RBI ਦਾ ਵੱਡਾ ਫੈਸਲਾ, ਨਹੀਂ ਹੋਵੇਗਾ ਇੰਡੀਆਬੁਲਸ ਹਾਊਸਿੰਗ ਅਤੇ ਲਕਸ਼ਮੀ ਵਿਲਾਸ ਬੈਂਕ ਦਾ ਰਲੇਵਾਂ
Thursday, Oct 10, 2019 - 11:00 AM (IST)

ਨਵੀਂ ਦਿੱਲੀ—ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਪ੍ਰਤੀਬੰਧਾਂ ਨੂੰ ਝੇਲ ਰਹੇ ਪ੍ਰਾਈਵੇਟ ਸੈਕਟਰ ਦੇ ਲਕਸ਼ਮੀ ਵਿਲਾਸ ਬੈਂਕ ਨੂੰ ਵੱਡਾ ਝਟਕਾ ਲੱਗਿਆ ਹੈ। ਦਰਅਸਲ ਆਰ.ਬੀ.ਆਈ. ਨੇ ਇੰਡੀਆਬੁਲਸ ਹਾਊਸਿੰਗ ਫਾਈਨੈਂਸ ਦੇ ਲਕਸ਼ਮੀ ਵਿਲਾਸ ਬੈਂਕ 'ਚ ਰਲੇਵੇਂ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ।
ਰਿਜ਼ਰਵ ਬੈਂਕ ਨੇ ਰੱਦ ਕੀਤਾ ਪ੍ਰਸਤਾਵ
ਬੈਂਕ ਨੇ ਸ਼ੇਅਰ ਬਾਜ਼ਾਰ ਨੂੰ ਬੁੱਧਵਾਰ ਨੂੰ ਦਿੱਤੀ ਗਈ ਸੂਚਨਾ 'ਚ ਕਿਹਾ ਕਿ ਆਰ.ਬੀ.ਆਈ. ਨੇ 9 ਅਕਤੂਬਰ 2019 ਨੂੰ ਆਪਣੇ ਪੱਤਰ ਦੇ ਰਾਹੀਂ ਇਹ ਸੂਚਿਤ ਕੀਤਾ ਹੈ ਕਿ ਇੰਡੀਆਬੁਲਸ ਹਾਊਸਿੰਗ ਫਾਈਨੈਂਸ ਲਿਮਟਿਡ ਅਤੇ ਇੰਡੀਆਬੁਲਸ ਕਮਰਸ਼ੀਅਲ ਕ੍ਰੈਡਿਟ ਲਿਮਟਿਡ ਦੇ ਲਕਸ਼ਮੀ ਵਿਕਾਸ ਬੈਂਕ (ਐੱਲ.ਵੀ.ਬੀ.) ਦੇ ਨਾਲ ਰਲੇਵੇਂ ਦੀ ਅਰਜ਼ੀ ਨੂੰ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ। ਬੈਂਕ ਨੇ ਸੱਤ ਮਈ 2019 ਨੂੰ ਪ੍ਰਸਤਾਵਿਤ ਰਲੇਵੇਂ ਦੇ ਬਾਰੇ 'ਚ ਰਿਜ਼ਰਵ ਬੈਂਕ ਤੋਂ ਮਨਜ਼ੂਰੀ ਮੰਗੀ ਸੀ।
ਬੈਂਕ 'ਤੇ ਲਗਾਈ ਪਾਬੰਦੀ
