1 ਮਾਰਚ ਤੋਂ ਬਦਲ ਜਾਣਗੇ ਨਿਯਮ, ਤੁਹਾਡੀ ਜੇਬ ’ਤੇ ਹੋਵੇਗਾ ਸਿੱਧਾ ਅਸਰ
Friday, Feb 28, 2025 - 09:45 AM (IST)

ਨਵੀਂ ਦਿੱਲੀ (ਇੰਟ.)- ਮਾਰਚ ਮਹੀਨਾ ਸ਼ੁਰੂ ਹੋਣ ਵਾਲਾ ਹੈ। ਨਵੇਂ ਮਹੀਨੇ ਦੀ ਸ਼ੁਰੂਆਤ ਤੋਂ ਹੀ ਕਈ ਨਿਯਮ ਬਦਲ ਜਾਂਦੇ ਹਨ। ਇੰਝ ਹੀ 1 ਮਾਰਚ 2025 ਤੋਂ ਵੀ ਕਈ ਵੱਡੇ ਨਿਯਮ ਬਦਲਣ ਵਾਲੇ ਹਨ, ਜੋ ਤੁਹਾਡੀ ਜੇਬ ’ਤੇ ਅਸਰ ਪਾ ਸਕਦੇ ਹਨ। ਇਹ ਨਵੇਂ ਨਿਯਮ ਨਾ ਸਿਰਫ ਤੁਹਾਡੀ ਰਿਟਰਨ ’ਤੇ ਅਸਰ ਪਾ ਸਕਦੇ ਹਨ, ਸਗੋਂ ਟੈਕਸ ਅਤੇ ਨਿਕਾਸੀ ਦੇ ਤਰੀਕਿਆਂ ’ਤੇ ਵੀ ਫਰਕ ਪਾ ਸਕਦੇ ਹਨ।
ਐੱਫ. ਡੀ. ’ਤੇ ਵਿਆਜ ਦਰਾਂ ’ਚ ਬਦਲਾਅ
ਦੱਸ ਦੇਈਏ, ਕਿ ਮਾਰਚ 2025 ਤੋਂ ਬੈਂਕਾਂ ਨੇ ਫਿਕਸ ਡਿਪਾਜ਼ਿਟ (ਐੱਫ. ਡੀ.) ’ਤੇ ਮਿਲਣ ਵਾਲੀਆਂ ਵਿਆਜ ਦਰਾਂ ’ਚ ਕੁਝ ਬਦਲਾਅ ਕੀਤੇ ਹਨ। ਵਿਆਜ ਦਰਾਂ ਘਟ ਸਕਦੀਆਂ ਹਨ ਜਾਂ ਵਧ ਸਕਦੀਆਂ ਹਨ, ਹੁਣ ਬੈਂਕ ਆਪਣੀ ਤਰਲਤਾ ਅਤੇ ਵਿੱਤੀ ਲੋੜਾਂ ਦੇ ਹਿਸਾਬ ਨਾਲ ਵਿਆਜ ਦਰਾਂ ’ਚ ਲਚਕੀਲਾਪਨ ਰੱਖ ਸਕਦੇ ਹਨ। ਛੋਟੇ ਨਿਵੇਸ਼ਕਾਂ, ਖਾਸ ਕਰ ਕੇ ਜਿਨ੍ਹਾਂ ਲੋਕਾਂ ਨੇ 5 ਸਾਲ ਜਾਂ ਉਸ ਤੋਂ ਘੱਟ ਸਮੇਂ ਲਈ ਐੱਫ. ਡੀ. ਕਰਾਈ ਹੈ, ਉਨ੍ਹਾਂ ਨੂੰ ਨਵੀਆਂ ਦਰਾਂ ਪ੍ਰਭਾਵਿਤ ਕਰ ਸਕਦੀਆਂ ਹਨ।
ਐੱਲ. ਪੀ. ਜੀ. ਦੀ ਕੀਮਤ
ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਤੇਲ ਕੰਪਨੀਆਂ ਐੱਲ. ਪੀ. ਜੀ. ਦੀਆਂ ਕੀਮਤਾਂ ਦੀ ਸਮੀਖਿਆ ਕਰਦੀਆਂ ਹਨ। ਅਜਿਹੇ ’ਚ 1 ਮਾਰਚ 2025 ਦੀ ਸਵੇਰ ਨੂੰ ਤੁਹਾਨੂੰ ਸਿਲੰਡਰ ਦੀਆਂ ਕੀਮਤਾਂ ’ਚ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਸਵੇਰੇ 6 ਵਜੇ ਸੋਧੇ ਮੁੱਲ ਜਾਰੀ ਕੀਤੇ ਜਾ ਸਕਦੇ ਹਨ।
ATF ਅਤੇ CNG-PNG ਦੀਆਂ ਕੀਮਤਾਂ
ਦੱਸ ਦੇਈਏ, ਕਿ ਹਰ ਮਹੀਨੇ ਦੀ 1 ਤਰੀਕ ਨੂੰ ਤੇਲ ਕੰਪਨੀਆਂ ਹਵਾਈ ਈਂਧਨ ਭਾਵ ਏਅਰ ਟ੍ਰਬਾਈਨ ਫਿਊਲ (ਏ. ਟੀ. ਐੱਫ.) ਅਤੇ ਸੀ. ਐੱਨ. ਜੀ.-ਪੀ. ਐੱਨ. ਜੀ. ਦੀਆਂ ਕੀਮਤਾਂ ’ਚ ਵੀ ਬਦਲਾਅ ਕਰਦੀਆਂ ਹਨ।
UPI ਭੁਗਤਾਨ ਨਾਲ ਸਬੰਧਤ ਨਿਯਮ
ਬੀਮਾ ਪ੍ਰੀਮੀਅਮ ਭੁਗਤਾਨ ਪ੍ਰਣਾਲੀ ਯਾਨੀ UPI ਨਾਲ ਸਬੰਧਤ ਨਿਯਮਾਂ ਵਿੱਚ ਵੀ ਬਦਲਾਅ ਹੋ ਸਕਦੇ ਹਨ। 1 ਮਾਰਚ ਤੋਂ UPI ਵਿੱਚ ਬਦਲਾਅ ਹੋ ਸਕਦਾ ਹੈ। ਜਿਸ ਨਾਲ ਬੀਮਾ ਪ੍ਰੀਮੀਅਮ ਦਾ ਭੁਗਤਾਨ ਹੋਰ ਵੀ ਆਸਾਨ ਹੋ ਜਾਵੇਗਾ। ਨਵੇਂ ਬਦਲਾਅ ਦੇ ਤਹਿਤ, ਬੀਮਾ-ਏਐਸਬੀ ਸੇਵਾ ਨੂੰ ਯੂਪੀਆਈ ਸਿਸਟਮ ਵਿੱਚ ਜੋੜਿਆ ਜਾ ਰਿਹਾ ਹੈ। ਇਸ ਰਾਹੀਂ, ਜੀਵਨ ਅਤੇ ਸਿਹਤ ਬੀਮਾ ਪਾਲਿਸੀ ਧਾਰਕ ਆਪਣੇ ਪ੍ਰੀਮੀਅਮ ਭੁਗਤਾਨ ਲਈ ਪਹਿਲਾਂ ਹੀ ਰਕਮ ਨੂੰ ਬਲਾਕ ਕਰ ਸਕਣਗੇ।