ਸੇਬੀ ਚੀਫ ਮਾਧਬੀ ਪੁਰੀ ਬੁਚ ਦੀਆਂ ਮੁਸ਼ਕਿਲਾਂ ਵਧੀਆਂ, ਨਿਯਮਾਂ ਦੀ ਉਲੰਘਣਾ ਨਾਲ ਕਮਾਇਆ ਰੈਵੇਨਿਊ!
Saturday, Aug 17, 2024 - 01:05 PM (IST)
ਨਵੀਂ ਦਿੱਲੀ (ਇੰਟ.) – ਭਾਰਤੀ ਸ਼ੇਅਰ ਬਾਜ਼ਾਰ ਰੈਗੂਲੇਟਰੀ ਸੇਬੀ ਦੀ ਮੁਖੀ ਮਾਧਬੀ ਪੁਰੀ ਬੁਚ ’ਤੇ ਗੰਭੀਰ ਦੋਸ਼ ਲੱਗੇ ਹਨ, ਜਿਨ੍ਹਾਂ ਨਾਲ ਉਨ੍ਹਾਂ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਇਕ ਖਬਰ ਏਜੰਸੀ ਵੱਲੋਂ ਰੀਵਿਊ ਕੀਤੇ ਗਏ ਜਨਤਕ ਦਸਤਾਵੇਜ਼ਾਂ ਅਨੁਸਾਰ ਬੁਚ ਨੇ ਆਪਣੇ 7 ਸਾਲਾਂ ਦੇ ਕਾਰਜਕਾਲ ਦੌਰਾਨ ਇਕ ਕੰਸਲਟੈਂਸੀ ਫਰਮ ਤੋਂ ਮਾਲੀਆ (ਰੈਵੇਨਿਊ) ਕਮਾਇਆ ਹੈ, ਜੋ ਰੈਗੂਲੇਟਰੀ ਦੇ ਅਧਿਕਾਰੀਆਂ ਲਈ ਬਣੇ ਨਿਯਮਾਂ ਦੀ ਉਲੰਘਣਾ ਹੋ ਸਕਦੀ ਹੈ।
ਹਿੰਡਨਬਰਗ ਰਿਸਰਚ ਦੇ ਦੋਸ਼
ਹਿੰਡਨਬਰਗ ਰਿਸਰਚ ਨੇ ਬੁਚ ’ਤੇ ਅਡਾਨੀ ਗਰੁੱਪ ਨਾਲ ਜੁੜੇ ਮਾਮਲਿਆਂ ’ਚ ਹਿਤਾਂ ਦੇ ਟਕਰਾਅ ਦਾ ਦੋਸ਼ ਲਗਾਇਆ ਹੈ। ਇਸ ਰਿਸਰਚ ਰਿਪੋਰਟ ’ਚ ਦਾਅਵਾ ਕੀਤਾ ਗਿਆ ਕਿ ਅਡਾਨੀ ਗਰੁੱਪ ਦੀ ਜਾਂਚ ਦੌਰਾਨ ਬੁਚ ਦੇ ਪਿਛਲੇ ਨਿਵੇਸ਼ਾਂ ਦੇ ਕਾਰਨ ਉਨ੍ਹਾਂ ਦੇ ਫੈਸਲੇ ਪ੍ਰਭਾਵਿਤ ਹੋ ਸਕਦੇ ਸਨ। ਇਸ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਬੁਚ ਨੇ ਦੋਸ਼ਾਂ ਨੂੰ ‘ਚਰਿੱਤਰ ਹਨਨ’ ਕਰਾਰ ਦਿੱਤਾ ਅਤੇ ਹਿਤਾਂ ਦੇ ਟਕਰਾਅ ਦੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ।
ਬੁਚ ਦੀ ਕੰਸਲਟੈਂਸੀ ਫਰਮ ਅਤੇ ਨਿਯਮਾਂ ਦੀ ਉਲੰਘਣਾ
ਬੁਚ ਦੀ ਅਗੋਰਾ ਐਡਵਾਇਜ਼ਰੀ ਨਾਂ ਦੀ ਕੰਸਲਟੈਂਸੀ ਫਰਮ, ਜਿਸ ’ਚ ਉਨ੍ਹਾਂ ਦੀ 99 ਫੀਸਦੀ ਹਿੱਸੇਦਾਰੀ ਹੈ, ਨੇ 2017 ਤੋਂ 2022 ਤੱਕ 3.71 ਕਰੋੜ ਰੁਪਏ ਦਾ ਰੈਵੇਨਿਊ ਕਮਾਇਆ। ਇਹ ਰੈਵੇਨਿਊ ਸੇਬੀ ਦੀ 2008 ਦੀ ਨੀਤੀ ਦੀ ਉਲੰਘਣਾ ਹੋ ਸਕਦੀ ਹੈ, ਜੋ ਅਧਿਕਾਰੀਆਂ ਨੂੰ ਕਾਰੋਬਾਰੀ ਲਾਭ ਕਮਾਉਣ ਤੋਂ ਰੋਕਦੀ ਹੈ।
