ਵੱਡੇ ਸ਼ਹਿਰਾਂ ਦੇ ਮੁਕਾਬਲੇ ਟਿਅਰ 2 ਸ਼ਹਿਰਾਂ ’ਚ ਵਧ ਰਹੀ ਕੀਮਤੀ ਧਾਤਾਂ ਦੀ ਮੰਗ
Monday, Nov 01, 2021 - 11:38 AM (IST)
ਨਵੀਂ ਦਿੱਲੀ (ਯੂ. ਐੱਨ. ਆਈ.) - ਤਿਓਹਾਰਾਂ ਦੇ ਇਸ ਸੀਜਨ ’ਚ ਕੀਮਤੀ ਧਾਤਾਂ ਦੀ ਮੰਗ ’ਚ ਤਿਮਾਹੀ ਆਧਾਰ ’ਤੇ 20 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ, ਜਿਸ ’ਚ ਸੋਨੇ ਦੀ ਮੰਗ ਚਾਂਦੀ ਦੇ ਮੁਕਾਬਲੇ ਤਿੰਨ ਗੁਣਾ ਜ਼ਿਆਦਾ ਰਹੀ ਅਤੇ ਹੁਣ ਵੱਡੇ ਸ਼ਹਿਰਾਂ ਦੇ ਮੁਕਾਬਲੇ ਟਿਅਰ 2 ਸ਼ਹਿਰਾਂ ’ਚ ਕੀਮਤੀ ਧਾਤਾਂ ਦੀ ਮੰਗ ਜ਼ਿਆਦਾ ਰਹੀ ਹੈ। ਅਗਸਤ 2020 ’ਚ ਸੋਨੇ ਦੀਆਂ ਕੀਮਤਾਂ ਆਪਣੇ ਸਿਖਰ ’ਤੇ ਪੁੱਜਣ ਤੋਂ ਬਾਅਦ ਡਿਗੀਆਂ ਅਤੇ ਤਿਓਹਾਰਾਂ ਦੇ ਇਸ ਸੀਜ਼ਨ ਲੋਕਲ ਸਰਚ ਇੰਜਨ ਜੱਸਟ ਡਾਇਲ ’ਤੇ ਇਨ੍ਹਾਂ ਕੀਮਤੀ ਧਾਤਾਂ ਦੀ ਸਰਚ ਸਭ ਤੋਂ ਜ਼ਿਆਦਾ ਕੀਤੀ ਜਾ ਰਹੀ ਹੈ। ਜੱਸਟ ਡਾਇਲ ਦੀ ਕੰਜ਼ਿਊਮਰ ਇਨਸਾਈਟ ਰਿਪੋਟਰ ’ਚ ਇਹ ਗੱਲ ਸਾਹਮਣੇ ਆਈ ਹੈ। ਸੋਨੇ ਦੀ ਮੰਗ ਚਾਂਦੀ ਦੇ ਮੁਕਾਬਲੇ ਤਿੰਨ ਗੁਣਾ ਜ਼ਿਆਦਾ ਹੈ, ਉਥੇ ਹੀ ਚਾਂਦੀ ਦੀ ਮੰਗ ’ਚ ਤਿਮਾਹੀ ਆਧਾਰ ’ਤੇ 30 ਫੀਸਦੀ ਦਾ ਵਾਧਾ ਹੋਇਆ ਹੈ। ਇਸ ਦੌਰਾਨ ਸੋਨੇ ਅਤੇ ਹੀਰੇ ਦੀ ਮੰਗ ’ਚ 18 ਫੀਸਦੀ ਦਾ ਵਾਧਾ ਹੋਇਆ ਹੈ।
