ਡਾਲਰ ਡਿੱਗਾ, ਭਾਰਤੀ ਕਰੰਸੀ ਅੱਜ 22 ਪੈਸੇ ਹੋਰ ਹੋਈ ਮਜਬੂਤ, ਜਾਣੋ ਮੁੱਲ
Wednesday, Apr 28, 2021 - 11:40 AM (IST)
ਮੁੰਬਈ- ਡਾਲਰ ਸਸਤਾ ਹੋ ਰਿਹਾ ਹੈ। ਭਾਰਤੀ ਸ਼ੇਅਰ ਬਾਜ਼ਾਰਾਂ ਵਿਚ ਸਕਾਰਾਤਮਕ ਰੁਖ਼ ਦੇ ਮੱਦੇਨਜ਼ਰ ਬੁੱਧਵਾਰ ਨੂੰ ਰੁਪਏ ਵਿਚ ਮਜਬੂਤੀ ਦੇਖਣ ਨੂੰ ਮਿਲ ਰਹੀ ਹੈ। ਡਾਲਰ ਦੇ ਮੁਕਾਬਲੇ ਭਾਰਤੀ ਕਰੰਸੀ 22 ਪੈਸੇ ਚੜ੍ਹ ਕੇ 74.44 ਰੁਪਏ ਪ੍ਰਤੀ ਡਾਲਰ 'ਤੇ ਪਹੁੰਚ ਗਈ ਹੈ।
ਵਿਦੇਸ਼ੀ ਕਰੰਸੀ ਕਾਰੋਬਾਰੀਆਂ ਨੇ ਕਿਹਾ ਕਿ ਦੇਸ਼ ਵਿਚ ਕੋਰੋਨਾ ਸੰਕਰਮਮ ਦੇ ਵਧਦੇ ਪ੍ਰਕੋਪ ਵਿਚਕਾਰ ਜੇਕਰ ਸਥਾਨਕ ਪੱਧਰ 'ਤੇ ਲਾਕਡਾਊਨ ਵਰਗੀਆਂ ਪਾਬੰਦੀਆਂ ਵਿਚ ਵਾਧਾ ਹੁੰਦਾ ਹੈ ਤਾਂ ਰੁਪਏ ਦੀ ਤੇਜ਼ੀ ਰੁਕ ਸਕਦੀ ਹੈ।
ਇਸ ਤੋਂ ਇਲਾਵਾ ਨਿਵੇਸ਼ਕਾਂ ਨੂੰ ਅਮਰੀਕੀ ਫੈਡਰਲ ਰਿਜ਼ਰਵ ਦੀ ਮੁਦਰਾਨ ਨੀਤੀ ਦੇ ਨਤੀਜਿਆਂ ਦਾ ਇੰਤਜ਼ਾਰ ਵੀ ਹੈ। ਉੱਥੇ ਹੀ, ਭਾਰਤੀ ਕਰੰਸੀ ਅੱਜ ਡਾਲਰ ਦੇ ਮੁਕਾਬਲੇ 74.49 ਰੁਪਏ ਪ੍ਰਤੀ ਡਾਲਰ 'ਤੇ ਖੁੱਲ੍ਹੀ ਸੀ, ਜੋ ਬਾਅਦ ਵਿਚ ਹੋਰ ਮਜਬੂਤ ਹੋ ਕੇ 74.44 ਦੇ ਪੱਧਰ 'ਤੇ ਪਹੁੰਚ ਗਈ। ਪਿਛਲੇ ਕਾਰੋਬਾਰੀ ਸੈਸ਼ਨ ਵਿਚ ਡਾਲਰ ਦੇ ਮੁਕਾਬਲੇ ਰੁਪਿਆ 74.66 ਦੇ ਪੱਧਰ 'ਤੇ ਬੰਦ ਹੋਇਆ ਸੀ। ਇਸ ਤੋਂ ਪਹਿਲਾਂ ਇਹ ਇਕ ਵਾਰ 75 ਡਾਲਰ ਤੋਂ ਵੀ ਪਾਰ ਹੋ ਚੁੱਕਾ ਹੈ। ਇਸ ਤੋਂ ਬਾਅਦ ਡਾਲਰ ਵਿਚ ਨਰਮੀ ਆਈ ਹੈ। ਉੱਥੇ ਹੀ, ਬਾਜ਼ਾਰ ਦੀ ਗੱਲ ਕਰੀਏ ਤਾਂ ਸੈਂਸੈਕਸ ਹੁਣ ਤੱਕ ਕਾਰੋਬਾਰ ਦੌਰਾਨ 500 ਅੰਕ ਚੜ੍ਹ ਚੁੱਕਾ ਹੈ ਅਤੇ 49,000 ਤੋਂ ਪਾਰ ਕਾਰੋਬਾਰ ਕਰ ਰਿਹਾ ਹੈ।