ਜ਼ਿਆਦਾ ਮਾਤਰਾ 'ਚ ਫਸੇ ਕਰਜ਼, ਜੋਖਮ ਪ੍ਰਬੰਧਨ ਲਈ ਪੂਰੀ ਪੂੰਜੀ ਦੀ ਕਮੀ ਅਤੇ ਲਗਾਤਾਰ ਦੋ ਸਾਲ ਸੰਪਤੀਆਂ 'ਤੇ ਨਾ-ਪੱਖੀ ਰਿਟਰਨ ਨੂੰ ਦੇਖਦੇ ਹੋਏ ਪਿਛਲੇ ਮਹੀਨੇ ਇਸ ਬੈਂਕ ਨੂੰ ਤੱਤਕਾਲ ਸੁਧਾਰਤਮਕ ਕਾਰਵਾਈ (ਪੀ.ਸੀ.ਏ.) ਦੇ ਅੰਤਰਗਤ ਰੱਖਿਆ ਗਿਆ ਹੈ ਅਤੇ ਇਸ 'ਤੇ ਕਰਜ਼ ਦੇਣ ਦੀ ਪਾਬੰਦੀ ਲਗਾ ਦਿੱਤੀ ਗਈ ਹੈ। ਪੀ.ਸੀ.ਏ. ਫ੍ਰੇਮਵਰਕ 'ਚ ਪਾਏ ਜਾਣ ਦਾ ਮਤਲਬ ਇਹ ਹੋਇਆ ਕਿ ਲਕਸ਼ਮੀ ਵਿਲਾਸ ਬੈਂਕ ਨਾ ਤਾਂ ਨਵੇਂ ਕਰਜ਼ ਦੇ ਸਕਦਾ ਹੈ ਅਤੇ ਨਾ ਹੀ ਨਹੀਂ ਬ੍ਰਾਂਚ ਖੋਲ੍ਹ ਸਕਦਾ ਹੈ।
ਦਿੱਲੀ ਪੁਲਸ ਨੇ ਦਰਜ ਕੀਤਾ ਮਾਮਲਾ
ਦੇਸ਼ ਦੇ ਪ੍ਰਮੁੱਖ ਨਿੱਜੀ ਬੈਂਕ 'ਚ ਸ਼ਾਮਲ ਲਕਸ਼ਮੀ ਵਿਲਾਸ ਬੈਂਕ ਦੇ ਨਿਰਦੇਸ਼ਕਾਂ ਦੇ ਖਿਲਾਫ ਦਿੱਲੀ ਪੁਲਸ ਦੀ ਆਰਥਿਕ ਅਪਰਾਧ ਬ੍ਰਾਂਚ ਨੇ 760 ਕਰੋੜ ਦਾ ਘਪਲਾ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਸੀ। ਇਹ ਮਾਮਲਾ ਪੁਲਸ ਨੇ ਵਿੱਤੀ ਸੇਵਾ ਕੰਪਨੀ ਰੈਲੀਗੇਅਰ ਫਿਨਵੇਸਟ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਕੀਤਾ ਹੈ। ਸ਼ਿਕਾਇਤ 'ਚ ਰੈਲੀਗੇਅਰ ਨੇ ਕਿਹਾ ਕਿ ਉਸ ਨੇ 790 ਕਰੋੜ ਰੁਪਏ ਦੀ ਇਕ ਐੱਫ.ਡੀ. ਬੈਂਕ 'ਚ ਕੀਤੀ ਸੀ ਜਿਸ 'ਚ ਹੇਰਾਫੇਰੀ ਕੀਤੀ ਗਈ ਹੈ। ਪੁਲਸ ਨੇ ਕਿਹਾ ਕਿ ਸ਼ੁਰੂਆਤੀ ਜਾਂਚ 'ਚ ਅਜਿਹਾ ਲੱਗ ਰਿਹਾ ਹੈ ਕਿ ਪੈਸਿਆਂ 'ਚ ਹੇਰਾਫੇਰੀ ਪੂਰੀ ਯੋਜਨਾਬੱਧ ਤਰੀਕੇ ਨਾਲ ਕੀਤੀ ਗਈ ਹੈ। ਫਿਲਹਾਲ ਪੁਲਸ ਨੇ ਬੈਂਕ ਦੇ ਨਿਰਦੇਸ਼ਕਾਂ ਦੇ ਖਿਲਾਫ ਧੋਖਾਧੜੀ, ਵਿਸ਼ਵਾਸਘਾਤ, ਹੇਰਾਫੇਰੀ ਅਤੇ ਸਾਜ਼ਿਸ਼ ਦਾ ਮਾਮਲਾ ਦਰਜ ਕੀਤਾ ਹੈ।