ਰਿਪੋਟਰ ਅਨੁਸਾਰ ਟਿਅਰ-2 ਸ਼ਹਿਰਾਂ ’ਚ ਸੋਨੇ, ਚਾਂਦੀ ਅਤੇ ਹੀਰੇ ਦੀ ਮੰਗ ਵੱਡੇ ਸ਼ਹਿਰਾਂ ਦੇ ਮੁਕਾਬਲੇ ਜ਼ਿਆਦਾ ਹੈ। ਸੋਨੇ ਦੀ ਗੱਲ ਕਰੀਏ ਤਾਂ ਟਿਅਰ-2 ਸ਼ਹਿਰਾਂ ’ਚ ਮੰਗ ’ਚ 24 ਫੀਸਦੀ ਵਾਧਾ ਹੋਇਆ ਹੈ, ਜਦੋਂ ਕਿ ਵੱਡੇ ਸ਼ਹਿਰਾਂ ’ਚ 22 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਚਾਂਦੀ ਦੇ ਮਾਮਲੇ ’ਚ ਟਿਅਰ-2 ਸ਼ਹਿਰਾਂ ’ਚ 40 ਫੀਸਦੀ ਵਾਧਾ ਹੋਇਆ ਹੈ, ਜਦੋਂ ਕਿ ਵੱਡੇ ਸ਼ਹਿਰਾਂ ’ਚ ਇਹ 20 ਫੀਸਦੀ ਹੀ ਵਧੀ ਹੈ। ਉਥੇ ਹੀ, ਹੀਰੇ ਦੀ ਮੰਗ ਵੱਡੇ ਸ਼ਹਿਰਾਂ ’ਚ 14 ਫੀਸਦੀ ਵਧੀ, ਜਦੋਂ ਕਿ ਟਿਅਰ-2 ਸ਼ਹਿਰਾਂ ’ਚ ਇਸ ਦੀ ਮੰਗ 38 ਫੀਸਦੀ ਤੋਂ ਜ਼ਿਆਦਾ ਵਧੀ ਹੈ।
ਸੋਨੇ ਦੀ ਗੱਲ ਕਰੀਏ ਤਾਂ ਵੱਡੇ ਸ਼ਹਿਰਾਂ ’ਚ ਮੁੰਬਈ, ਦਿੱਲੀ ਅਤੇ ਹੈਦਰਾਬਾਦ ਟਾਪ-3 ਸ਼ਹਿਰ ਰਹੇ, ਜਿੱਥੇ ਇਸ ਧਾਤੂ ਬਾਰੇ ਸਭ ਤੋਂ ਜ਼ਿਆਦਾ ਸਰਚ ਕੀਤਾ ਗਿਆ ਹੈ। ਇਸ ਤੋਂ ਬਾਅਦ ਬੇਂਗਲੁਰੂ, ਚੇਨਈ, ਕੋਲਕਾਤਾ, ਪੁਣੇ ਅਤੇ ਅਹਿਮਦਾਬਾਦ ’ਚ ਸਭ ਤੋਂ ਜ਼ਿਆਦਾ ਸਰਚ ਕੀਤਾ ਗਿਆ ਹੈ। ਦੂਜੇ ਪੱਧਰ ਦੇ ਸ਼ਹਿਰਾਂ ’ਚ ਲਖਨਊ, ਜੈਪੁਰ ਅਤੇ ਕੋਇੰਬਟੂਰ ਸਿਖਰਲੇ ਤਿੰਨ ਸ਼ਹਿਰ ਹਨ, ਜਿੱਥੇ ਸਭ ਤੋਂ ਜ਼ਿਆਦਾ ਮੰਗ ਰਹੀ। ਇਸ ਤੋਂ ਬਾਅਦ ਵਿਜੇਵਾੜਾ, ਸੂਰਤ, ਰਾਜਕੋਟ, ਵਿਸ਼ਾਖਾਪਟਨਮ, ਪਟਨਾ, ਚੰਡੀਗੜ੍ਹ ਅਤੇ ਤ੍ਰਿਸੁਰ ’ਚ ਸਭ ਤੋਂ ਜ਼ਿਆਦਾ ਸਰਚ ਕੀਤਾ ਗਿਆ ਹੈ। ਸੋਨੇ ਦੀ ਸਭ ਤੋਂ ਜ਼ਿਆਦਾ ਮੰਗ ਗਹਿਣੇ, ਸਿੱਕਿਆਂ ਅਤੇ ਬਾਰ ਦੇ ਰੂਪ ’ਚ ਬਣੀ ਹੋਈ ਹੈ।
