ਇਲੈਕਟ੍ਰਿਕ ਵਾਹਨ ਦੀ ਰਜਿਸਟ੍ਰੇਸ਼ਨ ਫੀਸ ’ਤੇ ਮਿਲੇਗੀ 100 ਫੀਸਦੀ ਛੋਟ

12/01/2019 7:59:44 AM

ਨਵੀਂ ਦਿੱਲੀ— ਇਲੈਕਟ੍ਰਿਕ ਵਾਹਨ ਖਰੀਦਣ ਵਾਲੇ ਸ਼ੁਰੂਆਤੀ ਇਕ ਲੱਖ ਖਰੀਦਦਾਰਾਂ ਨੂੰ ਵਾਹਨ ਰਜਿਸਟ੍ਰੇਸ਼ਨ ਫੀਸ ’ਚ 100 ਫੀਸਦੀ ਛੋਟ ਮਿਲੇਗੀ। ਰਜਿਸਟ੍ਰੇਸ਼ਨ ਦੀ ਫੀਸ ’ਚ ਦੋਪਹੀਆ ਵਾਹਨ ਧਾਰਕਾਂ ਨੂੰ 100 ਫੀਸਦੀ ਤਾਂ ਚਾਰਪਹੀਆ ਵਾਹਨ ਚਾਲਕਾਂ ਨੂੰ 50 ਫੀਸਦੀ ਛੋਟ ਮਿਲੇਗੀ।

ਸਰਕਾਰ ਨੇ ਵਾਤਾਵਰਣ ਸੁਰੱਖਿਆ ਦੇ ਉਦੇਸ਼ ਨਾਲ ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਿਤ ਕਰਨ ਲਈ ਇਹ ਕਦਮ ਚੁੱਕਿਆ ਹੈ। ਪ੍ਰਮੁੱਖ ਸਕੱਤਰ ਟਰਾਂਸਪੋਰਟ ਰਾਜੇਸ਼ ਕੁਮਾਰ ਸਿੰਘ ਨੇ ਇਲੈਕਟ੍ਰਿਕ ਵਾਹਨ ਨੀਤੀ 2019 ਨੂੰ ਲਾਗੂ ਕਰਦੇ ਹੋਏ ਆਦੇਸ਼ ਜਾਰੀ ਕੀਤੇ ਹਨ। ਇਲੈਕਟ੍ਰਿਕ ਵਾਹਨ ਨੀਤੀ ਤਹਿਤ 2030 ਤੱਕ 1000 ਇਲੈਕਟ੍ਰਿਕ ਬੱਸਾਂ ਚਲਾਈਆਂ ਜਾਣਗੀਆਂ।

ਕੈਬਨਿਟ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਉਦਯੋਗਿਕ ਵਿਕਾਸ ਵਿਭਾਗ ਨੇ ਪਿਛਲੀ 13 ਅਗਸਤ ਨੂੰ ਇਲੈਕਟ੍ਰਿਕ ਵਾਹਨ ਨੀਤੀ ਜਾਰੀ ਕੀਤੀ ਸੀ। ਪਹਿਲਾ ਪੜਾਅ 2020 ਤੱਕ 25 ਫੀਸਦੀ, ਦੂਜਾ ਪੜਾਅ 2022 ਤੱਕ 35 ਫੀਸਦੀ ਅਤੇ 2030 ਤੱਕ ਬਾਕੀ 40 ਫੀਸਦੀ ਇਲੈਕਟ੍ਰਿਕ ਬੱਸਾਂ ਚਲਣਗੀਆਂ। ਨੋਇਡਾ, ਗਾਜ਼ੀਆਬਾਦ, ਲਖਨਊ, ਪ੍ਰਯਾਗਰਾਜ, ਮਥੁਰਾ, ਕਾਨਪੁਰ, ਮੇਰਠ, ਆਗਰਾ, ਗੋਰਖਪੁਰ ਅਤੇ ਵਾਰਾਣਸੀ 10 ਮੈਟਰੋ ਸ਼ਹਿਰਾਂ ’ਚ ਇਲੈਕਟ੍ਰਿਕ ਵਾਹਨ ਚਲਾਏ ਜਾਣਗੇ। ਇਲੈਕਟ੍ਰਿਕ ਬੱਸਾਂ ਨੂੰ ਪਾਇਲਟ ਪ੍ਰਾਜੈਕਟ ਦੇ ਤੌਰ ’ਤੇ ਸਭ ਤੋਂ ਪਹਿਲਾਂ ਨੋਇਡਾ ’ਚ ਚਲਾਇਆ ਜਾਵੇਗਾ। ਇਨ੍ਹਾਂ 10 ਸ਼ਹਿਰਾਂ ’ਚ 70 ਫੀਸਦੀ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਕੀਤੀ ਜਾਵੇਗੀ।


Related News