ਆਰਬੀਆਈ ਨੇ ਡਿਪਟੀ ਗਵਰਨਰ ਦੇ ਵਿਭਾਗਾਂ ''ਚ ਕੀਤਾ ਫੇਰਬਦਲ, ਪੂਨਮ ਗੁਪਤਾ ਨੂੰ ਮਿਲੀਆਂ ਇਹ ਜ਼ਿੰਮੇਵਾਰੀਆਂ
Friday, May 02, 2025 - 03:53 PM (IST)

ਮੁੰਬਈ: ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਸ਼ੁੱਕਰਵਾਰ ਨੂੰ ਆਪਣੇ ਡਿਪਟੀ ਗਵਰਨਰ ਵਿਭਾਗਾਂ 'ਚ ਫੇਰਬਦਲ ਕੀਤਾ। ਹਾਲ ਹੀ 'ਚ ਅਹੁਦਾ ਸੰਭਾਲਣ ਵਾਲੀ ਪੂਨਮ ਗੁਪਤਾ ਨੂੰ ਮੁੱਖ ਮੁਦਰਾ ਨੀਤੀ ਵਿਭਾਗ ਦਾ ਚਾਰਜ ਦਿੱਤਾ ਗਿਆ ਹੈ। ਆਰਬੀਆਈ ਦੇ ਚਾਰ ਡਿਪਟੀ ਗਵਰਨਰ ਹਨ। ਕੇਂਦਰੀ ਬੈਂਕ ਨੇ ਗੁਪਤਾ ਦੇ ਡਿਪਟੀ ਗਵਰਨਰ ਨਿਯੁਕਤ ਹੋਣ ਅਤੇ ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਦੇ ਵਿਭਾਗਾਂ 'ਚ ਫੇਰਬਦਲ ਕੀਤਾ। ਪੂਨਮ ਗੁਪਤਾ ਨੂੰ ਮੁਦਰਾ ਨੀਤੀ, ਕਾਰਪੋਰੇਟ ਰਣਨੀਤੀ ਅਤੇ ਬਜਟ, ਸੰਚਾਰ ਅਤੇ ਵਿੱਤੀ ਸਥਿਰਤਾ ਸਮੇਤ ਸੱਤ ਹੋਰ ਵਿਭਾਗਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਐਮ. ਰਾਜੇਸ਼ਵਰ ਰਾਓ ਛੇ ਵਿਭਾਗਾਂ ਦਾ ਚਾਰਜ ਸੰਭਾਲਣਗੇ, ਜਿਨ੍ਹਾਂ 'ਚ ਤਾਲਮੇਲ, ਨਿਯਮਨ, ਲਾਗੂਕਰਨ ਅਤੇ ਜੋਖਮ ਨਿਗਰਾਨੀ ਸ਼ਾਮਲ ਹਨ। ਡਿਪਟੀ ਗਵਰਨਰ ਟੀ. ਰਵੀ ਸ਼ੰਕਰ 12 ਵਿਭਾਗਾਂ ਦਾ ਚਾਰਜ ਸੰਭਾਲਣਗੇ। ਇਨ੍ਹਾਂ ਵਿੱਚ ਕੇਂਦਰੀ ਸੁਰੱਖਿਆ ਸੈੱਲ, ਸੂਚਨਾ ਤਕਨਾਲੋਜੀ, ਭੁਗਤਾਨ ਅਤੇ ਬੰਦੋਬਸਤ ਪ੍ਰਣਾਲੀ, ਵਿਦੇਸ਼ੀ ਮੁਦਰਾ ਵਿਭਾਗ ਅਤੇ ਵਿੱਤੀ ਤਕਨਾਲੋਜੀ ਆਦਿ ਸ਼ਾਮਲ ਹਨ। ਸਵਾਮੀਨਾਥਨ ਜਨਕਿਰਮਨ ਨੂੰ ਖਪਤਕਾਰ ਸਿੱਖਿਆ, ਨਿਗਰਾਨੀ, ਨਿਰੀਖਣ ਅਤੇ ਚਾਰ ਹੋਰ ਵਿਭਾਗਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਆਰਬੀਆਈ ਦੇ ਚਾਰਾਂ ਡਿਪਟੀ ਗਵਰਨਰਾਂ ਨੇ ਸ਼ੁੱਕਰਵਾਰ ਤੋਂ ਆਪਣੇ ਵਿਭਾਗਾਂ ਦਾ ਚਾਰਜ ਸੰਭਾਲ ਲਿਆ।