ਮਹਿੰਗਾਈ ਤੋਂ ਵੀ ਘੱਟ ਰਿਟਰਨ ਦੇ ਰਿਹੈ ਰਿਅਲ ਅਸਟੇਟ, ਨਿਵੇਸ਼ਕਾਂ ਨੂੰ ਲੱਗਾ ਝਟਕਾ

Wednesday, Oct 07, 2020 - 11:30 PM (IST)

ਨਵੀਂ ਦਿੱਲੀ– ਇਕ ਦਹਾਕੇ ਪਹਿਲਾਂ ਰਿਅਲ ਅਸਟੇਟ ’ਚ ਕੀਮਤਾਂ ਅਸਮਾਨ ਛੂਹ ਰਹੀਆਂ ਸਨ। ਹਰ ਰੋਜ਼ ਕਈ ਯੋਜਨਾਵਾਂ ਪੇਸ਼ ਕੀਤੀਆਂ ਜਾ ਰਹੀਆਂ ਸਨ। ਮੋਟੇ ਰਿਟਰਨ ਲਈ ਨਿਵੇਸ਼ਕ ਵੀ ਖੂਬ ਇਸ ’ਚ ਪੈਸਾ ਲਗਾ ਰਹੇ ਸਨ ਪਰ ਪਿਛਲੇ 10 ਸਾਲ ’ਚ ਸਥਿਤੀ ਬਿਲਕੁਲ ਉਲਟ ਹੋ ਗਈ ਹੈ। ਇਸ ਮਿਆਦ ’ਚ 11 ਫੀਸਦੀ ਦੇ ਕਰੀਬ ਰਿਟਰਨ ਮਿਲਿਆ ਹੈ। ਜਦੋਂ ਕਿ ਪਿਛਲੇ 5 ਸਾਲ ’ਚ ਇਸ ’ਚ 5.5 ਫੀਸਦੀ ਦਾ ਔਸਤ ਰਿਟਰਨ ਮਿਲਿਆ ਹੈ। ਉੱਥੇ ਹੀ ਦਿੱਲੀ-ਕੋਲਕਾਤਾ ਸਮੇਤ ਕੁਝ ਵੱਡੇ ਸ਼ਹਿਰਾਂ ’ਚ ਰਿਟਰਨ 1.5 ਫੀਸਦੀ ਦੇ ਕਰੀਬ ਰਿਹਾ ਹੈ। ਅਜਿਹੇ ’ਚ ਹੁਣ ਰਿਅਲ ਅਸਟੇਟ ’ਚ ਨਿਵੇਸ਼ ਘਾਟੇ ਦਾ ਸੌਦਾ ਬਣ ਗਿਆ ਹੈ।

ਮਹਿੰਗਾਈ ਤੋਂ ਵੀ ਘੱਟ ਰਿਟਰਨ-
ਮੌਜੂਦਾ ਸਮੇਂ ’ਚ ਪ੍ਰਚੂਨ ਮਹਿੰਗਾਈ 6 ਫੀਸਦੀ ਤੋਂ ਉੱਪਰ ਹੈ ਜਦੋਂ ਕਿ ਪਿਛਲੇ 5 ਸਾਲ ’ਚ ਰਿਅਲ ਅਸਟੇਟ ’ਚ ਰਿਟਰਨ 5.5 ਫੀਸਦੀ ਹੈ। ਅਜਿਹੇ ’ਚ ਦੇਖਿਆ ਜਾਵੇ ਤਾਂ ਰਿਅਲ ਅਸਟੇਟ ’ਚ ਮਹਿੰਗਾਈ ਦੀ ਤੁਲਨਾ ’ਚ ਕਰੀਬ ਅੱਧਾ ਫੀਸਦੀ ਦਾ ਨੁਕਸਾਨ ਹੈ। ਮਾਹਰਾਂ ਦਾ ਕਹਿਣਾ ਹੈ ਕਿ ਕਿਸੇ ਵੀ ਬਦਲ ’ਚ ਨਿਵੇਸ਼ ਤੋਂ ਪਹਿਲਾਂ ਇਹ ਜ਼ਰੂਰ ਦੇਖਣਾ ਚਾਹੀਦਾ ਹੈ ਕਿ ਮਹਿੰਗਾਈ ਦੀ ਤੁਲਨਾ ’ਚ ਉਸ ’ਚ ਕਿੰਨਾ ਰਿਟਰਨ ਮਿਲਿਆ ਹੈ। ਜੇ ਮਹਿੰਗਾਈ ਦੇ ਬਰਾਬਰ ਰਿਟਰਨ ਹੈ ਯਾਨੀ ਤੁਹਾਨੂੰ ਕੋਈ ਫਾਇਦਾ ਨਹੀਂ ਹੋ ਰਿਹਾ, ਜਦੋਂ ਕਿ ਉਸ ਤੋਂ ਘੱਟ ਰਿਟਰਨ ਦਾ ਮਤਲਬ ਹੋਇਆ ਕਿ ਉਸ ਨਿਵੇਸ਼ ’ਤੇ ਤੁਹਾਡੀ ਜੇਬ ’ਚੋਂ ਪੈਸਾ ਖਰਚ ਹੋ ਰਿਹਾ ਹੈ।

