ਸ਼ੁਰੂਆਤੀ ਤੇਜ਼ੀ ਨਾਲ ਫਿਸਲਿਆ ਬਾਜ਼ਾਰ, ਸੈਂਸੈਕਸ 100 ਅੰਕ ਟੁੱਟਿਆ

Wednesday, Jan 05, 2022 - 10:52 AM (IST)

ਸ਼ੁਰੂਆਤੀ ਤੇਜ਼ੀ ਨਾਲ ਫਿਸਲਿਆ ਬਾਜ਼ਾਰ, ਸੈਂਸੈਕਸ 100 ਅੰਕ ਟੁੱਟਿਆ

ਮੁੰਬਈ- ਹਫਤੇ ਦੇ ਤੀਜ਼ੇ ਕਾਰੋਬਾਰੀ ਦਿਨ ਬੁੱਧਵਾਰ ਨੂੰ ਸ਼ੇਅਰ ਬਾਜ਼ਾਰ ਨੇ ਹਰੇ ਨਿਸ਼ਾਨ 'ਤੇ ਕਾਰੋਬਾਰ ਦੀ ਸ਼ੁਰੂਆਤ ਕੀਤੀ। ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਤੇ ਐੱਨ.ਐੱਸ.ਈ. ਦਾ ਨਿਫਟੀ ਦੋਵੇਂ ਸੂਚਕਾਂਕ ਮਾਮੂਲੀ ਵਾਧੇ ਨਾਲ ਖੁੱਲ੍ਹੇ। ਸੈਂਸੈਕਸ 44 ਅੰਕ ਦਾ ਵਾਧਾ ਲੈ ਕੇ 59,900 ਦੇ ਪੱਧਰ 'ਤੇ ਖੁੱਲ੍ਹਿਆ, ਜਦੋਂਕਿ ਨਿਫਟੀ ਨੇ ਮਾਮੂਲੀ 8 ਅੰਕਾਂ ਦੀ ਤੇਜ਼ੀ ਦੇ ਨਾਲ 17,813 ਦੇ ਪੱਧਰ 'ਤੇ ਕਾਰੋਬਾਰ ਸ਼ੁਰੂ ਕੀਤਾ ਪਰ ਕੁਝ ਦੇਰ ਦੇ ਕਾਰੋਬਾਰ ਦੌਰਾਨ ਹੀ ਦੋਵਾਂ ਸੂਚਕਾਂਕ 'ਚ ਗਿਰਾਵਟ ਆ ਗਈ। ਸੈਂਸੈਕਸ ਜਿਥੇ 103 ਅੰਕਾਂ ਟੁੱਟ ਕੇ 59,752 'ਤੇ ਆ ਗਿਆ ਤਾਂ ਨਿਫਟੀ ਵੀ 30 ਅੰਕ ਫਿਸਲ ਕੇ 17,775 ਦੇ ਪੱਧਰ 'ਤੇ ਪਹੁੰਚ ਗਿਆ। 
ਕੱਲ੍ਹ 672 ਅੰਕ ਚੜ੍ਹ ਕੇ ਹੋਇਆ ਸੀ ਬੰਦ
ਲਗਾਤਾਰ ਤੀਜੇ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ 'ਚ ਰੌਣਕ ਜਾਰੀ ਰਹੀ ਸੀ। ਮੰਗਲਵਾਰ ਨੂੰ ਵੀ ਬਾਜ਼ਾਰ 'ਚ ਕਾਰੋਬਾਰ ਤੇਜ਼ੀ ਦੇ ਨਾਲ ਖੁੱਲ੍ਹਿਆ। ਹਰੇ ਨਿਸ਼ਾਨ 'ਤੇ ਖੁੱਲ੍ਹਣ ਤੋਂ ਬਾਅਦ ਸੈਂਸੈਕਸ ਤੇ ਨਿਫਟੀ ਨੇ ਵਾਧੇ ਦੇ ਨਾਲ ਕਾਰੋਬਾਰ ਕੀਤਾ। ਅੰਤ 'ਚ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 672 ਅੰਕ ਚੜ੍ਹ ਕੇ 59,856 ਦੇ ਪੱਧਰ 'ਤੇ ਬੰਦ ਹੋਇਆ ਸੀ, ਜਦੋਂਕਿ ਐੱਨ.ਐੱਸ.ਈ. ਦਾ ਨਿਫਟੀ 180 ਅੰਕ ਦੀ ਤੇਜ਼ੀ ਦੇ ਨਾਲ 17,805 ਦੇ ਪੱਧਰ 'ਤੇ ਬੰਦ ਹੋਇਆ ਸੀ।
ਸੋਮਵਾਰ ਨੂੰ ਵੀ ਆਈ ਸੀ ਜ਼ਬਰਦਸਤ ਤੇਜ਼ੀ
ਜ਼ਿਕਰਯੋਗ ਹੈ ਕਿ ਸਾਲ 2022 ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਵੀ ਸ਼ੇਅਰ ਬਾਜ਼ਾਰ ਜ਼ਬਰਦਸਤ ਵਾਧਾ ਲੈ ਕੇ ਬੰਦ ਹੋਇਆ ਸੀ। ਬੰਬਈ ਸਟਾਕ ਐਕਸਚੇਂਜ ਦਾ ਸੂਚਕਾਂਕ ਸੈਂਸੈਕਸ 929 ਅੰਕਾਂ ਦੇ ਉਛਾਲ ਦੇ ਨਾਲ 59,183 ਦੇ ਪੱਧਰ 'ਤੇ ਬੰਦ ਹੋਇਆ ਸੀ। ਉਧਰ ਐੱਨ.ਐੱਸ.ਈ. ਦਾ ਨਿਫਟੀ ਸੂਚਕਾਂਕ ਵੀ ਜ਼ੋਰਦਾਰ ਤੇਜ਼ੀ ਦੇ ਨਾਲ ਕਾਰੋਬਾਰ ਦੇ ਅੰਤ 'ਚ 271 ਅੰਕਾਂ ਦੇ ਵਾਧੇ ਨਾਲ 17,625 ਦੇ ਪੱਧਰ 'ਤੇ ਬੰਦ ਹੋਇਆ ਸੀ।


author

Aarti dhillon

Content Editor

Related News