‘ਐੱਨ. ਪੀ. ਏ. ਖਾਤਿਆਂ ਲਈ ਆਇਆ ਬੈਡ ਬੈਂਕ, ਐੱਸ. ਬੀ. ਆਈ. ਸਮੇਤ 8 ਸਰਕਾਰੀ ਬੈਂਕਾਂ ਨੇ ਖਰੀਦੀ ਹਿੱਸੇਦਾਰੀ’

Wednesday, Jul 21, 2021 - 05:03 PM (IST)

ਨਵੀਂ ਦਿੱਲੀ– ਸਟੇਟ ਬੈਂਕ ਆਫ ਇੰਡੀਆ (ਐੱਸ. ਬੀ. ਆਈ.), ਪੀ. ਐੱਨ. ਬੀ. ਸਮੇਤ ਦੇਸ਼ ਦੇ 8 ਸਰਕਾਰੀ ਬੈਂਕ, ਨੈਸ਼ਨਲ ਅਸੈਟ ਰਿਕੰਸਟ੍ਰਕਸ਼ਨ ਕੰਪਨੀ ਲਿਮਟਿਡ (ਐੱਨ. ਏ. ਆਰ. ਸੀ. ਐੱਲ.) ਜਾਂ ‘ਬੈਡ ਬੈਂਕ’ ਵਿਚ ਹਿੱਸੇਦਾਰੀ ਖਰੀਦੀ ਹੈ। ਕਾਰਪੋਰੇਟ ਫਾਈਲਿੰਗ ਮੁਤਾਬਕ ਕੇਨਰਾ ਬੈਂਕ ਨੇ 10 ਰੁਪਏ ਪ੍ਰਤੀ ਸਟਾਕ ਦੇ ਹਿਸਾਬ ਨਾਲ 1.2 ਕਰੋੜ ਸ਼ੇਅਰ ਖਰੀਦੇ ਹਨ। ਉੱਥੇ ਹੀ ਬੈਂਕ ਆਫ ਬੜੌਦਾ (ਬੀ. ਓ. ਬੀ.), ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.), ਯੂਨੀਅਨ ਬੈਂਕ ਆਫ ਇੰਡੀਆ ਅਤੇ ਇੰਡੀਅਨ ਬੈਂਕ ਨੇ ਕ੍ਰਮਵਾਰ 90.9 ਲੱਖ ਸ਼ੇਅਰ ਖਰੀਦੇ ਹਨ। ਇਸ ਤੋਂ ਇਲਾਵਾ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਅਤੇ ਬੈਂਕ ਆਫ ਇੰਡੀਆ ਨੇ ਕ੍ਰਮਵਾਰ 90 ਲੱਖ ਸ਼ੇਅਰ ਜਦ ਕਿ ਬੈਂਕ ਆਫ ਮਹਾਰਾਸ਼ਟਰ ਨੇ 50 ਲੱਖ ਸ਼ੇਅਰ ਖਰੀਦੇ ਹਨ।
ਜਾਣਕਾਰੀ ਮੁਤਾਬਕ ਬੈਡ ਬੈਂਕ ’ਚ ਇਹ ਸ਼ੁਰੂਆਤੀ ਨਿਵੇਸ਼ਕ ਹਨ। ਇਸ ’ਚ ਨਿੱਜੀ ਖੇਤਰ ਦੇ ਕਰਜ਼ਦਾਤਾ ਵੀ ਸ਼ਾਮਲ ਹੋਣਗੇ। ਬੈਡ ਬੈਂਕ ਦੇ ਹਿੱਸੇ ਦੇ ਰੂਪ ’ਚ ਇਕ ਜਾਇਦਾਦ ਪ੍ਰਬੰਧਨ ਕੰਪਨੀ (ਏ. ਐੱਮ. ਸੀ.) ਵੀ ਬਣਾਈ ਜਾਏਗੀ।

