SBI ਦੇ ਮੁਨਾਫੇ 'ਚ ਜੂਨ ਤਿਮਾਹੀ ਦੌਰਾਨ 81 ਫੀਸਦੀ ਦਾ ਭਾਰੀ ਉਛਾਲ

07/31/2020 5:02:03 PM

ਨਵੀਂ ਦਿੱਲੀ, (ਵਾਰਤਾ)— ਦੇਸ਼ ਦੇ ਸਭ ਤੋਂ ਵੱਡੇ ਜਨਤਕ ਵਪਾਰਕ ਬੈਂਕ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੂੰ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ (ਅਪ੍ਰੈਲ-ਜੂਨ) 'ਚ 4,189 ਕਰੋੜ ਰੁਪਏ ਦਾ ਮੁਨਾਫਾ ਹੋਇਆ ਹੈ, ਜੋ ਪਿਛਲੇ ਵਿੱਤੀ ਵਰ੍ਹੇ ਦੀ ਇਸੇ ਤਿਮਾਹੀ 'ਚ ਉਸ ਨੂੰ ਹੋਈ 2,312 ਕਰੋੜ ਰੁਪਏ ਦੀ ਕਮਾਈ ਨਾਲੋਂ 81.18 ਫੀਸਦੀ ਵੱਧ ਹੈ।

ਬੈਂਕ ਨੇ ਨਿਰਦੇਸ਼ਕ ਮੰਡਲ ਦੀ ਬੈਠਕ ਪਿੱਛੋਂ ਅੱਜ ਜਾਰੀ ਵਿੱਤੀ ਲੇਖਾਜੋਖਾ 'ਚ ਕਿਹਾ ਕਿ ਜੂਨ 'ਚ ਸਮਾਪਤ ਇਸ ਤਿਮਾਹੀ 'ਚ ਉਸ ਨੂੰ 9,250 ਕਰੋੜ ਰੁਪਏ ਦੀ ਵਿਵਸਥਾ ਕਰਨੀ ਪਈ, ਜੋ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ 'ਚ ਕੀਤੀ ਗਈ 11,648 ਕਰੋੜ ਰੁਪਏ ਦੀ ਵਿਵਸਥਾ ਦੀ ਤੁਲਨਾ 'ਚ 19.13 ਫੀਸਦੀ ਘੱਟ ਹੈ।

ਇਸ ਤਿਮਾਹੀ 'ਚ ਬੈਂਕ ਦੀ ਸ਼ੁੱਧ ਵਿਆਜ ਆਮਦਨ 26,642 ਕਰੋੜ ਰੁਪਏ ਰਹੀ, ਜੋ ਕਿ ਜੂਨ 2019 ਨੂੰ ਖਤਮ ਹੋਈ ਤਿਮਾਹੀ 'ਚ 22,939 ਕਰੋੜ ਰੁਪਏ ਨਾਲੋਂ 16.14 ਫੀਸਦੀ ਵੱਧ ਹੈ। ਬੈਂਕ ਦਾ ਸ਼ੁੱਧ ਐੱਨ. ਪੀ. ਏ. ਇਸ ਸਮੇਂ ਦੌਰਾਨ 34.93 ਫੀਸਦ ਘੱਟ ਕੇ 42,704 ਕਰੋੜ ਰੁਪਏ ਰਿਹਾ, ਜੋ ਪਿਛਲੇ ਵਿੱਤੀ ਵਰ੍ਹੇ ਦੀ ਇਸ ਮਿਆਦ 'ਚ 65,629 ਕਰੋੜ ਰੁਪਏ ਰਿਹਾ ਸੀ। ਸ਼ੁੱਧ ਐੱਨ. ਪੀ. ਏ. ਜੂਨ 2019 'ਚ 3.07 ਫੀਸਦੀ ਸੀ, ਜੋ ਮੌਜੂਦਾ ਵਿੱਤੀ ਵਰ੍ਹੇ 'ਚ ਘੱਟ ਕੇ 1.86 ਫੀਸਦੀ 'ਤੇ ਆ ਗਿਆ। ਇਸ ਤੋਂ ਇਲਾਵਾ ਏਕੀਕ੍ਰਿਤ ਆਧਾਰ 'ਤੇ ਤਿਮਾਹੀ ਦੌਰਾਨ ਐੱਸ. ਬੀ. ਆਈ. ਦਾ ਸ਼ੁੱਧ ਮੁਨਾਫਾ 62 ਫੀਸਦੀ ਵੱਧ ਕੇ 4,776.50 ਕਰੋੜ ਰੁਪਏ ਰਿਹਾ, ਜੋ ਇਸ ਤੋਂ ਪਿਛਲੇ ਵਿੱਤੀ ਵਰ੍ਹੇ ਦੇ ਇਸੇ ਤਿਮਾਹੀ 'ਚ 2,950.50 ਕਰੋੜ ਸੀ।


Sanjeev

Content Editor

Related News