ਅਫਰੀਕਾ ’ਚ ਵਪਾਰ ਵਿੱਤੀ ਪਾੜੇ ਨੂੰ ਪੂਰਾ ਕਰ ਰਹੇ SBI ਤੇ ਇੰਡੀਆ ਐਕਜ਼ਿਮ ਬੈਂਕ
Sunday, Oct 27, 2024 - 03:21 PM (IST)
ਜੋਹਾਨਸਬਰਗ (ਭਾਸ਼ਾ) - ਭਾਰਤੀ ਸਟੇਟ ਬੈਂਕ ਅਤੇ ਇੰਡੀਆ ਐਕਜ਼ਿਮ ਬੈਂਕ ਅਫਰੀਕੀ ਦੇਸ਼ਾਂ ’ਚ ਵਪਾਰ ਵਿੱਤੀ ਪਾੜੇ ਨੂੰ ਪੂਰਾ ਕਰਨ ’ਚ ਕਾਰੋਬਾਰਾਂ ਦੀ ਮਦਦ ਕਰ ਰਹੇ ਹਨ। ਦੋਵਾਂ ਸੰਗਠਨਾਂ ਦੇ ਦੱਖਣ ਅਫਰੀਕੀ ਮੁਖੀਆਂ ਨੇ ਇੱਥੇ ਭਾਰਤ ਉਦਮੀ ਮੰਚ (ਆਈ. ਈ. ਐੱਫ.) ਨੂੰ ਇਹ ਜਾਣਕਾਰੀ ਦਿੱਤੀ। ਇਸ ਪ੍ਰੋਗਰਾਮ ਦੀ ਸ਼ੁਰੂਆਤ ਭਾਰਤ ਦੇ ਕਾਊਂਸਲੇਟ ਜਨਰਲ ਮਹੇਸ਼ ਕੁਮਾਰ ਨੇ ਕੀਤੀ।
ਉਨ੍ਹਾਂ ਕਿਹਾ,‘‘ਅਸੀਂ ਭਾਰਤ ਦੇ ਨਾਲ ਵਪਾਰ ਜਾਂ ਕਿਸੇ ਹੋਰ ਤਰ੍ਹਾਂ ਦਾ ਪੇਸ਼ਾ ਕਰਨ ਵਾਲੀਆਂ ਸਾਰੀਆਂ ਕੰਪਨੀਆਂ ਨੂੰ ਉਨ੍ਹਾਂ ਦੀ ਸਮਰੱਥਾ ਨਿਰਮਾਣ ’ਚ ਸਹਾਇਤਾ ਕਰਨ ਲਈ ਅਜਿਹਾ ਕੀਤਾ। ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੇ ਸੀ. ਈ. ਓ. ਆਸ਼ੂਤੋਸ਼ ਕੁਮਾਰ ਅਤੇ ਇੰਡੀਆ ਐਕਜ਼ਿਮ ਬੈਂਕ ਦੇ ਜੋਹਾਨਸਬਰਗ ਪ੍ਰਤੀਨਿੱਧੀ ਦਫਤਰ ’ਚ ਸਥਾਨਕ ਪ੍ਰਤੀਨਿੱਧੀ ਸ਼ਿਆਮਾਸ਼ੀਸ਼ ਆਚਾਰਿਆ ਨੇ ਭਾਰਤ ਅਤੇ ਅਫਰੀਕੀ ਮਹਾਦੀਪ ’ਚ ਵਪਾਰ ’ਚ ਆਪਣੀਆਂ ਸੇਵਾਵਾਂ ਬਾਰੇ ਦੱਸਿਆ।