10 ਸਾਲ ’ਚ ਲਖਨਊ ’ਚ ਸਭ ਤੋਂ ਵੱਧ ਰਿਟਰਨ
ਜੂਨ 2010 ਤੋਂ ਜੂਨ 2020 ਦੀ ਮਿਆਦ ’ਚ ਦੇਸ਼ ਦੇ ਚੋਟੀ ਦੇ 10 ਸ਼ਹਿਰਾਂ ’ਚ ਔਸਤ ਰਿਟਰਨ 11.6 ਫੀਸਦੀ ਮਿਲਿਆ ਹੈ। ਇਸ ਮਿਆਦ ’ਚ ਲਖਨਊ ’ਚ 16.1 ਫੀਸਦੀ ਦਾ ਰਿਟਰਨ ਮਿਲਿਆ ਹੈ। ਇਸ ਤੋਂ ਬਾਅਦ ਕੋਲਕਾਤਾ ’ਚ 13.3 ਅਤੇ ਦਿੱਲੀ ’ਚ 12.2 ਫੀਸਦੀ ਦਾ ਰਿਟਰਨ ਮਿਲਿਆ ਹੈ। ਉਥੇ ਹੀ ਮੁੰਬਈ ’ਚ 11.2 ਫੀਸਦੀ ਦਾ ਰਿਟਰਨ ਮਿਲਿਆ ਹੈ। ਇਸ ਸੂਚੀ ’ਚ ਜੈਪੁਰ ਸਭ ਤੋਂ ਹੇਠਲੇ ਸਥਾਨ ’ਤੇ ਹੈ ਜਿਥੇ ਰਿਅਲ ਅਸਟੇਟ ’ਚ ਇਸ ਮਿਆਦ ’ਚ ਸਿਰਫ 6.1 ਫੀਸਦੀ ਦਾ ਰਿਟਰਨ ਮਿਲਿਆ ਹੈ।

ਰਿਟਰਨ ’ਚ ਦਿੱਲੀ ਸਭ ਤੋਂ ਪਿੱਛੇ
ਸਾਲ 2015 ਤੋਂ 2020 ਦਰਮਿਆਨ ਦਿੱਲੀ ’ਚ ਰਿਲਅ ਅਸਟੇਟ ’ਚ ਜਿਨ੍ਹਾਂ ਲੋਕਾਂ ਨੇ ਪੈਸਾ ਲਗਾਇਆ ਹੈ, ਉਨ੍ਹਾਂ ਨੂੰ ਝਟਕਾ ਲੱਗਾ ਹੈ। ਇਸ ਮਿਆਦ ’ਚ 10 ਸ਼ਹਿਰਾਂ ’ਚ ਔਸਤ ਰਿਟਰਨ 5.5 ਫੀਸਦੀ ਰਿਹਾ ਹੈ ਜਦੋਂ ਕਿ ਇਸ ਮਿਆਦ ’ਚ ਦਿੱਲੀ ਦੇ ਰਿਅਲ ਅਸਟੇਟ ਨੇ ਸਿਰਫ 1.5 ਫੀਸਦੀ ਰਿਟਰਨ ਦਿੱਤਾ ਹੈ। ਜੇ ਮਹਿੰਗਾਈ ਨਾਲ ਇਸ ਦੀ ਤੁਲਨਾ ਕਰੀਏ ਤਾਂ ਨਿਵੇਸ਼ਕਾਂ ਨੂੰ ਕਰੀਬ 4.5 ਫੀਸਦੀ ਦਾ ਨੁਕਸਾਨ ਹੋਇਆ ਹੈ। ਉਥੇ ਹੀ ਕੋਲਕਾਤਾ ’ਚ ਨਿਵੇਸ਼ਕਾਂ ਨੂੰ ਸਿਰਫ 3.2 ਫੀਸਦੀ ਦਾ ਰਿਟਰਨ ਮਿਲਿਆ ਹੈ।
 


Sanjeev

Content Editor

Related News