ਰਾਇਟਸ ਇਸ਼ੂ ਲਿਆਵੇਗੀ ਰਿਲਾਇੰਸ, 29 ਸਾਲਾਂ ਬਾਅਦ ਪਬਲਿਕ ਤੋਂ ਪੈਸੇ ਇਕੱਠੇ ਕਰੇਗੀ ਕੰਪਨੀ
Tuesday, Apr 28, 2020 - 11:40 AM (IST)
ਮੁੰਬਈ - ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰਆਈਐਲ) ਕਰਜ਼ ਮੁਕਤ ਹੋਣ ਲਈ ਰਾਇਟਸ ਇਸ਼ੂ ਲਿਆਉਣ 'ਤੇ ਵਿਚਾਰ ਕਰ ਰਹੀ ਹੈ। ਹਾਲਾਂਕਿ ਇਸ ਬਾਰੇ ਅੰਤਮ ਫੈਸਲਾ ਬੋਰਡ ਦੀ ਬੈਠਕ ਵਿਚ ਲਿਆ ਜਾਵੇਗਾ। ਆਰ.ਆਈ.ਐਲ. ਨੇ ਸੋਮਵਾਰ ਨੂੰ ਸਟਾਕ ਐਕਸਚੇਂਜ ਨੂੰ ਦਿੱਤੀ ਜਾਣਕਾਰੀ ਵਿਚ ਕਿਹਾ ਕਿ 30 ਅਪ੍ਰੈਲ ਨੂੰ ਕੰਪਨੀ ਬੋਰਡ ਦੀ ਬੈਠਕ ਹੋਵੇਗੀ ਜਿਸ ਵਿਚ ਮੌਜੂਦਾ ਸ਼ੇਅਰ ਧਾਰਕਾਂ ਨੂੰ ਰਾਇਟਸ ਦੇ ਅਧਾਰ 'ਤੇ ਇਕਵਿਟੀ ਸ਼ੇਅਰ ਜਾਰੀ ਕਰਨ ਦੇ ਪ੍ਰਸਤਾਵ 'ਤੇ ਵਿਚਾਰ ਕੀਤਾ ਜਾਵੇਗਾ।
ਚੌਥੀ ਤਿਮਾਹੀ ਦੇ ਵਿੱਤੀ ਨਤੀਜਿਆਂ 'ਤੇ ਵੀ ਲਿਆ ਜਾਵੇਗਾ ਫੈਸਲਾ
ਆਰ.ਆਈ.ਐਲ. ਦੁਆਰਾ ਸਟਾਕ ਐਕਸਚੇਂਜ ਨੂੰ ਦਿੱਤੇ ਨੋਟਿਸ ਵਿਚ ਕਿਹਾ ਗਿਆ ਹੈ ਕਿ ਵੀਰਵਾਰ ਨੂੰ ਹੋਣ ਵਾਲੀ ਬੋਰਡ ਦੀ ਬੈਠਕ 31 ਮਾਰਚ, 2020 ਨੂੰ ਖ਼ਤਮ ਹੋਈ ਚੌਥੀ ਤਿਮਾਹੀ ਦੇ ਸਟੈਂਡਅਲੋਨ ਅਤੇ ਕੰਸੋਲਿਡੇਟਿਡ ਵਿੱਤੀ ਨਤੀਜਿਆਂ ਨੂੰ ਵੀ ਮਨਜ਼ੂਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਕੰਪਨੀ ਦੇ ਸ਼ੇਅਰ ਧਾਰਕਾਂ ਨੂੰ ਦਿੱਤੇ ਜਾਣ ਵਾਲੇ ਲਾਭਅੰਸ਼ 'ਤੇ ਵੀ ਵਿਚਾਰ ਕੀਤਾ ਜਾਵੇਗਾ। ਇਸ ਸਮੇਂ ਰਿਲਾਇੰਸ ਦੇ ਬੀ.ਐਸ.ਈ. ਵਿਚ 23 ਲੱਖ ਸ਼ੇਅਰ ਹਨ, ਜਿਨ੍ਹਾਂ ਵਿੱਚੋਂ ਅੱਧੇ ਸ਼ੇਅਰ ਮੁਕੇਸ਼ ਅੰਬਾਨੀ ਅਤੇ ਉਸਦੇ ਪਰਿਵਾਰ ਕੋਲ ਹਨ। ਮੰਗਲਵਾਰ ਸਵੇਰੇ ਕੰਪਨੀ ਦਾ ਬਾਜ਼ਾਰ ਪੂੰਜੀਕਰਣ 8.85 ਲੱਖ ਕਰੋੜ ਰੁਪਏ ਰਿਹਾ। ਹਾਲਾਂਕਿ, ਰਿਲਾਇੰਸ ਨੇ ਸ਼ੇਅਰ ਬਾਜ਼ਾਰਾਂ ਨੂੰ ਰਾਇਟਸ ਇਸ਼ੂ ਦਾ ਆਕਾਰ ਅਤੇ ਹੋਰ ਜਾਣਕਾਰੀ ਨਹੀਂ ਦਿੱਤੀ ਹੈ।
29 ਸਾਲਾਂ ਬਾਅਦ ਜਨਤਕ ਤੌਰ 'ਤੇ ਪੈਸਾ ਇਕੱਠਾ ਕਰੇਗੀ ਰਿਲਾਇੰਸ
