ਬਾਜ਼ਾਰ 'ਚ ਵੱਡਾ ਉਛਾਲ, ਸੈਂਸੈਕਸ 487 ਅੰਕ ਚੜ੍ਹ ਕੇ 48,400 ਤੋਂ ਪਾਰ ਖੁੱਲ੍ਹਾ
Tuesday, Apr 20, 2021 - 09:19 AM (IST)
ਮੁੰਬਈ- ਪਿਛਲੇ ਦਿਨ ਦੀ ਭਾਰੀ ਗਿਰਾਵਟ ਪਿੱਛੋਂ ਗਲੋਬਲ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਵਿਚਕਾਰ ਮੰਗਲਵਾਰ ਨੂੰ ਭਾਰਤੀ ਬਾਜ਼ਾਰ ਹਰੇ ਨਿਸ਼ਾਨ 'ਤੇ ਸ਼ੁਰੂ ਹੋਏ ਹਨ। ਬੀ. ਐੱਸ. ਈ. ਦਾ ਸੈਂਸੈਕਸ 487.04 ਅੰਕ ਯਾਨੀ 1.02 ਫ਼ੀਸਦੀ ਦੀ ਤੇਜ਼ੀ ਨਾਲ 48,436.46 ਦੇ ਪੱਧਰ 'ਤੇ ਖੁੱਲ੍ਹਾ ਹੈ। ਐੱਨ. ਐੱਸ. ਈ. ਨਿਫਟੀ ਨੇ 136.10 ਅੰਕ ਯਾਨੀ 0.95 ਫ਼ੀਸਦੀ ਦੀ ਮਜਬੂਤੀ ਨਾਲ 14,495.5 ਦੇ ਪੱਧਰ 'ਤੇ ਸ਼ੁਰੂਆਤ ਕੀਤੀ ਹੈ। ਉੱਥੇ ਹੀ, ਭਾਰਤ ਵਿਚ ਕੋਵਿਡ-19 ਦੇ ਮਾਮਲੇ ਵਧਣੇ ਜਾਰੀ ਹਨ, ਬੀਤੇ ਦਿਨ 273,810 ਮਾਮਲੇ ਦਰਜ ਹੋਏ ਸਨ।
ਸੋਮਵਾਰ ਨੂੰ ਸ਼ੇਅਰ ਬਾਜ਼ਾਰ ਵਿਚ ਜ਼ੋਰਦਾਰ ਗਿਰਾਵਟ ਨਾਲ ਨਿਵੇਸ਼ਕਾਂ ਨੂੰ 3.53 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ। ਸੈਂਸੈਕਸ ਕਾਰੋਬਾਰ ਦੌਰਾਨ ਇਕ ਸਮੇਂ 1,469.32 ਅੰਕ ਟੁੱਟ ਕੇ 47,362.71 'ਤੇ ਆਉਣ ਮਗਰੋਂ 882.61 ਅੰਕ ਯਾਨੀ 1.81 ਫ਼ੀਸਦੀ ਦੇ ਨੁਕਸਾਨ ਨਾਲ 47,949.42 'ਤੇ ਬੰਦ ਹੋਇਆ।
ਗਲੋਬਲ ਬਾਜ਼ਾਰ-
ਡਾਓ ਵਿਚ 0.4 ਫੀਸਦੀ, ਐੱਸ. ਐਂਡ ਪੀ-500 ਵਿਚ 0.5 ਫ਼ੀਸਦੀ ਅਤੇ ਨੈਸਡੇਕ ਵਿਚ ਤਕਰੀਬਨ 1 ਫ਼ੀਸਦੀ ਦੀ ਗਿਰਾਵਟ ਨਾਲ ਅਮਰੀਕੀ ਬਾਜ਼ਾਰ ਲਾਲ ਨਿਸ਼ਾਨ 'ਤੇ ਬੰਦ ਹੋਏ ਹਨ। ਉੱਥੇ ਹੀ, ਏਸ਼ੀਆਈ ਬਾਜ਼ਾਰ ਦੇਖੀਏ ਤਾਂ ਇਨ੍ਹਾਂ ਵਿਚ ਮਿਲੇ-ਜੁਲੇ ਰੁਝਾਨ ਹਨ।
ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 0.13 ਫ਼ੀਸਦੀ ਦੀ ਬੜ੍ਹਤ ਨਾਲ 3,482 'ਤੇ ਸੀ। ਹਾਲਾਂਕਿ, ਹਾਂਗਕਾਂਗ ਦਾ ਹੈਂਗ ਸੇਂਗ 10 ਅੰਕ ਯਾਨੀ 0.04 ਫ਼ੀਸਦੀ ਦੀ ਗਿਰਾਵਟ ਨਾਲ 29,093 ਦੇ ਪੱਧਰ 'ਤੇ ਸੀ। ਜਾਪਾਨ ਦਾ ਨਿੱਕੇਈ 534 ਅੰਕ ਯਾਨੀ 1.08 ਫ਼ੀਸਦੀ ਦੀ ਗਿਰਾਵਟ ਨਾਲ 29,150 'ਤੇ ਸੀ। ਸਿੰਗਾਪੁਰ ਐਕਸਚੇਂਜ 'ਤੇ ਐੱਸ. ਜੀ. ਐਕਸ. ਨਿਫਟੀ 106 ਅੰਕ ਯਾਨੀ 0.7 ਫ਼ੀਸਦੀ ਦੀ ਬੜ੍ਹਤ ਨਾਲ 14,490 'ਤੇ ਸੀ। ਕੋਰੀਆ ਦੇ ਕੋਸਪੀ ਵਿਚ 12 ਅੰਕ ਯਾਨੀ 0.4 ਫੀਸਦੀ ਦੀ ਤੇਜ਼ੀ ਦੇਖਣ ਨੂੰ ਮਿਲੀ।