SBI ਦੀ ਹੋਮ ਲੋਨ ਗਾਹਕਾਂ ਨੂੰ ਵੱਡੀ ਸੌਗਾਤ, 1 ਜਨਵਰੀ ਤੋਂ ਘੱਟ ਜਾਵੇਗੀ EMI

12/30/2019 3:05:00 PM

ਨਵੀਂ ਦਿੱਲੀ— ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਹੋਮ ਲੋਨ ਦੇ ਮੌਜੂਦਾ ਗਾਹਕਾਂ ਨੂੰ ਵੱਡੀ ਸੌਗਾਤ ਦਿੱਤੀ ਹੈ। ਬੈਂਕ ਨੇ ਬਾਹਰੀ ਬੈਂਚਮਾਰਕ ਆਧਾਰਿਤ ਦਰ (ਈ. ਬੀ. ਆਰ.) 'ਚ 0.25 ਫੀਸਦੀ ਦੀ ਕਟੌਤੀ ਕਰਦੇ ਹੋਏ ਇਸ ਨੂੰ 8.05 ਫੀਸਦੀ ਤੋਂ ਘਟਾ ਕੇ 7.80 ਫੀਸਦੀ ਕਰ ਦਿੱਤਾ ਹੈ। ਇਹ ਨਵੀਂ ਦਰ 1 ਜਨਵਰੀ 2020 ਤੋਂ ਪ੍ਰਭਾਵੀ ਹੋ ਜਾਵੇਗੀ। ਇਸ ਕਟੌਤੀ ਨਾਲ ਮੌਜੂਦਾ ਹੋਮ ਲੋਨ ਗਾਹਕਾਂ ਦੇ ਨਾਲ-ਨਾਲ MSME ਕਰਜ਼ਦਾਰਾਂ ਦੀ ਈ. ਐੱਮ. ਆਈ. 25 ਆਧਾਰ ਅੰਕ ਘੱਟ ਹੋ ਜਾਵੇਗੀ। ਇਸ ਤੋਂ ਇਲਾਵਾ ਐੱਸ. ਬੀ. ਆਈ. ਨੇ ਕਿਹਾ ਕਿ ਨਵੇਂ ਹੋਮ ਲੋਨ ਗਾਹਕਾਂ ਨੂੰ 8.15 ਫੀਸਦੀ ਦੀ ਬਜਾਏ ਹੁਣ ਸ਼ੁਰੂਆਤੀ 7.90 ਫੀਸਦੀ ਦੀ ਸਾਲਾਨਾ ਵਿਆਜ ਦਰ 'ਤੇ ਲੋਨ ਮਿਲੇਗਾ।

ਜ਼ਿਕਰਯੋਗ ਹੈ ਕਿ ਭਾਰਤੀ ਸਟੇਟ ਬੈਂਕ ਨੇ ਬਾਹਰੀ ਬੈਂਚਮਾਰਕ ਆਧਾਰਿਤ ਦਰ (ਈ. ਬੀ. ਆਰ.) ਰਿਜ਼ਰਵ ਬੈਂਕ ਦੀ ਰੇਪੋ ਦਰ ਤੋਂ 2.65 ਫੀਸਦੀ ਉਪਰ ਫਿਕਸਡ ਕੀਤੀ ਹੋਈ ਹੈ। ਰੇਪੋ ਦਰ ਮੌਜੂਦਾ ਸਮੇਂ 5.15 ਫੀਸਦੀ ਹੈ। ਇਸ ਤੋਂ ਇਲਾਵਾ ਬੈਂਕ ਹੋਮ ਲੋਨ ਦਰ 'ਤੇ 0.10 ਤੋਂ 0.75 ਫੀਸਦੀ ਵਿਚਕਾਰ ਵੱਧ ਚਾਰਜ ਕਰਦਾ ਹੈ, ਯਾਨੀ ਘੱਟੋ-ਘੱਟ ਪ੍ਰਭਾਵੀ ਦਰ ਈ. ਬੀ. ਆਰ. ਤੋਂ 0.10 ਫੀਸਦੀ ਉਪਰ ਹੋਵੇਗੀ। ਤਨਖਾਹਦਾਰਾਂ ਨੂੰ 30 ਲੱਖ ਰੁਪਏ ਤਕ ਦਾ ਹੋਮ ਲੋਨ ਹੁਣ ਘੱਟੋ-ਘੱਟ 7.95 ਫੀਸਦੀ ਦੀ ਪ੍ਰਭਾਵੀ ਦਰ 'ਤੇ ਮਿਲੇਗਾ। 

ਇਸ ਮਹੀਨੇ ਦੇ ਸ਼ੁਰੂ 'ਚ ਐੱਸ. ਬੀ. ਆਈ. ਨੇ ਪ੍ਰਚੂਨ ਲੋਨ ਗਾਹਕਾਂ ਨੂੰ ਰਾਹਤ ਦਿੰਦੇ ਹੋਏ ਇਕ ਸਾਲਾ ਐੱਮ. ਸੀ. ਐੱਲ. ਆਰ. ਦਰ 'ਚ ਵੀ 0.10 ਫੀਸਦੀ ਦੀ ਕਟੌਤੀ ਕੀਤੀ ਸੀ, ਜੋ 10 ਦਸੰਬਰ ਤੋਂ ਲਾਗੂ ਹੈ। ਇਸ ਵਿੱਤੀ ਸਾਲ 'ਚ ਬੈਂਕ ਵੱਲੋਂ ਐੱਮ. ਸੀ. ਐੱਲ. ਆਰ. ਦਰ 'ਚ ਇਹ ਲਗਾਤਾਰ 8ਵੀਂ ਕਟੌਤੀ ਸੀ। ਬੈਂਕ ਦਾ ਇਕ ਸਾਲਾ ਐੱਮ. ਸੀ. ਐੱਲ. ਆਰ. ਮੌਜੂਦਾ ਸਮੇਂ 7.90 ਫੀਸਦੀ ਹੈ, ਜੋ ਪਹਿਲਾਂ 8 ਫੀਸਦੀ ਸੀ। ਐੱਸ. ਬੀ. ਆਈ. ਜਾਇਦਾਦ, ਜਮ੍ਹਾਂ ਰਾਸ਼ੀ, ਸ਼ਾਖਾਵਾਂ, ਗਾਹਕਾਂ ਤੇ ਕਰਮਚਾਰੀਆਂ ਦੇ ਮਾਮਲੇ 'ਚ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਬੈਂਕ ਹੈ।


Related News