ਰਿਲਾਇੰਸ ਕੈਪੀਟਲ ਨੂੰ ਮਾਰਚ ਤਿਮਾਹੀ 'ਚ 1,649 ਕਰੋੜ ਰੁਪਏ ਦਾ ਨੁਕਸਾਨ
Sunday, May 09, 2021 - 08:30 AM (IST)
ਨਵੀਂ ਦਿੱਲੀ- ਅਨਿਲ ਅੰਬਾਨੀ ਵੱਲੋਂ ਪ੍ਰਮੋਟ ਰਿਲਾਇੰਸ ਗਰੁੱਪ ਦੀ ਕੰਪਨੀ ਰਿਲਾਇੰਸ ਕੈਪੀਟਲ ਨੇ ਚੌਥੀ ਤਿਮਾਹੀ ਵਿਚ ਵੀ ਘਾਟਾ ਦਰਜ ਕੀਤਾ ਹੈ। ਹਾਲਾਂਕਿ, ਰਿਲਾਇੰਸ ਕੈਪੀਟਲ ਨੇ ਕਿਹਾ ਕਿ ਮਾਰਚ 2021 ਨੂੰ ਖਤਮ ਹੋਈ ਤਿਮਾਹੀ ਵਿਚ ਉਸ ਦਾ ਸ਼ੁੱਧ ਘਾਟਾ ਘੱਟ ਹੋ ਕੇ 1,649 ਕਰੋੜ ਰੁਪਏ 'ਤੇ ਆ ਗਿਆ ਹੈ।
ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਵਿਚ ਕੰਪਨੀ ਨੂੰ 2,179 ਕਰੋੜ ਰੁਪਏ ਦਾ ਘਾਟਾ ਹੋਇਆ ਸੀ। ਰਿਲਾਇੰਸ ਕੈਪੀਟਲ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਸਮੀਖਿਆ ਅਧੀਨ ਤਿਮਾਹੀ ਵਿਚ ਉਸ ਦੀ ਕੁੱਲ ਇਕੱਠੀ ਆਮਦਨ ਵੱਧ ਕੇ 5,163 ਕਰੋੜ ਰੁਪਏ ਹੋ ਗਈ, ਜੋ ਪਿਛਲੇ ਸਾਲ ਦੀ ਤਿਮਾਹੀ ਵਿਚ 3,780 ਕਰੋੜ ਰੁਪਏ ਸੀ।
ਇਸ ਦੌਰਾਨ ਕੰਪਨੀ ਦਾ ਕੁੱਲ ਖਰਚ 5,846 ਕਰੋੜ ਰੁਪਏ ਤੋਂ ਵੱਧ ਕੇ 6,564 ਕਰੋੜ ਰੁਪਏ ਹੋ ਗਿਆ। ਗੌਰਤਲਬ ਹੈ ਕਿ ਕੰਪਨੀਆਂ ਪਿਛਲੇ ਵਿੱਤੀ ਸਾਲ ਦੀ ਚੌਥੀ ਤਿਮਾਹੀ ਦੇ ਨਤੀਜੇ ਜਾਰੀ ਕਰ ਰਹੀਆਂ ਹਨ। ਹੁਣ ਤੱਕ ਕਈ ਕੰਪਨੀਆਂ ਨੇ ਨਤੀਜੇ ਜਾਰੀ ਕਰ ਦਿੱਤੇ ਹਨ। ਪਿਛਲੇ ਦਿਨ ਹੀ ਡੀਮਾਰਟ, ਬੰਧਨ ਬੈਂਕ ਅਤੇ ਆਈ. ਡੀ. ਐੱਫ. ਸੀ. ਫਸਟ ਬੈਂਕ ਨੇ ਨਤੀਜੇ ਜਾਰੀ ਕੀਤੇ ਹਨ। ਰਿਲਾਇੰਸ ਹੋਮ ਫਾਈਨੈਂਸ ਨੂੰ ਵੀ ਮਾਰਚ 2021 ਨੂੰ ਖਤਮ ਹੋਈ ਤਿਮਾਹੀ ਵਿਚ 444.62 ਕਰੋੜ ਰੁਪਏ ਦਾ ਘਾਟਾ ਹੋਇਆ ਹੈ। ਉੱਥੇ ਹੀ, ਡੀ. ਸੀ. ਬੀ. ਬੈਂਕ ਦਾ ਮਾਰਚ ਤਿਮਾਹੀ ਵਿਚ ਸ਼ੁੱਧ ਲਾਭ 13 ਫੀਸਦ ਵੱਧ ਕੇ 78 ਕਰੋੜ ਰੁਪਏ ਰਿਹਾ, ਜੋ ਪਿਛਲੇ ਸਾਲ ਇਸ ਤਿਮਾਹੀ ਵਿਚ 69 ਕਰੋੜ ਰੁਪਏ ਸੀ। ਆਈ. ਡੀ. ਐੱਫ. ਸੀ. ਫਸਟ ਬੈਂਕ ਦਾ ਮੁਨਾਫਾ 78 ਫ਼ੀਸਦ ਵੱਧ ਕੇ 128 ਕਰੋੜ ਰੁਪਏ ਰਿਹਾ। ਬੰਧਨ ਬੈਂਕ ਦਾ ਮੁਨਾਫਾ 80 ਫ਼ੀਸਦ ਘੱਟ ਕੇ 103 ਕਰੋੜ ਰੁਪਏ ਰਿਹਾ।