ਤਾਲਾਬੰਦੀ ''ਚ ਢਿੱਲ ਨਾਲ ਖੰਡ ਦੀ ਮੰਗ ''ਚ ਹੋਵੇਗਾ ਸੁਧਾਰ : ਇਸਮਾ

06/02/2020 5:08:37 PM

ਨਵੀਂ ਦਿੱਲੀ— ਲਾਕਡਾਊਨ ਯਾਨੀ ਤਾਲਾਬੰਦੀ ਨਿਯਮਾਂ 'ਚ ਦਿੱਤੀ ਗਈ ਢਿੱਲ ਮਗਰੋਂ ਖੰਡ ਦੀ ਮੰਗ 'ਚ ਸੁਧਾਰ ਹੋਵੇਗਾ। ਭਾਰਤੀ ਖੰਡ ਮਿੱਲ ਸੰਘ (ਇਸਮਾ) ਦਾ ਕਹਿਣਾ ਹੈ ਕਿ ਦੇਸ਼ 'ਚ ਖੰਡ ਦੀ ਮੰਗ ਸੁਧਰਣੀ ਸ਼ੁਰੂ ਹੋ ਗਈ ਹੈ ਅਤੇ ਹੋਟਲ, ਰੈਸਟੋਰੈਂਟ ਖੁੱਲ੍ਹਣ ਤੋਂ ਬਾਅਦ ਮੰਗ ਹੋਰ ਸੁਧਰੇਗੀ।

ਸਰਕਾਰ ਨੇ ਰਾਸ਼ਟਰ ਪੱਧਰੀ ਤਾਲਾਬੰਦੀ ਨੂੰ 30 ਜੂਨ ਤੱਕ ਵਧਾ ਦਿੱਤਾ ਹੈ। ਇਸ ਤੋਂ ਇਲਾਵਾ 'ਅਨਲਾਕ ਭਾਰਤ' ਯੋਜਨਾ ਦਾ ਐਲਾਨ ਕੀਤਾ ਗਿਆ ਹੈ, ਜਿਸ ਤਹਿਤ ਮਾਲ, ਹੋਟਲਾਂ, ਰੈਸਟੋਰੈਂਟਾਂ ਅਤੇ ਧਾਰਮਿਕ ਸਥਾਨਾਂ ਨੂੰ ਖੋਲ੍ਹਿਆ ਜਾਵੇਗਾ। ਹਾਲਾਂਕਿ, ਕੋਵਿਡ-19 ਯਾਨੀ ਕੋਰੋਨਾ ਵਾਇਰਸ ਦੇ ਜਿਨ੍ਹਾਂ ਇਲਾਕਿਆਂ 'ਚ ਮਾਮਲੇ ਕਾਫੀ ਹਨ ਉਨ੍ਹਾਂ ਖੇਤਰਾਂ 'ਚ ਅਜੇ ਇਸ ਤਰ੍ਹਾਂ ਦੀ ਕੋਈ ਛੋਟ ਨਹੀਂ ਹੋਵੇਗੀ।
ਇਸਮਾ ਨੇ ਕਿਹਾ ਕਿ ਗਰਮੀਆਂ ਦੀ ਮੰਗ ਤੋਂ ਇਲਾਵਾ ਉਮੀਦ ਹੈ ਕਿ ਖੰਡ ਮਿੱਲਾਂ ਨਾ ਸਿਰਫ ਆਪਣਾ ਪੂਰਾ ਜੂਨ ਦਾ ਕੋਟਾ ਵੇਚ ਸਕਣਗੀਆਂ, ਸਗੋਂ ਉਹ ਮਈ ਦੇ ਬਚੇ ਕੋਟਾ ਨੂੰ ਵੇਚ ਸਕਣਗੀਆਂ। ਸਰਕਾਰ ਨੇ ਖੰਡ ਮਿੱਲਾਂ ਨੂੰ ਮਈ 'ਚ 17,00,000 ਟਨ ਅਤੇ ਜੂਨ 'ਚ 18,50,000 ਟਨ ਖੰਡ ਵੇਚਣ ਦੀ ਮਨਜ਼ੂਰੀ ਦਿੱਤੀ ਹੈ। ਮਈ ਦੇ ਕੋਟੇ ਨੂੰ ਵੇਚਣ ਲਈ ਇਕ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ। ਉਤਪਾਦਨ ਬਾਰੇ ਇਸਮਾ ਨੇ ਕਿਹਾ ਕਿ 2019-20 (ਅਕਤੂਬਰ-ਸਤੰਬਰ) ਦੇ ਸੀਜ਼ਨ 'ਚ ਪਹਿਲੇ ਅੱਠ ਮਹੀਨਿਆਂ 'ਚ ਖੰਡ ਦਾ ਉਤਪਾਦਨ 2.68 ਕਰੋੜ ਟਨ ਰਿਹਾ ਹੈ। ਹਾਲਾਂਕਿ, ਇਹ ਪਿਛਲੇ ਸਾਲ ਦੀ ਇਸ ਮਿਆਦ ਦੇ 3.27 ਕਰੋੜ ਟਨ ਨਾਲੋਂ ਘੱਟ ਹੈ। ਹਾਲਾਂਕਿ, ਉਦਯੋਗ ਸੰਗਠਨ ਦਾ ਮੰਨਣਾ ਹੈ ਕਿ ਇਸ ਸੀਜ਼ਨ 'ਚ ਖੰਡ ਦਾ ਉਤਪਾਦਨ 2.7 ਕਰੋੜ ਟਨ ਤੱਕ ਪਹੁੰਚ ਸਕਦਾ ਹੈ, ਜੋ ਉਸ ਤੋਂ ਪਹਿਲਾਂ ਦੇ 2.65 ਕਰੋੜ ਟਨ ਦੇ ਅੰਦਾਜ਼ੇ ਨਾਲੋਂ ਜ਼ਿਆਦਾ ਹੈ।


Sanjeev

Content Editor

Related News