ਆਰ.ਆਈ.ਐਲ. ਇਸ ਸਮੇਂ ਲਗਭਗ 3.5 ਲੱਖ ਕਰੋੜ ਰੁਪਏ ਦੇ ਕਰਜ਼ੇ ਹੇਠ ਹੈ। ਅਗਸਤ 2019 ਵਿਚ ਕੰਪਨੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਕਿਹਾ ਸੀ ਕਿ ਉਨ੍ਹਾਂ ਦੀ ਕੰਪਨੀ 18 ਮਹੀਨਿਆਂ ਤੱਕ ਪੂਰੀ ਤਰ੍ਹਾਂ ਕਰਜ਼ਾ ਮੁਕਤ ਹੋ ਜਾਵੇਗੀ। ਕਰਜ਼ੇ ਤੋਂ ਛੁਟਕਾਰਾ ਪਾਉਣ ਲਈ, ਕੰਪਨੀ ਫੰਡ ਇਕੱਠਾ ਕਰਨ ਲਈ ਹਰ ਕੋਸ਼ਿਸ਼ ਕਰ ਰਹੀ ਹੈ। ਇਸ ਮਹੀਨੇ ਦੀ ਸ਼ੁਰੂਆਤ ਵਿਚ ਆਰ.ਆਈ.ਐਲ. ਦੇ ਬੋਰਡ ਨੇ ਗੈਰ-ਪਰਿਵਰਤਨਸ਼ੀਲ ਡਿਬੈਂਚਰਾਂ (ਐਨ.ਸੀ.ਡੀ.) ਰਾਹੀਂ 25,000 ਕਰੋੜ ਰੁਪਏ ਜੁਟਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਕੰਪਨੀ ਰਾਇਟਸ ਇਸ਼ੂ ਜ਼ਰੀਏ 29 ਸਾਲਾਂ ਬਾਅਦ ਜਨਤਕ ਤੌਰ 'ਤੇ ਫੰਡ ਇਕੱਠਾ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਤੋਂ ਪਹਿਲਾਂ ਰਿਲਾਇੰਸ ਨੇ 1991 ਵਿਚ ਕਨਵਰਟੇਬਲ ਡੀਬੈਂਚਰਾਂ ਦੁਆਰਾ ਫੰਡ ਇਕੱਠੇ ਕੀਤੇ ਸਨ। ਇਹ ਡੀਬੈਂਚਰਸ ਨੂੰ ਬਾਅਦ ਵਿਚ 55 ਰੁਪਏ ਦੀ ਦਰ ਨਾਲ ਇਕਵਿਟੀ ਸ਼ੇਅਰਾਂ ਵਿਚ ਬਦਲ ਦਿੱਤਾ ਗਿਆ।
ਫੇਸਬੁੱਕ ਨੇ 43,574 ਕਰੋੜ ਦੇ ਨਿਵੇਸ਼ ਦਾ ਕੀਤਾ ਹੈ ਐਲਾਨ
ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਨੇ ਪਿਛਲੇ ਹਫਤੇ ਰਿਲਾਇੰਸ ਦੇ ਡਿਜੀਟਲ ਪਲੇਟਫਾਰਮ ਜੀਓ ਵਿਚ 43,574 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ ਹੈ। ਇਸ ਨਿਵੇਸ਼ ਦੇ ਬਾਅਦ, ਫੇਸਬੁੱਕ ਦੀ ਜੀਓ ਵਿਚ 9.9 ਪ੍ਰਤੀਸ਼ਤ ਹਿੱਸੇਦਾਰੀ ਹੋਵੇਗੀ।
ਕੀ ਹੈ ਹੁੰਦਾ ਹੈ ਰਾਇਟਸ ਇਸ਼ੂ
ਸਟਾਕ ਐਕਸਚੇਜ਼ ਵਿਚ ਸੂਚੀਬੱਧ ਕੰਪਨੀਆਂ ਪੂੰਜੀ ਇਕੱਠੀ ਕਰਨ ਲਈ ਰਾਇਟਸ ਇਸ਼ੂ ਲਿਆਉਂਦੀਆਂ ਹਨ। ਇਸਦੇ ਤਹਿਤ ਕੰਪਨੀਆਂ ਆਪਣੇ ਮੌਜੂਦਾ ਸ਼ੇਅਰ ਧਾਰਕਾਂ ਨੂੰ ਹੀ ਵਾਧੂ ਸ਼ੇਅਰ ਖਰੀਦਣ ਦੀ ਆਗਿਆ ਦਿੰਦੀਆਂ ਹਨ। ਇਸਦੇ ਤਹਿਤ ਸ਼ੇਅਰ ਧਾਰਕ ਸਿਰਫ ਇੱਕ ਨਿਰਧਾਰਤ ਅਨੁਪਾਤ ਵਿਚ ਸ਼ੇਅਰ ਖਰੀਦ ਸਕਦੇ ਹਨ। ਇਸ ਅਨੁਪਾਤ ਦਾ ਫੈਸਲਾ ਕੰਪਨੀ ਕਰਦੀ ਹੈ। ਸ਼ੇਅਰ ਧਾਰਕ ਕੰਪਨੀ ਵਲੋਂ ਤੈਅ ਮਿਆਦ ਦੇ ਅੰਦਰ ਹੀ ਰਾਇਟਸ ਇਸ਼ੂ ਦੇ ਤਹਿਤ ਸ਼ੇਅਰ ਖਰੀਦ ਸਕਦੇ ਹਨ। ਰਾਇਟਸ ਇਸ਼ੂ ਦੇ ਜ਼ਰੀਏ ਜਾਰੀ ਕੀਤੇ ਜਾਣ ਵਾਲੇ ਸ਼ੇਅਰ ਨਾਲ ਕੰਪਨੀ ਦੇ ਮਾਲਿਕਾਣਾ ਹੱਕ 'ਤੇ ਕੋਈ ਅਸਰ ਨਹੀਂ ਪਵੇਗਾ।