Samsung ਦਾ ਤਾਮਿਲਨਾਡੂ ’ਚ ਵੱਡਾ ਨਿਵੇਸ਼, ਹੋਣਗੀਆਂ ਨਵੀਆਂ ਨੌਕਰੀਆਂ ਪੈਦਾ
Friday, Apr 25, 2025 - 04:55 PM (IST)

ਬਿਜ਼ਨੈੱਸ ਡੈਸਕ - ਦੱਖਣੀ ਕੋਰੀਆਈ ਇਲੈਕਟ੍ਰਾਨਿਕਸ ਦਿੱਗਜ ਸੈਮਸੰਗ ਇਲੈਕਟ੍ਰਾਨਿਕਸ ਤਾਮਿਲਨਾਡੂ ਦੇ ਸ਼੍ਰੀਪੇਰੰਬੁਦੁਰ ਵਿਖੇ ਆਪਣੇ ਨਿਰਮਾਣ ਪਲਾਂਟ ’ਚ 1,000 ਕਰੋੜ ਰੁਪਏ ਦਾ ਵਾਧੂ ਨਿਵੇਸ਼ ਕਰੇਗੀ। ਸੂਬੇ ਦੇ ਉਦਯੋਗ ਮੰਤਰੀ ਟੀਆਰਬੀ ਰਾਜਾ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਨਿਵੇਸ਼ ਤਾਮਿਲਨਾਡੂ ਦੀ ਕਿਰਤ ਸ਼ਕਤੀ ’ਚ ਕੰਪਨੀ ਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ। ਇਸ ਨਿਵੇਸ਼ ਨਾਲ 100 ਨਵੀਆਂ ਨੌਕਰੀਆਂ ਵੀ ਪੈਦਾ ਹੋਣਗੀਆਂ।
ਮਜ਼ਦੂਰਾਂ ਦਾ ਵਿਰੋਧ
ਇਹ ਐਲਾਨ ਉਸ ਸਮੇਂ ਆਇਆ ਹੈ ਜਦੋਂ ਫਰਵਰੀ 2025 ’ਚ ਇਸੇ ਪਲਾਂਟ ’ਚ ਕਰਮਚਾਰੀਆਂ ਦੇ ਵਿਰੋਧ ਪ੍ਰਦਰਸ਼ਨ ਅਤੇ ਧਰਨਾ ਪ੍ਰਦਰਸ਼ਨ ਹੋਏ ਸਨ। ਪਿਛਲੇ ਸਾਲ ਸਤੰਬਰ ’ਚ ਵੀ ਸੈਂਕੜੇ ਕਾਮਿਆਂ ਨੇ ਤਨਖਾਹ ਵਾਧੇ ਅਤੇ ਯੂਨੀਅਨ ਨੂੰ ਮਾਨਤਾ ਦੇਣ ਦੀ ਮੰਗ ਨੂੰ ਲੈ ਕੇ ਪੰਜ ਹਫ਼ਤਿਆਂ ਲਈ ਹੜਤਾਲ ਕੀਤੀ ਸੀ। ਇਨ੍ਹਾਂ ਵਿਵਾਦਾਂ ਕਾਰਨ ਸੈਮਸੰਗ ਪ੍ਰਬੰਧਨ ਅਤੇ ਕਰਮਚਾਰੀਆਂ ਵਿਚਕਾਰ ਲਗਾਤਾਰ ਟਕਰਾਅ ਹੋ ਰਹੇ ਹਨ। ਕੰਪਨੀ 'ਤੇ ਯੂਨੀਅਨ ਵਿਰੋਧੀ ਵਿਵਹਾਰ ਦਾ ਦੋਸ਼ ਲਗਾਇਆ ਗਿਆ ਹੈ, ਜਿਸ ਤੋਂ ਇਹ ਇਨਕਾਰ ਕਰਦਾ ਹੈ ਅਤੇ ਕਹਿੰਦਾ ਹੈ ਕਿ ਇਹ ਸਾਰੇ ਲਾਗੂ ਕਾਨੂੰਨਾਂ ਦੀ ਪਾਲਣਾ ਕਰਦਾ ਹੈ।
ਸਰਕਾਰ ਦਾ ਸਵਾਗਤ
ਮੰਤਰੀ ਟੀਆਰਬੀ ਰਾਜਾ ਨੇ ਐਕਸ 'ਤੇ ਲਿਖਿਆ, "ਇਹ ਨਿਵੇਸ਼ ਰਾਜ ਵਿੱਚ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਅਤੇ ਰੁਜ਼ਗਾਰ ਪੈਦਾ ਕਰਨ ਪ੍ਰਤੀ ਸਾਡੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦਾ ਹੈ।" ਸਰਕਾਰ ਨੇ ਇਸ ਕਦਮ ਦਾ ਸਵਾਗਤ ਕੀਤਾ ਹੈ ਅਤੇ ਉਮੀਦ ਕੀਤੀ ਹੈ ਕਿ ਇਹ ਸੂਬੇ ’ਚ ਹੋਰ ਵਿਦੇਸ਼ੀ ਨਿਵੇਸ਼ ਆਕਰਸ਼ਿਤ ਕਰੇਗਾ।