ਕੁਮਾਰ ਨੇ ਕਿਹਾ,‘‘ਐੱਸ. ਬੀ. ਆਈ. ਅਫਰੀਕਾ ’ਚ ਭਾਰਤ ਦੇ ਪਦਚਿਨ੍ਹਾਂ ਨੂੰ ਮਜ਼ਬੂਤ ਕਰ ਰਿਹਾ ਹੈ ਅਤੇ ਗੱਠਜੋਡ਼ ਜ਼ਰੀਏ ਦੱਖਣ ਅਫਰੀਕੀ ਬੈਂਕਾਂ ਨੂੰ ਫੰਡਿੰਗ ਕਰ ਕੇ ਅਫਰੀਕੀ ਵਪਾਰ ’ਚ ਮਹੱਤਵਪੂਰਨ ਭੂਮਿਕਾ ਨਿਭਾਅ ਰਿਹਾ ਹੈ। ਉਨ੍ਹਾਂ ਕਿਹਾ ਕਿ ਬੈਂਕ ਨੇ ਪਿਛਲੇ 27 ਸਾਲਾਂ ਤੋਂ ਦੱਖਣ ਅਫਰੀਕਾ ’ਚ ਨਵੀਂ ਪੂੰਜੀ ਦਾ ਨਿਵੇਸ਼ ਕੀਤਾ ਹੈ ਅਤੇ ਆਪਣੀ ਕਮਾਈ ਨੂੰ ਬਣਾਏ ਰੱਖਿਆ ਹੈ।
ਕੁਮਾਰ ਨੇ ਕਿਹਾ ਕਿ ਐੱਸ. ਬੀ. ਆਈ. ਦੀਆਂ ਪੇਸ਼ਕਸ਼ਾਂ ’ਚ ਅਫਰੀਕਾ-ਐਕਜ਼ਿਮ, ਅਫਰੀਕਾ ਵਿੱਤ ਨਿਗਮ ਅਤੇ ਹੋਰ ਬਹੁਪੱਖੀ ਸੰਸਥਾਨਾਂ ਨੂੰ ਦੋਪੱਖੀ ਕਰਜ਼ਾ ਸੁਵਿਧਾਵਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਐੱਸ. ਬੀ. ਆਈ. ਹੁਣ ਅਫਰੀਕੀ ਮਹਾਦੀਪ ਦੇ 40 ਤੋਂ ਜ਼ਿਆਦਾ ਦੇਸ਼ਾਂ ਨੂੰ ਬੈਂਕ ਗਾਰੰਟੀ ਜ਼ਰੂਰਤਾਂ ਲਈ ਭਾਰਤੀ ਕਾਰਪੋਰੇਟ ਦੀ ਮਦਦ ਕਰ ਰਿਹਾ ਹੈ।
ਆਚਾਰਿਆ ਨੇ ਕਿਹਾ ਕਿ ਵਪਾਰ ਵਿੱਤ ਅੰਤਰ ਨੂੰ ਘਟ ਕਰਨ ਲਈ ਵਪਾਰ ਸਹਾਇਤਾ ਪ੍ਰੋਗਰਾਮ (ਟੀ. ਏ. ਪੀ.) ਨੇ ਸਾਂਝੇਦਾਰ ਦੇਸ਼ਾਂ ਨਾਲ ਭਾਰਤ ਦੀ ਆਰਥਿਕ ਭਾਈਵਾਲੀ ਨੂੰ ਏਕੀਕ੍ਰਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇੰਡੀਆ ਐਕਜਿਮ ਬੈਂਕ 31 ਅਫਰੀਕੀ ਦੇਸ਼ਾਂ ’ਚ ਕੰਮ ਕਰ ਰਿਹਾ ਹੈ । ਕੁਮਾਰ ਨੇ ਕਿਹਾ ਕਿ ਐੱਸ. ਬੀ. ਆਈ. ਅਤੇ ਇੰਡੀਆ ਐਕਜ਼ਿਮ ਬੈਂਕ ਮੁਕਾਬਲੇਬਾਜ਼ ਨਹੀਂ ਹਨ, ਸਗੋਂ ਆਪਣੀਆਂ ਗਤੀਵਿਧੀਆਂ ’ਚ ਇਕ-ਦੂਜੇ ਦੇ ਪੂਰਕ ਹਨ।