ਤੋਂ ਮਿਲੇ ਸਕਾਰਾਤਮਕ ਸੰਕੇਤਾਂ 'ਤੇ ਸੋਮਵਾਰ ਨੂੰ ਸੈਂਸੈਕਸ ਅਤੇ ਨਿਫਟੀ ਦੀ ਸ਼ੁਰੂਆਤ ਤੇਜ਼ੀ ਨਾਲ ਹੋਈ। ਸ਼ੁਰੂਆਤੀ ਕਾਰੋਬਾਰ ਵਿੱਚ, ਸੈਂਸੈਕਸ 750 ਅੰਕ ਤੋਂ ਵੱਧ ਚੜ੍ਹਿਆ ਜਦੋਂ ਕਿ ਨਿਫਟੀ 17350 ਨੂੰ ਪਾਰ ਕਰ ਗਿਆ। ਆਈ.ਟੀ., ਰਿਐਲਟੀ ਸਮੇਤ ਸਾਰੇ ਖੇਤਰਾਂ 'ਚ ਖਰੀਦਦਾਰੀ ਨਾਲ ਬਾਜ਼ਾਰ ਨੂੰ ਸਮਰਥਨ ਮਿਲਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਬਜਟ ਤੋਂ ਪਹਿਲਾਂ ਅੱਜ ਆਰਥਿਕ ਸਰਵੇਖਣ ਪੇਸ਼ ਕੀਤਾ ਜਾਵੇਗਾ। ਸੰਸਦ 'ਚ ਅੱਜ ਤੋਂ ਬਜਟ ਸੈਸ਼ਨ ਸ਼ੁਰੂ ਹੋ ਰਿਹਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਮੰਗਲਵਾਰ 1 ਫਰਵਰੀ ਨੂੰ ਬਜਟ ਪੇਸ਼ ਕਰੇਗੀ।
ਇਹ ਵੀ ਪੜ੍ਹੋ : ਆਰਥਿਕ ਸਮੀਖਿਆ 'ਚ GDP ਅਨੁਮਾਨਾਂ 'ਤੇ ਰਹੇਗੀ ਨਜ਼ਰ, ਹਾਲ ਹੀ ਦੇ ਸਾਲਾਂ ਵਿੱਚ ਮੁਲਾਂਕਣ ਹੋਏ ਹਨ ਗਲਤ
ਵਿੱਤ ਮੰਤਰੀ ਅੱਜ 2021-2022 ਦਾ ਆਰਥਿਕ ਸਰਵੇਖਣ ਪੇਸ਼ ਕਰਨਗੇ। ਬਜਟ ਤੋਂ ਇਕ ਦਿਨ ਪਹਿਲਾਂ ਪੇਸ਼ ਕੀਤੇ ਜਾਣ ਵਾਲੇ ਆਰਥਿਕ ਸਰਵੇਖਣ ਵਿਚ ਦੱਸਿਆ ਜਾਵੇਗਾ ਕਿ ਭਾਰਤੀ ਅਰਥਵਿਵਸਥਾ ਨੇ ਮੌਜੂਦਾ ਵਿੱਤੀ ਸਾਲ ਵਿਚ ਕਿਵੇਂ ਪ੍ਰਦਰਸ਼ਨ ਕੀਤਾ ਹੈ ਅਤੇ ਅਗਲੇ ਵਿੱਤੀ ਸਾਲ ਵਿਚ ਇਹ ਕਿਵੇਂ ਪ੍ਰਦਰਸ਼ਨ ਕਰੇਗੀ। ਵੱਖ-ਵੱਖ ਮਾਹਰਾਂ ਅਨੁਸਾਰ, ਵਿੱਤ ਮੰਤਰਾਲਾ ਅਗਲੇ ਵਿੱਤੀ ਸਾਲ (2022-23) ਲਈ ਲਗਭਗ 9 ਪ੍ਰਤੀਸ਼ਤ ਦੀ ਆਰਥਿਕ ਵਿਕਾਸ ਦਰ ਦਾ ਅਨੁਮਾਨ ਲਗਾ ਸਕਦਾ ਹੈ।
ਪਿਛਲੇ ਹਫ਼ਤੇ ਮਾਰਕੀਟ ਦੀ ਚਾਲ ਕਿਵੇਂ ਰਹੀ?