ਕੀ ਹੈ ਬੈਡ ਬੈਂਕ
ਦਰਅਸਲ ਬੀਤੇ ਫਰਵਰੀ ਮਹੀਨੇ ’ਚ ਆਮ ਬਜਟ ਦੌਰਾਨ ਬੈਡ ਬੈਂਕ ਦਾ ਜ਼ਿਕਰ ਹੋਇਆ। ਇਹ ਬੈਂਕਾਂ ਤੋਂ ਉਸ ਦਾ ਨਾਨ ਪ੍ਰਫਾਰਮਿੰਗ ਅਸੈਟ ਯਾਨੀ ਐੱਨ. ਪੀ. ਏ. ਅਕਾਊਂਟ ਆਪਣੇ ਕਬਜ਼ੇ ’ਚ ਲੈ ਲਵੇਗਾ। ਐੱਨ. ਪੀ. ਏ. ਉਹ ਅਕਾਊਂਟ ਹੁੰਦੇ ਹਨ, ਜਿਸ ’ਚ ਬੈਂਕ ਕਰਜ਼ੇ ਦੀ ਵਸੂਲੀ ਨਹੀਂ ਕਰ ਸਕਦੇ। ਹਾਲਾਂਕਿ ਹੁਣ ਨੈਸ਼ਨਲ ਅਸੈਟ ਰਿਕੰਸਟ੍ਰਕਸ਼ਨ ਕੰਪਨੀ ਲਿਮਟਿਡ (ਐੱਨ. ਏ. ਆਰ. ਸੀ. ਐੱਲ.) ਦੀ ਅਗਵਾਈ ’ਚ ਇਨ੍ਹਾਂ ਐੱਨ. ਪੀ. ਏ. ਅਕਾਊਂਟ ਦਾ ਨਿਪਟਾਰਾ ਹੋਵੇਗਾ।

ਆਈ. ਬੀ. ਏ. ਨੂੰ ਮਿਲੀ ਬੈਡ ਬੈਂਕ ਦੇ ਗਠਨ ਦੀ ਜ਼ਿੰਮੇਵਾਰੀ
ਦੱਸ ਦਈਏ ਕਿ ਇੰਡੀਅਨ ਬੈਂਕਸ ਐਸੋਸਏਸ਼ਨ (ਆਈ. ਬੀ. ਏ.) ਨੂੰ ਬੈਡ ਬੈਂਕ ਦੇ ਗਠਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਆਈ. ਬੀ. ਏ. ਛੇਤੀ ਰਿਜ਼ਰਵ ਬੈਂਕ ਕੋਲ 6,000 ਕਰੋੜ ਰੁਪਏ ਦੀ ਪੂੰਜੀ ਦੀ ਪ੍ਰਸਤਾਵਿਤ ਪੂੰਜੀ ਨਾਲ ਬੈਡ ਬੈਂਕ ਦੇ ਗਠਨ ਲਈ ਅਰਜ਼ੀ ਦਾਖਲ ਕਰੇਗਾ। ਉੱਥੇ ਹੀ ਐੱਨ. ਏ. ਆਰ. ਸੀ. ਐੱਲ. ਦੇ ਸ਼ੁਰੂਆਤੀ ਬੋਰਡ ਦਾ ਗਠਨ ਹੋ ਚੁੱਕਾ ਹੈ। ਕੰਪਨੀ ਨੇ ਭਾਰਤੀ ਸਟੇਟ ਬੈਂਕ ਦੇ ਦਬਾਅ ਜਾਇਦਾਦ ਮਾਹਰ ਪੀ. ਐੱਮ. ਨਾਇਰ ਨੂੰ ਮੈਨੇਜਿੰਗ ਡਾਇਰੈਕਟਰ ਵਜੋਂ ਨਿਯੁਕਤ ਕੀਤਾ ਹੈ। ਬੋਰਡ ਦੇ ਹੋਰ ਡਾਇਰੈਕਟਰਾਂ ’ਚ ਆਈ. ਬੀ. ਏ. ਦੇ ਮੁੱਖ ਕਾਰਜਕਾਰੀ ਸੁਨੀਲ ਮਹਿਤਾ, ਐੱਸ. ਬੀ. ਆਈ. ਦੇ ਡਿਪਟੀ-ਮੈਨੇਜਿੰਗ ਡਾਇਰੈਕਟਰ ਐੱਸ. ਐੱਸ. ਨਾਇਰ ਅਤੇ ਕੇਨਰਾ ਬੈਂਕ ਦੇ ਮੁੱਖ ਜਨਰਲ ਮੈਨੇਜਰ ਅਜਿਤ ਕ੍ਰਿਸ਼ਨ ਨਾਇਰ ਸ਼ਾਮਲ ਹਨ।


Rakesh

Content Editor

Related News