ਪ੍ਰਚੂਨ ਮਹਿੰਗਾਈ ਜੂਨ ਦੇ ਮਹੀਨੇ 4.26 ਫ਼ੀਸਦੀ ’ਤੇ ਸਥਿਰ ਰਹਿਣ ਦੀ ਸੰਭਾਵਨਾ : ਬਾਰਕਲੇਜ

Friday, Jul 07, 2023 - 10:16 AM (IST)

ਪ੍ਰਚੂਨ ਮਹਿੰਗਾਈ ਜੂਨ ਦੇ ਮਹੀਨੇ 4.26 ਫ਼ੀਸਦੀ ’ਤੇ ਸਥਿਰ ਰਹਿਣ ਦੀ ਸੰਭਾਵਨਾ : ਬਾਰਕਲੇਜ

ਮੁੰਬਈ (ਭਾਸ਼ਾ)– ਸਬਜ਼ੀਆਂ ਦੀਆਂ ਕੀਮਤਾਂ ’ਚ ਤੇਜ਼ੀ ਅਤੇ ਈਂਧਨ ਦੀਆਂ ਕੀਮਤਾਂ ਸਥਿਰ ਰਹਿਣ ਦੇ ਬਾਵਜੂਦ ਪ੍ਰਚੂਨ ਮਹਿੰਗਾਈ ਦਰ ਜੂਨ ’ਚ 4.26 ਫ਼ੀਸਦੀ ’ਤੇ ਸਥਿਰ ਰਹਿ ਸਕਦੀ ਹੈ। ਮਈ ’ਚ ਇਹ 4.25 ਫ਼ੀਸਦੀ ਸੀ। ਇਹ ਜਾਣਕਾਰੀ ਬ੍ਰਿਟੇਨ ਦੀ ਬ੍ਰੋਕਰੇਜ ਕੰਪਨੀ ਬਾਰਕਲੇਜ ਵਲੋਂ ਦਿੱਤੀ ਗਈ ਹੈ। ਖਪਤਕਾਰ ਮੁੱਲ ਸੂਚਕ ਅੰਕ ’ਚ ਖਾਣ ਵਾਲੇ ਪਦਾਰਥਾਂ ਅਤੇ ਈਂਧਨ ਦੀ ਹਿੱਸੇਦਾਰੀ ਕਰੀਬ 60 ਫ਼ੀਸਦੀ ਹੈ। ਬਾਰਕਲੇਜ ਇੰਡੀਆ ਦੇ ਅਰਥਸ਼ਾਸਤਰੀਆਂ ਨੇ ਇਕ ਰਿਪੋਰਟ ’ਚ ਕਿਹਾ ਕਿ ਖਾਣ ਵਾਲੀਆਂ ਵਸਤਾਂ ਦੀਆਂ ਕੀਮਤਾਂ ’ਚ ਤੇਜ਼ੀ ਅਤੇ ਈਂਧਨ ਦੇ ਰੇਟ ਸਥਿਰ ਰਹਿਣ ਦਰਮਿਆਨ ਪ੍ਰਚੂਨ ਮਹਿੰਗਾਈ ਮਈ ’ਚ 4.25 ਫ਼ੀਸਦੀ ਦੇ ਮੁਕਾਬਲੇ ਜੂਨ ’ਚ ਇਸੇ ਪੱਧਰ ’ਤੇ ਰਹਿ ਸਕਦੀ ਹੈ।

ਜ਼ਿਕਰਯੋਗ ਹੈ ਕਿ ਟਮਾਟਰ, ਆਲੂ ਅਤੇ ਪਿਆਜ਼ ਦੀਆਂ ਕੀਮਤਾਂ ’ਚ ਤੇਜ਼ੀ ਨਾਲ ਸਬਜ਼ੀਆਂ ਦੀ ਕੀਮਤ ਹਾਲ ਹੀ ਦੇ ਹਫ਼ਤੇ ’ਚ ਉੱਚੀ ਬਣੀ ਹੋਈ ਹੈ। ਮੀਂਹ ਕਾਰਣ ਕੁੱਝ ਖੇਤਰਾਂ ’ਚ ਟਮਾਟਰ ਦੀ ਕੀਮਤ 140 ਰੁਪਏ ਪ੍ਰਤੀ ਕਿਲੋ ਤੋਂ ਉੱਪਰ ਚਲੀ ਗਈ ਹੈ। ਬਾਰਕਲੇਜ ਇੰਡੀਆ ਦੇ ਮੁਖੀ ਰਾਹੁਲ ਬਜੋਰੀਆ ਦੀ ਪ੍ਰਧਾਨਗੀ ਵਿਚ ਤਿਆਰ ਰਿਪੋਰਟ ’ਚ ਕਿਹਾ ਗਿਆ ਹੈ ਕਿ ਸਾਡਾ ਅਨੁਮਾਨ ਹੈ ਕਿ ਖਪਤਕਾਰ ਮੁੱਲ ਸੂਚਕ ਅੰਕ ਆਧਾਰਿਤ ਮਹਿੰਗਾਈ ਜੂਨ ’ਚ ਸਥਿਰ ਰਹੇਗੀ। ਮਈ ’ਚ 4.25 ਫ਼ੀਸਦੀ ਦੇ ਮੁਕਾਬਲੇ ਜੂਨ ’ਚ ਇਸ ਦੇ 4.26 ਫ਼ੀਸਦੀ ਰਹਿਣ ਦਾ ਅਨੁਮਾਨ ਹੈ।

