ਬਾਜ਼ਾਰ ਸੁਸਤ : ਸੈਂਸੈਕਸ 'ਚ ਹਲਕੀ ਬੜ੍ਹਤ, ਨਿਫਟੀ 11,685 'ਤੇ ਖੁੱਲ੍ਹਾ

02/03/2020 9:19:24 AM

ਮੁੰਬਈ— ਗਲੋਬਲ ਬਾਜ਼ਾਰਾਂ 'ਚ ਸੁਸਤੀ ਵਿਚਕਾਰ ਸੋਮਵਾਰ ਨੂੰ ਸੈਂਸੈਕਸ ਤੇ ਨਿਫਟੀ ਹਲਕੀ ਮਜਬੂਤੀ 'ਚ ਖੁੱਲ੍ਹੇ ਹਨ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦੇ 30 ਸਟਾਕਸ ਵਾਲੇ ਪ੍ਰਮੁੱਖ ਸੂਚਕ ਅੰਕ ਸੈਂਸੈਕਸ ਦੀ ਸ਼ੁਰੂਆਤ 27.60 ਅੰਕ ਦੀ ਮਜਬੂਤੀ ਨਾਲ 39,763.13 'ਤੇ ਹੋਈ ਹੈ।

ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦੇ 50 ਸਟਾਕਸ ਵਾਲਾ ਨਿਫਟੀ 23.45 ਅੰਕ ਯਾਨੀ 0.20 ਫੀਸਦੀ ਦੀ ਹਲਕੀ ਬੜ੍ਹਤ ਨਾਲ 11,685.30 'ਤੇ ਖੁੱਲ੍ਹਾ ਹੈ। ਕਾਰੋਬਾਰ ਦੇ ਸ਼ੁਰੂ 'ਚ ਬੀ. ਐੱਸ. ਈ. ਮਿਡ ਕੈਪ 'ਚ 30 ਅੰਕ ਦੀ ਮਜਬੂਤੀ ਤੇ ਬੈਂਕ ਨਿਫਟੀ 'ਚ 70 ਅੰਕ ਦੀ ਤੇਜ਼ੀ ਦੇਖਣ ਨੂੰ ਮਿਲੀ। ਕਰੰਸੀ ਬਾਜ਼ਾਰ ਦੀ ਗੱਲ ਕਰੀਏ ਤਾਂ ਡਾਲਰ ਦੇ ਮੁਕਾਬਲੇ ਰੁਪਿਆ ਅੱਜ 71.63 ਦੇ ਪੱਧਰ 'ਤੇ ਖੁੱਲ੍ਹਾ ਹੈ।


ਗਲੋਬਲ ਬਾਜ਼ਾਰਾਂ 'ਚ ਕਾਰੋਬਾਰ-
ਚੀਨ 'ਚ 300 ਤੋਂ ਵੱਧ ਲੋਕਾਂ ਦੀ ਜਾਨ ਲੈ ਚੁੱਕੇ ਵਾਇਰਸ ਦਾ ਪ੍ਰਕੋਪ ਵਧਣ ਦੇ ਮੱਦੇਨਜ਼ਰ ਚਾਈਨਿਜ਼ ਸਟਾਕ ਤੇ ਕਮੋਡਿਟੀ ਬਾਜ਼ਾਰਾਂ 'ਚ ਭਾਰੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਕੋਰੋਨਾ ਵਾਇਰਸ ਕਾਰਨ ਟੂਰਿਜ਼ਮ ਸੈਕਟਰ 'ਚ ਮੰਦਾ ਲੱਗਣ ਨਾਲ ਗਲੋਬਲ ਇਕਨੋਮੀ ਨੂੰ ਝਟਕਾ ਲੱਗਣ ਦਾ ਖਦਸ਼ਾ ਹੈ। 23 ਜਨਵਰੀ ਤੋਂ ਲੰਮੀ ਛੁੱਟੀ ਮਗਰੋਂ ਸੋਮਵਾਰ ਨੂੰ ਪਹਿਲੇ ਦਿਨ ਖੁੱਲ੍ਹਣ 'ਤੇ ਸ਼ੰਘਾਈ ਕੰਪੋਜ਼ਿਟ 'ਚ 9 ਫੀਸਦੀ ਦੀ ਵੱਡੀ ਗਿਰਾਵਟ ਦਰਜ ਕੀਤੀ ਗਈ, ਜੋ ਫਿਲਹਾਲ 7.46 ਫੀਸਦੀ ਦੀ ਕਮਜ਼ੋਰੀ ਨਾਲ 2,754 'ਤੇ ਕਾਰੋਬਾਰ ਕਰ ਰਿਹਾ ਹੈ।

ਚਾਈਨਿਜ਼ ਸਟਾਕ ਬਾਜ਼ਾਰ 'ਚ ਗਿਰਾਵਟ ਦਾ ਅਸਰ ਏਸ਼ੀਆ ਦੇ ਹੋਰ ਬਾਜ਼ਾਰਾਂ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਐੱਸ. ਜੀ. ਐਕਸ. ਨਿਫਟੀ 300 ਅੰਕ ਯਾਨੀ 2.6 ਫੀਸਦੀ ਕਮਜ਼ੋਰ ਹੋ ਕੇ 11,679 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
ਜਪਾਨ ਦਾ ਬਾਜ਼ਾਰ ਨਿੱਕੇਈ 248 ਅੰਕ ਦੀ ਵੱਡੀ ਗਿਰਾਵਟ ਨਾਲ 22,957 'ਤੇ ਕਾਰੋਬਾਰ ਕਰ ਰਿਹਾ ਹੈ। ਹਾਂਗਕਾਂਗ ਦਾ ਬਾਜ਼ਾਰ ਹੈਂਗ ਸੈਂਗ 34 ਅੰਕ ਯਾਨੀ 0.13 ਫੀਸਦੀ ਦੀ ਗਿਰਾਵਟ ਨਾਲ 26,290 ਦੇ ਪੱਧਰ 'ਤੇ ਸੀ। ਦੱਖਣੀ ਕੋਰੀਆ ਦਾ ਕੋਸਪੀ 8 ਅੰਕ ਯਾਨੀ 0.4 ਫੀਸਦੀ ਦੀ ਕਮਜ਼ੋਰੀ 'ਚ 2,112 'ਤੇ ਕਾਰੋਬਾਰ ਕਰ ਰਿਹਾ ਸੀ। ਸਿੰਗਾਪੁਰ ਦਾ ਸਟ੍ਰੇਟਸ ਟਾਈਮਜ਼ 0.83 ਫੀਸਦੀ ਦੀ ਗਿਰਾਵਟ ਨਾਲ 3,127 'ਤੇ ਕਾਰੋਬਾਰ ਕਰ ਰਿਹਾ ਸੀ।


Related News