ਮਹਿੰਗਾਈ ’ਚ ਨਰਮੀ ’ਤੇ ਨਿਰਭਰ ਕਰੇਗੀ ਨੀਤੀਗਤ ਦਰ ’ਚ ਕਟੌਤੀ : ਦਾਸ
Friday, Oct 23, 2020 - 11:28 PM (IST)
ਮੁੰਬਈ–ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਨੀਤੀਗਤ ਦਰ ’ਚ ਕਟੌਤੀ ਦੀ ਗੁੰਜਾਇਸ਼ ਹੈ ਪਰ ਇਸ ਦਿਸ਼ਾ ’ਚ ਅੱਗੇ ਕਦਮ ਮਹਿੰਗਾਈ ਦੇ ਮੋਰਚੇ ’ਤੇ ਉਭਰਦੀ ਸਥਿਤੀ ’ਤੇ ਨਿਰਭਰ ਕਰੇਗਾ ਜੋ ਫਿਲਹਾਲ ਕੇਂਦਰੀ ਬੈਂਕ ਦੇ ਸੰਤੁਸ਼ਟੀ ਭਰਪੂਰ ਪੱਧਰ ਤੋਂ ਉੱਪਰ ਚੱਲ ਰਹੀ ਹੈ।
ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵਲੋਂ ਮੁਦਰਾ ਨੀਤੀ ਸਮਿਤੀ (ਐੱਮ. ਪੀ. ਸੀ.) ਦੀ ਬੈਠਕ ਦੇ ਜਾਰੀ ਵੇਰਵੇ ਮੁਤਾਬਕ ਗਵਰਨਰ ਨੇ ਕਿਹਾ ਕਿ ਮੇਰਾ ਇਹ ਮੰਨਣਾ ਹੈ ਕਿ ਜੇ ਮਹਿੰਗਾਈ ਸਾਡੀਆਂ ਉਮੀਦਾਂ ਮੁਤਾਬਕ ਰਹਿੰਦੀ ਹੈ ਤਾਂ ਭਵਿੱਖ ’ਚ ਨੀਤੀਗਤ ਦਰ ’ਚ ਕਟੌਤੀ ਦੀ ਸੰਭਾਵਨਾ ਹੋਵੇਗੀ। ਇਸ ਗੁੰਜਾਇਸ਼ ਦੀ ਵਰਤੋਂ ਆਰਥਿਕ ਵਾਧੇ ’ਚ ਸੁਧਾਰ ਨੂੰ ਬਲ ਦੇਣ ਲਈ ਸੋਚ-ਸਮਝ ਕੇ ਕਰਨ ਦੀ ਲੋੜ ਹੈ।
ਪੁਨਰਗਠਿਤ ਐੱਮ. ਪੀ. ਸੀ. ਦੀ ਬੈਠਕ ਇਸ ਮਹੀਨੇ ਦੀ ਸ਼ੁਰੂਆਤ ’ਚ 7 ਤੋਂ 9 ਅਕਤੂਬਰ ਦੌਰਾਨ ਹੋਈ। ਸਮਿਤੀ ਨੇ ਪ੍ਰਚੂਨ ਮਹਿੰਗਾਈ ’ਚ ਤੇਜ਼ੀ ਨੂੰ ਦੇਖਦੇ ਹੋਏ ਨੀਤੀਗਤ ਦਰ ਨੂੰ ਜਿਉਂ ਦੀ ਤਿਉਂ ਰੱਖਣ ਦਾ ਫੈਸਲਾ ਕੀਤਾ।
ਦਾਸ ਨੇ ਕਿਹਾ ਕਿ 2020-21 ਦੀ ਪਹਿਲੀ ਤਿਮਾਹੀ ’ਚ ਆਰਥਿਕ ਸਰਗਰਮੀਆਂ ’ਚ ਤੇਜ਼ ਗਿਰਾਵਟ ਤੋਂ ਬਾਅਦ ਦੂਜੀ ਤਿਮਾਹੀ ’ਚ ਆਰਥਿਕ ਸਰਗਰਮੀਆਂ ਦੀ ਸਥਿਤੀ ਬਾਰੇ ਸੰਕੇਤ ਦੇਣ ਵਾਲੇ ਅਹਿਮ ਅੰਕੜੇ (ਪੀ. ਐੱਮ. ਆਈ., ਬਰਾਮਦ, ਬਿਜਲੀ ਖਪਤ ਆਦਿ) ਸਥਿਤੀ ’ਚ ਸੁਧਾਰ ਦਾ ਇਸ਼ਾਰਾ ਕਰਦੇ ਹਨ।