ਕੋਵਿਡ-19 ਦਾ ਪ੍ਰਕੋਪ ਵਧਣ ਦੇ ਡਰ ਨਾਲ ਸੈਂਸੈਕਸ 552 ਅੰਕ ਡਿੱਗਾ
Monday, Jun 15, 2020 - 05:07 PM (IST)
ਮੁੰਬਈ— ਕੋਰੋਨਾ ਵਾਇਰਸ ਦਾ ਪ੍ਰਕੋਪ ਵਧਣ ਅਤੇ ਸੰਕਰਮਣ ਦੀ ਦੂਜੀ ਲਹਿਰ ਦੀ ਚਿੰਤਾ 'ਚ ਬਾਜ਼ਾਰਾਂ 'ਚ ਸੋਮਵਾਰ ਨੂੰ ਗਿਰਾਵਟ ਦਾ ਰੁਖ਼ ਰਿਹਾ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ ਪ੍ਰਮੁੱਖ ਸੂਚਕ ਸੈਂਸੈਕਸ ਸੋਮਵਾਰ ਨੂੰ 552 ਅੰਕ ਯਾਨੀ 1.63 ਫੀਸਦੀ ਡਿੱਗ ਕੇ 33,228.80 ਦੇ ਪੱਧਰ 'ਤੇ ਬੰਦ ਹੋਇਆ।
ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਪ੍ਰਮੁੱਖ ਸੂਚਕ ਨਿਫਟੀ 159.20 ਅੰਕ ਯਾਨੀ 1.60 ਫੀਸਦੀ ਦੀ ਗਿਰਾਵਟ ਨਾਲ 9,813.70 'ਤੇ ਬੰਦ ਹੋਇਆ। ਬੈਂਕ ਨਿਫਟੀ 'ਚ 3.59 ਫੀਸਦੀ ਅਤੇ ਬੀ. ਐੱਸ. ਈ. ਮਿਡ ਕੈਪ 'ਚ 1.15 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ।
ਸੈਂਸੈਕਸ 'ਚ ਸਭ ਤੋਂ ਵੱਧ 7 ਫੀਸਦੀ ਦੀ ਗਿਰਾਵਟ ਇੰਡਸਇੰਡ ਬੈਂਕ ਦੇ ਸ਼ੇਅਰਾਂ 'ਚ ਦਰਜ ਕੀਤੀ ਗਈ। ਇਸ ਤੋਂ ਇਲਾਵਾ ਐਕਸਿਸ ਬੈਂਕ, ਬਜਾਜ ਫਾਈਨੈਂਸ, ਆਈ. ਸੀ. ਆਈ. ਸੀ. ਆਈ. ਬੈਂਕ, ਐੱਨ. ਟੀ. ਪੀ. ਸੀ., ਟਾਟਾ ਸਟੀਲ, ਆਈ. ਟੀ. ਸੀ. ਅਤੇ ਐੱਚ. ਡੀ. ਐੱਫ. ਸੀ. ਬੈਂਕ 'ਚ ਵੀ ਵਿਕਵਾਲੀ ਦੇਖਣ ਨੂੰ ਮਿਲੀ। ਉੱਥੇ ਹੀ, ਰਿਲਾਇੰਸ ਇੰਡਸਟਰੀਜ਼, ਐੱਚ. ਸੀ. ਐੱਲ. ਟੈੱਕ, ਸਨ ਫਾਰਮਾ ਅਤੇ ਓ. ਐੱਨ. ਜੀ. ਸੀ. ਦੇ ਸ਼ੇਅਰ ਬੜ੍ਹਤ 'ਚ ਬੰਦ ਹੋਏ।
ਗਲੋਬਲ ਬਾਜ਼ਾਰ-
ਵਿਸ਼ਵ ਭਰ 'ਚ ਕੋਰੋਨਾ ਸੰਕਰਮਣ ਦੀ ਦੂਜੀ ਲਹਿਰ ਆਉਣ ਦੀ ਚਿੰਤਾ ਕਾਰਨ ਗਲੋਬਲ ਬਾਜ਼ਾਰਾਂ 'ਚ ਗਿਰਾਵਟ ਦੇਖਣ ਨੂੰ ਮਿਲੀ, ਜਿਸ ਨਾਲ ਸਥਾਨਕ ਬਾਜ਼ਾਰ ਵੀ ਪ੍ਰਭਾਵਿਤ ਹੋਏ। ਚੀਨ ਦਾ ਸ਼ੰਘਾਈ ਕੰਪੋਜ਼ਿਟ, ਹਾਂਗਕਾਂਗ ਦਾ ਹੈਂਗ ਸੈਂਗ, ਟੋਕੀਓ ਤੇ ਸਿਓਲ ਦੇ ਬਾਜ਼ਾਰਾਂ 'ਚ 4.76 ਫੀਸਦੀ ਤੱਕ ਦੀ ਗਿਰਾਵਟ ਦਰਜ ਕੀਤੀ ਗਈ।
ਇਸ ਦੌਰਾਨ ਯੂਰਪ ਦੇ ਬਾਜ਼ਾਰਾਂ 'ਚ ਵੀ ਇਕ ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਦੇਖਣ ਨੂੰ ਮਿਲੀ। ਕਾਰੋਬਾਰੀਆਂ ਨੇ ਕਿਹਾ ਕਿ ਚੀਨ ਤੇ ਅਮਰੀਕਾ 'ਚ ਇਸ ਘਾਤਕ ਬਿਮਾਰੀ ਦੀ ਵਾਪਸੀ ਦੀਆਂ ਖਬਰਾਂ ਨਾਲ ਆਰਥਿਕ ਸੁਧਾਰ ਦੀ ਉਮੀਦ ਫਿੱਕੀ ਪੈਣ ਲੱਗੀ ਹੈ। ਦੁਨੀਆ ਭਰ 'ਚ ਕੋਰੋਨਾ ਵਾਇਰਸ ਸੰਕਰਮਣ ਨਾਲ ਜੁੜੇ ਮਾਮਲਿਆਂ ਦੀ ਗਿਣਤੀ 79 ਲੱਖ ਤੋਂ ਜ਼ਿਆਦਾ ਹੋ ਗਈ ਹੈ ਅਤੇ 4.33 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ।