5ਜੀ ’ਚ ਮੁਕੇਸ਼ ਅੰਬਾਨੀ ਦੀ ਲੰਮੀ ਛਾਲ, ਰਿਲਾਇੰਸ ਨੇ ਅਮਰੀਕੀ ਕੰਪਨੀ ਸੈਨਮਿਨਾ ਨਾਲ ਪੂਰੀ ਕੀਤੀ ਡੀਲ
Wednesday, Oct 05, 2022 - 12:04 PM (IST)
ਨਵੀਂ ਦਿੱਲੀ (ਭਾਸ਼ਾ) – ਦੇਸ਼ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਨੇ 5ਜੀ ਤਕਨਾਲੋਜੀ ’ਚ ਵੱਡੀ ਪਹਿਲ ਕੀਤੀ ਹੈ। ਰਿਲਾਇੰਸ ਜੀਓ ਨੇ ਹਾਲ ਹੀ ’ਚ 5ਜੀ ਸਰਵਿਸਿਜ਼ ਸ਼ੁਰੂ ਕੀਤੀ ਸੀ। ਹੁਣ ਕੰਪਨੀ ਨੇ 5ਜੀ ਹਾਰਡਵੇਅਰ ’ਚ ਵੱਡੀ ਪਹਿਲ ਕੀਤੀ ਹੈ। ਰਿਲਾਇੰਸ ਇੰਡਸਟ੍ਰੀਜ਼ ਦੀ ਸਹਿਯੋਗੀ ਕੰਪਨੀ ਆਰ. ਐੱਸ. ਬੀ. ਵੀ. ਐੱਲ. ਅਤੇ ਅਮਰੀਕੀ ਫਰਮ ਸੈਨਮਿਨਾ ਕਾਰਪੋਰੇਸ਼ਨ ਨੇ ਕਰੀਬ 3,300 ਕਰੋੜ ਰੁਪਏ ਦੀ ਡੀਲ ਪੂਰੀ ਕਰ ਲਈ ਹੈ। ਇਸ ਦੇ ਤਹਿਤ ਦੇਸ਼ ’ਚ 4ਜੀ ਅਤੇ 5ਜੀ ਹਾਰਡਵੇਅਰ ਬਣਾਏ ਜਾਣਗੇ। ਨਾਲ ਹੀ ਦੇਸ਼ ਤੋਂ ਇਨ੍ਹਾਂ ਉਪਕਰਨਾਂ ਨੂੰ ਐਕਸਪੋਰਟ ਵੀ ਕੀਤਾ ਜਾਵੇਗਾ। ਦੋਵੇਂ ਕੰਪਨੀਆਂ ਵਲੋਂ ਜਾਰੀ ਇਕ ਸਾਂਝੇ ਬਿਆਨ ’ਚ ਦੱਸਿਆ ਗਿਆ ਹੈ ਕਿ ਉਨ੍ਹਾਂ ਨੇ ਇਲੈਕਟ੍ਰਾਨਿਕਸ ਮੈਨੂਫੈਕਚਰਿੰਗ ਲਈ ਜੁਆਇੰਟ ਵੈਂਚਰ ਬਣਾਉਣ ਦੀ ਡੀਲ ਪੂਰੀ ਕਰ ਲਈ ਹੈ। ਇਸ ਦੇ ਮੁਤਾਬਕ ਰਿਲਾਇੰਸ ਸਟ੍ਰੈਟਜਿਕ ਬਿਜ਼ਨੈੱਸ ਵੈਂਚਰਸ ਲਿਮਟਿਡ (ਆਰ. ਐੱਸ. ਬੀ. ਵੀ. ਐੱਲ.) ਕੋਲ ਇਸ ਉੱਦਮ ਦੀ 50.1 ਫੀਸਦੀ ਹਿੱਸੇਦਾਰੀ ਹੋਵੇਗੀ ਜਦ ਕਿ ਸੈਨਮਿਨਾ ਕੋਲ 49.9 ਫੀਸਦੀ ਹਿੱਸੇਦਾਰੀ ਹੋਵੇਗੀ।
ਇਹ ਵੀ ਪੜ੍ਹੋ : Air India ਦੇ ਜਹਾਜ਼ 'ਚ ਮਿਲਣਗੇ ਆਲੂ ਦੇ ਪਰੌਂਠੇ, ਜਾਣੋ ਨਵੇਂ ‘ਮੈਨਿਊ’ 'ਚ ਹੋਰ ਕੀ-ਕੀ
ਆਰ. ਐੱਸ. ਬੀ. ਵੀ. ਐੱਲ. ਸੈਨਮਿਨਾ ਦੀ ਮੌਜੂਦਾ ਭਾਰਤੀ ਇਕਾਈ ’ਚ 1,670 ਕਰੋੜ ਰੁਪਏ ਦਾ ਨਿਵੇਸ਼ ਕਰ ਕੇ ਇਹ ਹਿੱਸੇਦਾਰੀ ਹਾਸਲ ਕਰੇਗੀ। ਇਸ ਨਿਵੇਸ਼ ਤੋਂ ਬਾਅਦ ਸੈਨਮਿਨਾ ਦੀ ਭਾਰਤੀ ਇਕਾਈ ਜੁਆਇੰਟ ਵੈਂਚਰ ਬਣ ਜਾਏਗੀ ਅਤੇ ਉਸ ’ਚ 20 ਕਰੋੜ ਡਾਲਰ ਤੋਂ ਵੱਧ ਦੀ ਪੂੰਜੀ ਲਗਾਈ ਜਾਏਗੀ। ਵਿੱਤੀ ਸਾਲ 2021-22 ’ਚ ਆਰ. ਐੱਸ. ਬੀ. ਵੀ. ਐੱਲ. ਦਾ ਮਾਲੀਆ 1,478 ਕਰੋੜ ਰੁਪਏ ਅਤੇ ਸ਼ੁੱਧ ਲਾਭ 179.8 ਕਰੋੜ ਰੁਪਏ ਰਿਹਾ ਸੀ। ਮਾਰਚ 2022 ਦੇ ਅਖੀਰ ’ਚ ਇਸ ਦਾ ਕੁੱਲ ਨਿਵੇਸ਼ 10,857.7 ਕਰੋੜ ਰੁਪਏ ਸੀ।
5ਜੀ ਸਰਵਿਸ ਦੀ ਸ਼ੁਰੂਆਤ
ਦੋਵੇਂ ਕੰਪਨੀਆਂ ਦੀ ਭਾਈਵਾਲੀ ਨਾਲ ਬਣਨ ਵਾਲੇ ਸਾਂਝੇ ਉੱਦਮ ’ਚ ਰੋਜ਼ਾਨਾ ਦੇ ਕੰਮਕਾਜ ਦਾ ਪ੍ਰਬੰਧਨ ਸੈਨਮਿਨਾ ਦੀ ਚੇਨਈ ਸਥਿਤ ਪ੍ਰਬੰਧਨ ਟੀਮ ਹੀ ਕਰੇਗੀ। ਬਿਆਨ ’ਚ ਕਿਹਾ ਗਿਆ ਕਿ ਇਹ ਉੱਦਮ ਭਾਰਤ ’ਚ ਇਕ ਵਿਸ਼ਵ ਪੱਧਰੀ ਇਲੈਕਟ੍ਰਾਨਿਕ ਨਿਰਮਾਣ ਕੇਂਦਰ ਸਥਾਪਿਤ ਕਰੇਗਾ। ਇਹ ਵੈਂਚਰ ਉੱਚ ਤਕਨਾਲੋਜੀ ਦੇ ਬੁਨਿਆਦੀ ਹਾਰਡਵੇਅਰ ਅਤੇ ਸੰਚਾਰ ਨੈੱਟਵਰਕਿੰਗ, ਮੈਡੀਕਲ ਅਤੇ ਸਿਹਤ ਪ੍ਰਣਾਲੀ ਅਤੇ ਰੱਖਿਆ ਅਤੇ ਆਰੋਨਾਟੀਕਲ ਖੇਤਰ ’ਤੇ ਖਾਸ ਜ਼ੋਰ ਦੇਵੇਗਾ। ਦੇਸ਼ ’ਚ 1 ਅਕਤੂਬਰ ਨੂੰ 5ਜੀ ਦੀ ਰਸਮੀ ਸ਼ੁਰੂਆਤ ਕੀਤੀ ਗਈ ਸੀ। ਸ਼ੁਰੂਆਤ ’ਚ 13 ਸ਼ਹਿਰਾਂ ’ਚ ਇਸ ਨੂੰ ਸ਼ੁਰੂ ਕੀਤਾ ਗਿਆ ਹੈ। ਰਿਲਾਇੰਸ ਜੀਓ ਦੀ ਦਸੰਬਰ 2023 ਤੱਕ ਦੇਸ਼ ਦੇ ਹਰ ਕੋਨੇ ’ਚ 5ਜੀ ਸੇਵਾ ਸ਼ੁਰੂ ਕਰਨ ਦੀ ਯੋਜਨਾ ਹੈ।
ਇਹ ਵੀ ਪੜ੍ਹੋ : ਗੌਤਮ ਅਡਾਨੀ ਤੇ ਮਸਕ ਦੀ ਜਾਇਦਾਦ 'ਚ ਇਕ ਦਿਨ 'ਚ 25.1 ਅਰਬ ਡਾਲਰ ਦੀ ਗਿਰਾਵਟ, ਮੂਧੇ-ਮੂੰਹ ਡਿੱਗੇ ਸ਼ੇਅਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।