28 ਜਨਵਰੀ ਨੂੰ ਖਤਮ ਹੋਏ ਹਫਤੇ 'ਚ ਲਗਾਤਾਰ ਦੂਜੇ ਹਫਤੇ ਬਾਜ਼ਾਰ 'ਚ ਬਿਕਵਾਲੀ ਰਹੀ। ਐਫਆਈਆਈ ਦੀ ਲਗਾਤਾਰ ਵਿਕਰੀ, ਕਮਜ਼ੋਰ ਗਲੋਬਲ ਸੰਕੇਤਾਂ, ਯੂਐਸ ਫੇਡ ਦੁਆਰਾ ਮੁਦਰਾ ਨੀਤੀ ਨੂੰ ਸਖ਼ਤ ਕਰਨ ਅਤੇ ਪੂਰਬੀ ਯੂਰਪ ਵਿੱਚ ਵਧ ਰਹੇ ਭੂ-ਰਾਜਨੀਤਿਕ ਤਣਾਅ ਦੇ ਵਿਚਕਾਰ ਬਾਜ਼ਾਰ ਭਾਰੀ ਅਸਥਿਰਤਾ ਦੇ ਨਾਲ ਵਿਕਰੀ ਦਬਾਅ ਹੇਠ ਰਿਹਾ।
ਪਿਛਲੇ ਹਫਤੇ ਸੈਂਸੈਕਸ 1,836.95 ਅੰਕ ਭਾਵ 3.11 ਫੀਸਦੀ ਡਿੱਗ ਕੇ 57,200.23 'ਤੇ ਬੰਦ ਹੋਇਆ ਸੀ। ਦੂਜੇ ਪਾਸੇ ਨਿਫਟੀ 515.2 ਅੰਕ ਜਾਂ 2.92 ਫੀਸਦੀ ਦੀ ਗਿਰਾਵਟ ਨਾਲ 17,101.95 'ਤੇ ਬੰਦ ਹੋਇਆ।
ਇਹ ਵੀ ਪੜ੍ਹੋ : 1 ਫਰਵਰੀ ਤੋਂ ਬਦਲ ਜਾਣਗੇ ਬੈਂਕਿੰਗ ਨਾਲ ਜੁੜੇ ਕਈ ਮਹੱਤਵਪੂਰਨ ਨਿਯਮ
ਸੈਂਸੈਕਸ ਦੀਆਂ ਚੋਟੀ ਦੀਆਂ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 3 ਲੱਖ ਕਰੋਡ਼ ਤੋਂ ਜ਼ਿਆਦਾ ਘਟਿਆ
ਸੈਂਸੈਕਸ ਦੀਆਂ ਚੋਟੀ ਦੀਆਂ 10 ’ਚੋਂ 9 ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ (ਮਾਰਕੀਟ ਕੈਪ) ਬੀਤੇ ਹਫ਼ਤੇ 3 ਲੱਖ ਕਰੋਡ਼ ਰੁਪਏ ਤੋਂ ਜ਼ਿਆਦਾ ਹੇਠਾਂ ਆ ਗਿਆ। ਸ਼ੇਅਰ ਬਾਜ਼ਾਰਾਂ ’ਚ ਜ਼ਬਰਦਸਤ ਬਿਕਵਾਲੀ ’ਚ ਚੋਟੀ ਦੀਆਂ 10 ’ਚੋਂ 9 ਕੰਪਨੀਆਂ ਦੇ ਬਾਜ਼ਾਰ ਲੇਖਾ-ਜੋਖਾ ’ਚ 3,09,178.44 ਕਰੋਡ਼ ਰੁਪਏ ਦੀ ਗਿਰਾਵਟ ਆਈ।
ਲੰਘੇ ਹਫ਼ਤੇ ਬੀ. ਐੱਸ. ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 1,836.95 ਅੰਕ ਜਾਂ 3.11 ਫ਼ੀਸਦੀ ਟੁੱਟਿਆ । ਭੂ-ਰਾਜਨੀਤਕ ਤਣਾਅ ’ਚ ਵਿਸ਼ਵ ਪੱਧਰ ’ਤੇ ਬਾਜ਼ਾਰਾਂ ’ਚ ਬਿਕਵਾਲੀ ਨਾਲ ਸਥਾਨਕ ਸ਼ੇਅਰ ਬਾਜ਼ਾਰ ਵੀ ਹੇਠਾਂ ਆਏ। ਬੀਤੇ ਹਫ਼ਤੇ ਚੋਟੀ ਦੀਆਂ 10 ਕੰਪਨੀਆਂ ਦੀ ਸੂਚੀ ’ਚ ਸਿਰਫ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦਾ ਬਾਜ਼ਾਰ ਪੂੰਜੀਕਰਨ ਵਧਿਆ। ਹਫ਼ਤੇ ਦੌਰਾਨ ਐੱਸ. ਬੀ. ਆਈ. ਦੀ ਬਾਜ਼ਾਰ ਹੈਸੀਅਤ 18,340.07 ਕਰੋਡ਼ ਰੁਪਏ ਦੇ ਉਛਾਲ ਨਾਲ 4,67,069.54 ਕਰੋਡ਼ ਰੁਪਏ ’ਤੇ ਪਹੁੰਚ ਗਈ। ਸਮੀਖਿਆ ਅਧੀਨ ਹਫ਼ਤੇ ’ਚ ਰਿਲਾਇੰਸ ਇੰਡਸਟਰੀਜ਼, ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ. ਸੀ. ਐੱਸ.), ਐੱਚ. ਡੀ. ਐੱਫ. ਸੀ. ਬੈਂਕ, ਇਨਫੋਸਿਸ, ਆਈ. ਸੀ. ਆਈ. ਸੀ. ਆਈ. ਬੈਂਕ, ਹਿੰਦੋਸਤਾਨ ਯੂਨੀਲੀਵਰ ਲਿਮ., ਐੱਚ. ਡੀ. ਐੱਫ. ਸੀ., ਬਜਾਜ ਫਾਇਨਾਂਸ ਤੇ ਭਾਰਤੀ ਏਅਰਟੈੱਲ ਦੇ ਬਾਜ਼ਾਰ ਪੂੰਜੀਕਰਨ ’ਚ ਗਿਰਾਵਟ ਆਈ। ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਪੂੰਜੀਕਰਨ 96,512.22 ਕਰੋਡ਼ ਰੁਪਏ ਘੱਟ ਕੇ 15,79,779.47 ਕਰੋਡ਼ ਰੁਪਏ ’ਤੇ ਆ ਗਿਆ। ਸਭ ਤੋਂ ਜ਼ਿਆਦਾ ਨੁਕਸਾਨ ’ਚ ਰਿਲਾਇੰਸ ਇੰਡਸਟਰੀਜ਼ ਹੀ ਰਹੀ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।