ਚਾਂਦੀ ਦੀ ਗੱਲ ਕਰੀਏ ਤਾਂ ਦਿੱਲੀ, ਹੈਦਰਾਬਾਦ ਅਤੇ ਬੇਂਗਲੁਰੂ ਸਿਖਰਲੇ ਤਿੰਨ ਸ਼ਹਿਰ ਹਨ, ਜਿੱਥੇ ਸਭ ਤੋਂ ਜ਼ਿਆਦਾ ਮੰਗ ਰਹੀ। ਇਸ ਤੋਂ ਬਾਅਦ ਮੁੰਬਈ, ਚੇਨਈ, ਕੋਲਕਾਤਾ, ਅਹਿਮਦਾਬਾਦ ਅਤੇ ਪੁਣੇ ’ਚ ਇਸ ਦੀ ਮੰਗ ਸਭ ਤੋਂ ਜ਼ਿਆਦਾ ਰਹੀ। ਟਿਅਰ-2 ਸ਼ਹਿਰਾਂ ’ਚ ਜੈਪੁਰ, ਵਿਜੇਵਾੜਾ ਅਤੇ ਕੋਇੰਬਟੂਰ ’ਚ ਮੰਗ ਸਭ ਤੋਂ ਜ਼ਿਆਦਾ ਰਹੀ। ਇਸ ਤੋਂ ਬਾਅਦ ਰਾਜਕੋਟ, ਆਗਰਾ, ਕੋਲ੍ਹਾਪੁਰ, ਚੰਡੀਗੜ੍ਹ, ਵਿਸ਼ਾਖਾਪਟਨਮ, ਸਲੇਮ ਅਤੇ ਸੂਰਤ ’ਚ ਸਭ ਤੋਂ ਜ਼ਿਆਦਾ ਮੰਗ ਦਰਜ ਕੀਤੀ ਗਈ। ਚਾਂਦੀ ’ਚ ਜਿਊਲਰੀ ਸੈੱਟ, ਸਿੱਕੇ, ਸਜਾਵਟੀ ਆਈਟਮ ਅਤੇ ਡਿਨਰ ਸੈੱਟ ਦੀ ਮੰਗ ਸਭ ਤੋਂ ਜ਼ਿਆਦਾ ਰਹੀ।
ਹੀਰੇ ਦੀ ਗੱਲ ਕਰੀਏ ਤਾਂ ਪਹਿਲੇ ਪੱਧਰ ਦੇ ਸ਼ਹਿਰਾਂ ’ਚ ਮੁੰਬਈ, ਦਿੱਲੀ ਅਤੇ ਚੇਨਈ ’ਚ ਸਭ ਤੋਂ ਜ਼ਿਆਦਾ ਮੰਗ ਰਹੀ। ਇਸ ਤੋਂ ਬਾਅਦ ਹੈਦਰਾਬਾਦ, ਅਹਿਮਦਾਬਾਦ, ਕੋਲਕਾਤਾ, ਬੇਂਗਲੁਰੂ ਅਤੇ ਪੁਣੇ ’ਚ ਵੀ ਜ਼ਿਆਦਾ ਮੰਗ ਦਰਜ ਕੀਤੀ ਗਈ। ਛੋਟੇ ਸ਼ਹਿਰਾਂ ’ਚ ਹੀਰਿਆਂ ਦੀ ਰਵਾਇਤੀ ਹੱਬ ਸੂਰਤ ’ਚ ਸਭ ਤੋਂ ਜ਼ਿਆਦਾ ਮੰਗ ਦਰਜ ਕੀਤੀ ਗਈ। ਇਸ ਤੋਂ ਬਾਅਦ ਲਖਨਊ ਅਤੇ ਭੋਪਾਲ ’ਚ ਮੰਗ ਜ਼ਿਆਦਾ ਰਹੀ। ਜੈਪੁਰ, ਕੋਇੰਬਟੂਰ, ਚੰਡੀਗੜ੍ਹ, ਵਾਰਾਣਸੀ, ਵਡੋਦਰਾ, ਇੰਦੌਰ ਅਤੇ ਕਾਨਪੁਰ ਸਿਖਰਲੇ 10 ਸ਼ਹਿਰ ਰਹੇ, ਜਿੱਥੇ ਸਭ ਤੋਂ ਜ਼ਿਆਦਾ ਮੰਗ ਦਰਜ ਕੀਤੀ ਗਈ।