ਹਾਲਾਂਕਿ ਬੁਚ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਨੇ ਆਪਣੇ ਪਤੀ ਲਈ ਇਹ ਫਰਮ ਬਣਾਈ ਸੀ, ਜਿਨ੍ਹਾਂ ਨੇ 2019 ’ਚ ਯੂਨੀਲੀਵਰ ਤੋਂ ਰਿਟਾਇਰ ਹੋਣ ਤੋਂ ਬਾਅਦ ਇਸ ਫਰਮ ਦਾ ਇਸਤੇਮਾਲ ਕੀਤਾ।
ਬੁਚ ਨੇ ਹੋਲਡਿੰਗਸ ‘ਵਿਵਹਾਰ ਦੀ ਬਹੁਤ ਗੰਭੀਰ’ ਉਲੰਘਣਾ ਕੀਤੀ : ਸੁਭਾਸ਼ ਚੰਦਰ ਗਰਗ
ਭਾਰਤ ਸਰਕਾਰ ਦੇ ਸਾਬਕਾ ਵੱਡੇ ਨੌਕਰਸ਼ਾਹ ਅਤੇ ਬੁਚ ਦੇ ਕਾਰਜਕਾਲ ਦੌਰਾਨ ਸੇਬੀ ਬੋਰਡ ਦੇ ਮੈਂਬਰ ਸੁਭਾਸ਼ ਚੰਦਰ ਗਰਗ ਨੇ ਫਰਮ ’ਚ ਉਨ੍ਹਾਂ ਦੀ ਇਕਵਿਟੀ ਅਤੇ ਇਸ ਦੇ ਨਿਰੰਤਰ ਬਿਜ਼ਨੈੱਸ ਆਪ੍ਰੇਸ਼ਨ ਨੂੰ ‘ਵਿਵਹਾਰ ਦੀ ਬਹੁਤ ਗੰਭੀਰ’ ਉਲੰਘਣਾ ਦੱਸਿਆ।
ਗਰਗ ਨੇ ਕਿਹਾ,‘ਬੋਰਡ ’ਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਲਈ ਕੰਪਨੀ ਦਾ ਮਾਲਕਾਨਾ ਹੱਕ ਜਾਰੀ ਰੱਖਣ ਦਾ ਕੋਈ ਮਤਲਬ ਨਹੀਂ ਸੀ। ਖੁਲਾਸੇ ਕਰਨ ਤੋਂ ਬਾਅਦ ਵੀ ਉਨ੍ਹਾਂ ਨੂੰ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਸੀ। ਇਹ ਉਨ੍ਹਾਂ ਨੂੰ ਰੈਗੂਲੇਟਰੀ ’ਤੇ ਪੂਰੀ ਤਰ੍ਹਾਂ ਨਾਲ ਅਯੋਗ ਸਥਿਤੀ ’ਚ ਲਿਆਉਂਦਾ ਹੈ।’
ਬੁਚ ਨੇ ਇਹ ਸਪਸ਼ਟ ਨਹੀਂ ਕੀਤਾ ਹੈ ਕਿ ਕੀ ਉਨ੍ਹਾਂ ਨੂੰ ਭਾਰਤੀ ਕੰਸਲਟੈਂਸੀ ਫਰਮ ’ਚ ਆਪਣੀ ਹਿੱਸੇਦਾਰੀ ਬਣਾਏ ਰੱਖਣ ਦੀ ਛੋਟ ਦਿੱਤੀ ਗਈ ਸੀ। ਇਸ ਬਾਰੇ ਉਨ੍ਹਾਂ ਤੋਂ ਪੁੱਛੇ ਗਏ ਸਵਾਲ ਦਾ ਵੀ ਜਵਾਬ ਨਹੀਂ ਦਿੱਤਾ ਗਿਆ।
ਅਡਾਨੀ ਗਰੁੱਪ ਨਾਲ ਕੋਈ ਸਬੰਧ
ਰੀਵਿਊ ਕੀਤੇ ਗਏ ਜਨਤਕ ਦਸਤਾਵੇਜ਼ਾਂ ’ਚ ਅਜਿਹਾ ਕੋਈ ਸੰਕੇਤ ਨਹੀਂ ਮਿਲਿਆ ਕਿ ਇਸ ਕੰਸਲਟੈਂਸੀ ਫਰਮ ਦੇ ਮਾਲੀਏ ਦਾ ਅਡਾਨੀ ਗਰੁੱਪ ਨਾਲ ਕੋਈ ਸਬੰਧ ਸੀ। ਹਾਲਾਂਕਿ ਬੁਚ ’ਤੇ ਲੱਗੇ ਦੋਸ਼ਾਂ ਨੇ ਸੇਬੀ ਦੇ ਅਕਸ ਨੂੰ ਪ੍ਰਭਾਵਿਤ ਕੀਤਾ ਹੈ।
ਇਨ੍ਹਾਂ ਘਟਨਾਵਾਂ ਤੋਂ ਸਪਸ਼ਟ ਹੈ ਕਿ ਸੇਬੀ ਮੁਖੀ ਦੇ ਇਸ ਵਿਵਾਦਗ੍ਰਸਤ ਮਾਮਲੇ ਨੇ ਭਾਰਤੀ ਸ਼ੇਅਰ ਬਾਜ਼ਾਰ ਰੈਗੂਲੇਟਰੀ ਦੀ ਨਿਰਪੱਖਤਾ ’ਤੇ ਸਵਾਲ ਖੜ੍ਹੇ ਕੀਤੇ ਹਨ, ਜਿਸ ਦੇ ਨਤੀਜੇ ਵਜੋਂ ਅੱਗੇ ਹੋਰ ਜਾਂਚ ਹੋ ਸਕਦੀ ਹੈ।