ਬਾਜ਼ਾਰ : ਸੈਂਸੈਕਸ 200 ਅੰਕ ਡਿੱਗਾ, ਨਿਫਟੀ 11,700 'ਤੇ ਖੁੱਲ੍ਹਾ

Monday, Apr 22, 2019 - 09:23 AM (IST)

ਬਾਜ਼ਾਰ : ਸੈਂਸੈਕਸ 200 ਅੰਕ ਡਿੱਗਾ, ਨਿਫਟੀ 11,700 'ਤੇ ਖੁੱਲ੍ਹਾ

ਮੁੰਬਈ— ਗਲੋਬਲ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਵਿਚਕਾਰ ਸੈਂਸੈਕਸ ਅਤੇ ਨਿਫਟੀ ਕਮਜ਼ੋਰੀ 'ਚ ਖੁੱਲ੍ਹੇ ਹਨ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ 30 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 205.85 ਅੰਕ ਡਿੱਗ ਕੇ 38934.43 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਤੋਂ ਪਹਿਲਾਂ ਵੀਰਵਾਰ ਸੈਂਸੈਕਸ 135.36 ਅੰਕ ਡਿੱਗ ਕੇ 39,140.28 'ਤੇ ਬੰਦ ਹੋਇਆ ਸੀ, ਜਦੋਂ ਕਿ ਸ਼ੁੱਕਰਵਾਰ ਨੂੰ ਬਾਜ਼ਾਰ 'ਚ ਛੁੱਟੀ ਸੀ।

 

ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 44.60 ਅੰਕ ਯਾਨੀ 0.4 ਫੀਸਦੀ ਦੀ ਕਮਜ਼ੋਰੀ ਦਰਜ ਕਰਦੇ ਹੋਏ 11,708.20 'ਤੇ ਖੁੱਲ੍ਹਾ ਹੈ। 
ਕਾਰੋਬਾਰ ਦੇ ਸ਼ੁਰੂ 'ਚ ਬੀ. ਐੱਸ. ਈ. ਮਿਡ ਕੈਪ 'ਚ 111 ਅੰਕ ਦੀ ਕਮਜ਼ੋਰੀ ਤੇ ਬੈਂਕ ਨਿਫਟੀ 'ਚ 200 ਅੰਕ ਦੀ ਗਿਰਾਵਟ ਦੇਖਣ ਨੂੰ ਮਿਲੀ। ਕਰੰਸੀ ਬਾਜ਼ਾਰ ਦੀ ਗੱਲ ਕਰੀਏ ਤਾਂ ਡਾਲਰ ਦੇ ਮੁਕਾਬਲੇ ਰੁਪਿਆ ਅੱਜ 69.75 ਦੇ ਪੱਧਰ 'ਤੇ ਖੁੱਲ੍ਹਾ ਹੈ, ਜਦੋਂ ਕਿ ਪਿਛਲੇ ਕਾਰੋਬਾਰੀ ਦਿਨ ਡਾਲਰ ਦੇ ਮੁਕਾਬਲੇ ਰੁਪਿਆ 69.36 ਦੇ ਪੱਧਰ 'ਤੇ ਬੰਦ ਹੋਇਆ ਸੀ। ਉੱਥੇ ਹੀ, ਕੱਚਾ ਤੇਲ ਉਨ੍ਹਾਂ ਰਿਪੋਰਟਾਂ ਤੋਂ ਬਾਅਦ 74 ਡਾਲਰ ਪ੍ਰਤੀ ਬੈਰਲ ਦੇ ਨਜ਼ਦੀਕ ਕਾਰੋਬਾਰ ਕਰ ਰਿਹਾ ਹੈ, ਜਿਨ੍ਹਾਂ 'ਚ ਇਹ ਗੱਲ ਕਹੀ ਗਈ ਹੈ ਕਿ ਅਮਰੀਕਾ ਈਰਾਨ ਤੋਂ ਤੇਲ ਦਰਾਮਦ ਕਰਨ ਵਾਲੇ ਦੇਸ਼ਾਂ ਨੂੰ ਮਿਲੀ ਛੋਟ ਸਮਾਪਤ ਕਰਨ ਜਾ ਰਿਹਾ ਹੈ।

 

ਗਲੋਬਲ ਬਾਜ਼ਾਰਾਂ 'ਚ ਕਾਰੋਬਾਰ-
ਵਿਦੇਸ਼ੀ ਬਾਜ਼ਾਰਾਂ 'ਚ ਕਾਰੋਬਾਰ ਮਿਲੇ-ਜੁਲੇ ਹਨ। ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 15 ਅੰਕ ਡਿੱਗਾ ਹੈ, ਜਦੋਂ ਕਿ ਜਪਾਨ ਦਾ ਬਾਜ਼ਾਰ ਨਿੱਕੇਈ 20 ਅੰਕ ਦੀ ਹਲਕੀ ਬੜ੍ਹਤ 'ਚ ਕਾਰੋਬਾਰ ਕਰ ਰਿਹਾ ਹੈ।
ਸਿੰਗਾਪੁਰ 'ਚ ਐੱਸ. ਜੀ. ਐਕਸ. ਨਿਫਟੀ 65 ਅੰਕ ਦੀ ਗਿਰਾਵਟ ਨਾਲ 11,741 ਦੇ ਪੱਧਰ ਤਕ ਡਿੱਗਾ ਹੈ। ਹਾਂਗਕਾਂਗ ਦਾ ਬਾਜ਼ਾਰ ਬੰਦ ਹੈ। ਇਸ ਦੇ ਇਲਾਵਾ ਦੱਖਣੀ ਕੋਰੀਆ ਦਾ ਬਾਜ਼ਾਰ ਕੋਸਪੀ 0.02 ਫੀਸਦੀ ਦੀ ਹਲਕੀ ਤੇਜ਼ੀ 'ਚ 2,216.99 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
ਉੱਥੇ ਹੀ, ਗੁੱਡ ਫਰਾਈਡੇ ਦੇ ਸੰਬੰਧ 'ਚ ਅਮਰੀਕੀ ਬਾਜ਼ਾਰ ਸ਼ੁੱਕਰਵਾਰ ਬੰਦ ਰਹੇ ਸਨ। ਇਸ ਤੋਂ ਪਹਿਲਾਂ ਵੀਰਵਾਰ ਯੂ. ਐੱਸ. ਬਾਜ਼ਾਰ ਤੇਜ਼ੀ 'ਚ ਬੰਦ ਹੋਏ ਸਨ। ਹਾਲਾਂਕਿ ਡਾਓ ਜੋਂਸ ਨੇ ਜਿੱਥੇ 110 ਅੰਕ ਯਾਨੀ 0.42 ਫੀਸਦੀ ਦੀ ਤੇਜ਼ੀ ਦਰਜ ਕੀਤੀ, ਉੱਥੇ ਹੀ ਐੱਸ. ਐਂਡ ਪੀ.-500 ਇੰਡੈਕਸ ਨੇ 0.2 ਫੀਸਦੀ ਦੀ ਬੜ੍ਹਤ ਹਾਸਲ ਕੀਤੀ ਤੇ ਨੈਸਡੈਕ ਕੰਪੋਜ਼ਿਟ ਸਪਾਟ ਰਿਹਾ।


Related News