ਰਿਪੋਰਟ ਮੁਤਾਬਕ ਖਾਣ ਵਾਲੀਆਂ ਵਸਤਾਂ ਦੀਆਂ ਕੀਮਤਾਂ ’ਚ ਤੇਜ਼ੀ ਨਾਲ ਖਪਤਕਾਰ ਮੁੱਲ ਸੂਚਕ ਅੰਕ ’ਚ ਮਾਸਿਕ ਆਧਾਰ ’ਤੇ 0.53 ਫ਼ੀਸਦੀ ਦੇ ਵਾਧੇ ਦਾ ਅਨੁਮਾਨ ਹੈ, ਜੋ ਮਈ ’ਚ 0.51 ਫ਼ੀਸਦੀ ਸੀ। ਬਾਰਕਲੇਜ ਮੁਤਾਬਕ ਮੁੱਖ ਮਹਿੰਗਾਈ (ਖਾਣ ਵਾਲੇ ਪਦਾਰਥਾਂ ਅਤੇ ਈਂਧਨ ਨੂੰ ਛੱਡ ਕੇ) ਜੂਨ ਵਿਚ 5.17 ਫ਼ੀਸਦੀ ’ਤੇ ਸਥਿਰ ਰਹਿਣ ਦਾ ਅਨੁਮਾਨ ਹੈ, ਜੋ ਮਈ ’ਚ 5.15 ਫ਼ੀਸਦੀ ਸੀ। ਰਿਪੋਰਟ ਮੁਤਾਬਕ ਕੱਪੜਾ ਅਤੇ ਜੁੱਤੀਆਂ-ਚੱਪਲਾਂ, ਸਿਹਤ ਅਤੇ ਸਿੱਖਿਆ ਘਰੇਲੂ ਸਾਮਾਨ ਆਦਿ ਦੇ ਮਾਮਲੇ ’ਚ ਕੀਮਤ ’ਚ ਵਾਧਾ ਜਾਰੀ ਰਹਿ ਸਕਦਾ ਹੈ। ਇਸ ’ਚ ਜੋ ਵੀ ਵਾਧਾ ਹੋਵੇਗਾ, ਉਸ ਦਾ ਕਾਰਣ ਮੌਸਮੀ, ਗਰਮੀਆਂ ’ਚ ਟਿਕਾਊ ਖਪਤਕਾਰ ਉਪਕਰਨਾਂ ਅਤੇ ਮਨੋਰੰਜਨ ਅਤੇ ਆਰਾਮ ਨਾਲ ਜੁੜੇ ਖੇਤਰਾਂ ’ਚ ਮੰਗ ਹੈ।

ਅਰਥਸ਼ਾਸਤਰੀਆਂ ਦਾ ਕੀ ਹੈ ਕਹਿਣਾ?
ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਮਾਸਿਕ ਆਧਾਰ ’ਤੇ ਗਰਮੀ ਵਧਣ ਨਾਲ ਟਮਾਟਰ ਵਰਗੇ ਛੇਤੀ ਖ਼ਰਾਬ ਹੋਣ ਵਾਲੀ ਜਿਣਸ ਦੇ ਰੇਟ ਵਧੇ ਹਨ। ਇਸ ਤੋਂ ਇਲਾਵਾ ਟਿਕਾਊ ਖਪਤਕਾਰ ਸਾਮਾਨ ਅਤੇ ਬਿਜਲੀ ਦਰਾਂ ’ਚ ਵੀ ਵਾਧਾ ਹੋਇਆ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਇਨ੍ਹਾਂ ਸਭ ਦੇ ਬਾਵਜੂਦ ਖੁਰਾਕ ਮਹਿੰਗਾਈ ਜੂਨ ’ਚ 3.5 ਫ਼ੀਸਦੀ ਰਹਿਣ ਦਾ ਅਨੁਮਾਨ ਹੈ, ਜੋ ਮਈ ’ਚ 3.3 ਫ਼ੀਸਦੀ ਸੀ। ਈਂਧਨ ਮਹਿੰਗਾਈ ਬਾਰੇ ਬਾਰਕਲੇਜ ਨੇ ਕਿਹਾ ਕਿ ਉਸ ਨੂੰ ਕਰਨਾਟਕ ਵਰਗੇ ਸੂਬਿਆਂ ’ਚ ਬਿਜਲੀ ਦਰਾਂ ’ਚ ਕੁੱਝ ਕਮੀ ਦੀ ਉਮੀਦ ਹੈ ਪਰ ਤਾਮਿਲਨਾਡੂ ਅਤੇ ਦਿੱਲੀ ’ਚ ਹੋਰ ਵਾਧਾ ਹੋ ਸਕਦਾ ਹੈ। ਇਸ ਦੇ ਬਾਵਜੂਦ ਈਂਧਨ ਮਹਿੰਗਾਈ ਦੇ ਜੂਨ ’ਚ ਘਟ ਕੇ 3.4 ਫ਼ੀਸਦੀ ਰਹਿਣ ਦੀ ਸੰਭਾਵਨਾ ਹੈ, ਜੋ ਮਈ ’ਚ 4.6 ਫ਼ੀਸਦੀ ਸੀ।


author

rajwinder kaur

Content Editor

Related News