RBI ਨੇ 18 ਦੇਸ਼ਾਂ ਦੇ ਬੈਂਕਾਂ ਨੂੰ ਰੁਪਏ ’ਚ ਵਪਾਰ ਕਰਨ ਦੀ ਦਿੱਤੀ ਇਜਾਜ਼ਤ
Friday, Mar 17, 2023 - 02:22 AM (IST)
ਜਲੰਧਰ (ਇੰਟ.) : ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ 18 ਦੇਸ਼ਾਂ ਦੇ ਬੈਂਕਾਂ ਨੂੰ ਰੁਪਏ ’ਚ ਕੌਮਾਂਤਰੀ ਵਪਾਰ ਨੂੰ ਨਿਪਟਾਉਣ ਲਈ ਵੋਸਟ੍ਰੋ ਖਾਤੇ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਹੈ। ਰਾਜ ਸਭਾ ’ਚ ਇਕ ਸਵਾਲ ਦੇ ਜਵਾਬ ’ਚ ਵਿੱਤ ਰਾਜ ਮੰਤਰੀ ਭਾਗਵਤ ਕਰਾਡ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੇਂਦਰੀ ਬੈਂਕ ਨੇ ਘਰੇਲੂ ਅਤੇ ਅਧਿਕਾਰਤ ਵਿਦੇਸ਼ੀ ਬੈਂਕਾਂ ਨੂੰ ‘ਵਿਸ਼ੇਸ਼ ਰੁਪਇਆ ਵੋਸਟ੍ਰੋ ਖਾਤੇ’ ਖੋਲ੍ਹਣ ਲਈ ਹੁਣ ਤੱਕ ਕੁੱਲ 60 ਮਨਜ਼ੂਰੀਆਂ ਦਿੱਤੀਆਂ ਹਨ।
ਉਨ੍ਹਾਂ ਨੇ ਕਿਹਾ ਕਿ 18 ਦੇਸ਼ਾਂ ਦੇ ਬੈਂਕਾਂ ’ਚ ਬੋਤਸਵਾਨਾ, ਫਿਜੀ, ਜਰਮਨੀ, ਗੁਆਨਾ, ਇਜ਼ਰਾਈਲ, ਕੇਨਯਾ, ਮਲੇਸ਼ੀਆ, ਮਾਰੀਸ਼ਸ, ਮਿਆਂਮਾਰ, ਨਿਊਜ਼ੀਲੈਂਡ, ਓਮਾਨ, ਰੂਸ, ਸੈਸ਼ੇਲਸ, ਸਿੰਗਾਪੁਰ, ਸ਼੍ਰੀਲੰਕਾ, ਤੰਜਾਨੀਆ, ਯੁਗਾਂਡਾ ਅਤੇ ਯੂਨਾਈਟੇਡ ਕਿੰਗਡਮ ਸ਼ਾਮਲ ਹਨ। ਭਾਰਤੀ ਕੇਂਦਰੀ ਬੈਂਕ ਨੇ ਜੁਲਾਈ 2022 ’ਚ ਰੁਪਏ ਦੇ ਕੌਮਾਂਤਰੀ ਵਪਾਰ ਨੂੰ ਵਿਵਸਥਿਤ ਕਰਨ ਲਈ ਇਕ ਸਿਸਟਮ ਸਥਾਪਿਤ ਕਰਨ ਦਾ ਐਲਾਨ ਕੀਤਾ ਹੈ। ਵਿੱਤ ਰਾਜ ਮੰਤਰੀ ਨੇ ਕਿਹਾ ਕਿ ਇਸ ਵਿਵਸਥਾ ਦੇ ਤਹਿਤ ਸਾਰੇ ਐਕਸਪੋਰਟ ਅਤੇ ਇੰਪੋਰਟ ਰੁਪਏ ਰਾਹੀਂ ਕੀਤੇ ਜਾ ਸਕਦੇ ਹਨ।